ਵਿਕਲਾਂਗ ਪ੍ਰਤੀ ਸਮਾਜ ਦੇ ਰਵਈਏ ਨੂੰ ਬਦਲਣ ਦੀ ਜ਼ਰੂਰਤ

Tuesday, Apr 28, 2020 - 01:09 PM (IST)

ਵਿਕਲਾਂਗ ਪ੍ਰਤੀ ਸਮਾਜ ਦੇ ਰਵਈਏ ਨੂੰ ਬਦਲਣ ਦੀ ਜ਼ਰੂਰਤ

ਪੂਜਾ ਸ਼ਰਮਾ                                                                                                  
ਲੈਕਚਰਾਰ (ਅੰਗ੍ਰੇਜ਼ੀ)

ਰਵੱਈਆ ਜਾਂ ਮਨੋਵਿਰਤੀ ਦਾ ਅਰਥ ਮਨ ਦੇ ਉਹ ਭਾਵ ਜਾਂ ਵਿਸ਼ਵਾਸ ਹਨ, ਜੋ ਦੱਸਦੇ ਹਨ ਕਿ ਵਿਅਕਤੀ ਕੀ ਮਹਿਸੂਸ ਕਰਦਾ ਹੈ। ਇਸ ਨੂੰ ਅਸੀਂ ਵਿਅਕਤੀ ਦੇ ਦ੍ਰਿਸ਼ਟੀਕੋਣ ਦੇ ਰੂਪ ਵਿਚ ਲੈ ਸਕਦੇ ਹਾਂ, ਜਿਸ ਕਾਰਣ ਉਹ ਕੁਝ ਵਿਅਕਤੀਆਂ, ਵਸਤੂਆਂ ਅਤੇ ਹਾਲਾਤਾਂ ਦੇ ਪ੍ਰਤੀ ਇਕ ਖਾਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ। ਇਹ ਸਕਾਰਾਤਮਕ ਜਾਂ ਨਕਾਰਾਤਮਕ ਦੋਵੇਂ ਤਰ੍ਹਾਂ ਦਾ ਹੋ ਸਕਦਾ ਹੈ। ਮਨੋਵਿਰਤੀ ਵਿਅਕਤੀ ਦੇ ਅਨੁਭਵਾਂ ਜਾਂ ਵਾਤਾਵਰਣ ਤੋਂ ਜਨਮ ਲੈਂਦੀ ਹੈ। ਇਹ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਦਾ ਹੀ ਸਰੂਪ ਹੈ। ਇਕ ਵਿਕਲਾਂਗ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਇਹ ਸ਼ਬਦ ਜੁੜਿਆ ਹੈ, ਕਿਉਂਕਿ ਲੋਕਾਂ ਦਾ ਵਿਕਲਾਂਗ ਪ੍ਰਤੀ ਰਵੱਈਆ ਹੀ ਉਸ ਦੇ ਜੀਵਨ ਵਿਚ ਰੁਕਾਵਟਾਂ ਪੈਦਾ ਕਰਦਾ ਹੈ ਜਾਂ ਉਨ੍ਹਾਂ ਨੂੰ ਦੂਰ ਕਰਦਾ ਹੈ। ਕਿਸੇ ਮਨੁੱਖ ਦੇ ਮਨੋਭਾਵ ਜਾਂ ਰਵੱਈਏ ਦਾ ਪ੍ਰਗਟੀਕਰਣ ਸ਼ਬਦਾਂ ਤੋਂ ਨਹੀਂ ਹੁੰਦਾ ਸਗੋਂ ਉਸ ਦੇ ਚਿਹਰੇ ਦੇ ਭਾਵ ਜਾਂ ਵਿਵਹਾਰ ਦੁਆਰਾ ਵੀ ਪ੍ਰਗਟ ਹੁੰਦਾ ਹੈ। ਇਕ ਵਿਕਲਾਂਗ ਪ੍ਰਤੀ ਇਕ ਮਨੁੱਖ ਦੀ ਤੁਰੰਤ ਪ੍ਰਤੀਕਿਰਿਆ ਦੱਸਦੀ ਹੈ ਕਿ ਉਹ ਇਕ ਵੱਖਰਾ ਇਨਸਾਨ ਹੈ, ਜਿਸ ਵਿਚ ਆਮ ਵਿਅਕਤੀ ਦੀ ਤੁਲਨਾ ਵਿਚ ਕੁਝ ਕਮੀ ਹੈ।

