ਹੈਪੀ ਬਾਜਵਾ ਖ਼ੁਦਕੁਸ਼ੀ ਮਾਮਲੇ ''ਚ ਨਵਾਂ ਮੋੜ, ਪ੍ਰੀਤਮ ਸਿੰਘ ਦੀ ਪਤਨੀ ਨੇ ਸਿੱਧੂ ਤੇ ਕੈਪਟਨ ਤੋਂ ਕੀਤੀ ਇਹ ਮੰਗ
Saturday, Aug 07, 2021 - 11:47 AM (IST)
ਮੁੱਲਾਂਪੁਰ ਦਾਖਾ (ਜ.ਬ.) : ਹੈਪੀ ਬਾਜਵਾ ਖ਼ੁਦਕੁਸ਼ੀ ਮਾਮਲੇ ’ਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਇਸ ਕੇਸ 'ਚ ਕਤਲ ਦੇ ਪਰਚੇ ਦਾ ਸਾਹਮਣਾ ਕਰ ਰਹੇ ਪ੍ਰੀਤਮ ਸਿੰਘ ਜਾਂਗਪੁਰ ਪਤਨੀ ਹਰਜੀਤ ਕੌਰ ਵੱਲੋਂ ਮੀਡੀਆ ਅੱਗੇ ਪੇਸ਼ ਹੋਈ। ਹਰਜੀਤ ਕੌਰ ਨੇ ਆਪਣੇ ਪਰਿਵਾਰ ਦੇ ਟਕਸਾਲੀ ਕਾਂਗਰਸੀ ਹੋਣ ਦਾ ਸਬੂਤ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸਥਾਨਕ ਕਸਬੇ ਅੰਦਰ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 40 ਸਾਲ ਤੋਂ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੰਮ ਕਰ ਰਿਹਾ ਹੈ ਪਰ ਮੌਜੂਦਾ ਸਮੇਂ ਸਾਨੂੰ ਸਾਜ਼ਿਸ਼ ਤਹਿਤ ਕਾਂਗਰਸ ਵਿਰੋਧੀ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਦੋਂ ਕਿ ਸਾਡਾ ਪਰਿਵਾਰ ਅੱਜ ਵੀ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਸਾਡੀ ਇਕਲੌਤੀ ਧੀ ਜਿੱਥੇ ਦੇਸ਼ ਦੀਆਂ ਸਰਹੱਦਾਂ 'ਤੇ ਦੁਸ਼ਮਣਾਂ ਨਾਲ ਲੜਨ ਲਈ ਹਿੱਕ ਡਾਹ ਕੇ ਖੜ੍ਹੀ ਹੈ, ਉਥੇ ਸਾਡੇ ਹੀ ਦੇਸ਼ ਅੰਦਰ ਸਾਨੂੰ ਇਨਸਾਫ਼ ਮੰਗਣ 'ਤੇ ਕਟਹਿਰੇ ’ਚ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਡੀਆ ਅੱਗੇ ਇਕ ਡਾਇਰੈਕਟਰੀ ਪੇਸ਼ ਕਰਦੇ ਹੋਏ ਕਿਹਾ ਕਿ 2013 ’ਚ ਛਪੀ ਇਹ ਡਾਇਰੈਕਟਰੀ ਪਿਛਲੇ 40 ਸਾਲ ਤੋਂ ਸਾਡੇ ਪਰਿਵਾਰ ਦੇ ਟਕਸਾਲੀ ਕਾਂਗਰਸੀ ਹੋਣ ਦਾ ਸਬੂਤ ਹੈ, ਜਿਸ ਵਿਚ ਸਾਫ਼ ਤੌਰ ’ਤੇ ਮੇਰੇ ਪਤੀ ਪ੍ਰੀਤਮ ਸਿੰਘ ਨੂੰ ਕਾਂਗਰਸੀ ਆਗੂ ਦੱਸਦੇ ਹੋਏ ਪਿਛਲੇ 32 ਸਾਲ ਤੋਂ ਕਾਂਗਰਸ ਦਾ ਵਫਾਦਾਰ ਸਿਪਾਹੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਬਾਰੇ ਲਿਖਿਆ ਹੋਇਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਕਾਂਗਰਸ ਨੂੰ ਝਟਕਾ, ਸਾਬਕਾ ਪ੍ਰਧਾਨ ਛਾਬੜਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ
ਹਰਜੀਤ ਕੌਰ ਨੇ ਸਵਾਲ ਕੀਤਾ ਕਿ ਆਪਣਾ ਹੱਕ ਲੈਣ ਲਈ ਪ੍ਰਸ਼ਾਸਨ ਕੋਲ ਜਾਣਾ ਕੀ ਗ਼ਲਤ ਹੈ? ਅਸੀਂ ਆਪਣਾ ਹੱਕ ਲੈਣ ਲਈ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਸੀ ਅਤੇ ਪੁਲਸ ਜਾਂਚ ਦੌਰਾਨ ਲਗਭਗ ਇਹ ਗੱਲ ਸਾਫ਼ ਹੋ ਗਈ ਸੀ ਕਿ ਹੈਪੀ ਬਾਜਵਾ ਵੱਲੋਂ ਸਾਡੇ ਪਲਾਟ ਉੱਪਰ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ, ਜਿਸ ਤੋਂ ਬਾਅਦ ਹੈਪੀ ਬਾਜਵਾ ਵੱਲੋਂ ਘਬਰਾਹਟ ’ਚ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਸਮੁੱਚੇ ਘਟਨਾਚੱਕਰ ਵਿਚ ਸਾਡਾ ਦੋਸ਼ ਸਿਰਫ਼ ਇਹ ਹੈ ਕਿ ਅਸੀਂ ਇਨਸਾਫ਼ ਲਈ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਪਰ ਕੁੱਝ ਲੋਕ ਸਾਨੂੰ ਇਸ ਮਾਮਲੇ ’ਚ ਜ਼ਬਰੀ ਉਲਝਾਉਣ ’ਤੇ ਤੁਲੇ ਹੋਏ ਹਨ।
ਇਹ ਵੀ ਪੜ੍ਹੋ : ਕੋਲਡ ਡ੍ਰਿੰਕ 'ਚ ਨਸ਼ਾ ਮਿਲਾ ਕੇ ਜਨਾਨੀ ਨਾਲ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕਰਦਾ ਰਿਹਾ ਬਲੈਕਮੇਲ
ਉਨ੍ਹਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਸਾਨੂੰ ਸਾਜ਼ਿਸ਼ ਤਹਿਤ ਕਾਂਗਰਸ ਪਾਰਟੀ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਸਾਡਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ, ਉਹ ਇਸ ਸਮੁੱਚੇ ਮਾਮਲੇ ਦੀ ਜ਼ਮੀਨੀ ਪੱਧਰ ’ਤੇ ਪੜਤਾਲ ਕਰਵਾਉਣ ਅਤੇ ਸਾਨੂੰ ਇਨਸਾਫ਼ ਦੇਣ। ਉਨ੍ਹਾਂ ਕਿਹਾ ਕਿ ਹੈਪੀ ਬਾਜਵਾ ਟਕਸਾਲੀ ਕਾਂਗਰਸੀ ਨਾ ਹੋ ਕੇ ਮਹਿਜ਼ ਮੌਕਾਪ੍ਰਸਤ ਕਾਂਗਰਸੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਦਾ ਅਸਲ ਹੱਕਦਾਰ ਸਾਡਾ ਪਰਿਵਾਰ ਹੈ ਨਾ ਕਿ ਹੈਪੀ ਬਾਜਵਾ ਦਾ ਪਰਿਵਾਰ ਕਿਉਂਕਿ ਹੈਪੀ ਬਾਜਵਾ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਸਾਡੇ ਪਲਾਟ ’ਤੇ ਕਬਜ਼ਾ ਕਰ ਰੱਖਿਆ ਹੈ ਅਤੇ ਹੁਣ ਸਾਨੂੰ ਗ਼ਲਤ ਢੰਗ ਨਾਲ ਮੁਕੱਦਮੇ ’ਚ ਵੀ ਉਲਝਾ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