ਜੇਕਰ ਝਾਤ ਮਾਰਨ ’ਤੇ ਪਤਾ ਚਲਦਾ ਹੈ ਕਿ ਸਮਾਜ ਵਿਚ ਸਰੀਰਕ, ਮਾਨਸਿਕ ਜਾਂ ਬੌਧਿਕ ਰੂਪ ਵਿਚ ਵਿਕਲਾਂਗ ਵਿਅਕਤੀ ਦੇ ਪ੍ਰਤੀ ਲੋਕਾਂ ਦਾ ਰਵੱਈਆ ਇਹ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਉਤਸੁਕਤਾ ਹੁੰਦੀ ਹੈ, ਜਾਣਨ ਦੀ ਕਿ ਕਿਵੇਂ ਵਿਅਕਤੀ ਵਿਕਲਾਂਗ ਹੋਇਆ ਜਾਂ ਇਹ ਅਸਮਰਥਤਾ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ। ਆਮ ਮਨੁੱਖ ਵਿਕਲਾਂਗ ਉੱਤੇ ਦਇਆ ਕਰਦੇ ਹਨ, ਜਿਵੇਂ ਕਿ ਇਹ ਉਸ ਦੇ ਮਾੜੇ ਕਰਮ ਹਨ, ਜਿਸ ਦੀ ਉਸ ਨੂੰ ਸਜਾ ਮਿਲੀ ਹੈ। ਕੁਝ ਵਿਅਕਤੀ ਵਿਕਲਾਂਗ ਵਿਅਕਤੀ ਦੀ ਮੌਜੂਦਗੀ ਵਿਚ ਅਸਹਿਜ ਹੁੰਦੇ ਹਨ। ਕੁਝ ਉਨ੍ਹਾਂ ਤੋਂ ਘਿਰਣਾ ਕਰਦੇ ਹਨ ਅਤੇ ਉਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਜ਼ਿਆਦਾਤਰ ਲੋਕਾਂ ਦਾ ਵਿਵਹਾਰ ਉਨ੍ਹਾਂ ਪ੍ਰਤੀ ਉਦਾਸੀਨ ਅਤੇ ਨਫਰਤ ਭਰਿਆ ਹੁੰਦਾ ਹੈ। ਵਿਕਲਾਂਗ ਵਿਅਕਤੀ ਨੂੰ ਸਮਾਜਿਕ ਇਕੱਲੇਪਨ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਅਸੀਂ ਵਿਸਥਾਰ ਨਾਲ ਜਾਣਦੇ ਹਾਂ ਕਿ ਵਿਕਲਾਂਗ ਪ੍ਰਤੀ ਸਮਾਜ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ।

PunjabKesari

ਮਾਂ-ਬਾਪ ਇਕ ਬੱਚੇ ਦੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਦੀ ਵਿਕਲਾਂਗਤਾ ਬਾਰੇ ਪਤਾ ਚਲਦਾ ਹੈ ਅਸਹਿ ਦੁੱਖ ਦੇ ਨਾਲ-ਨਾਲ ਉਨ੍ਹਾਂ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਆਮ ਤੌਰ ’ਤੇ ਸੱਚਾਈ ਨੂੰ ਸਵੀਕਾਰ ਨਾ ਕਰਨਾ, ਖੁਦ ਨੂੰ ਦੋਸ਼ ਦੇਣਾ, ਤਰਸ ਦੀ ਭਾਵਨਾ, ਸ਼ਰਮਿੰਦਗੀ ਜਾਂ ਤਣਾਅ ਦੀ ਭਾਵਨਾ ਹੁੰਦੀ ਹੈ। ਵਿਕਲਾਂਗ ਬੱਚੇ ਦੀ ਮੌਜੂਦਗੀ ਉਨ੍ਹਾਂ ਦੇ ਤਣਾਅ ਨੂੰ ਵਧਾਉਂਦੀ ਹੈ। ਉਹ ਇਹ ਸੋਚਦੇ ਹਨ ਕਿ ਬੱਚੇ ਵਲੋਂ ਪਿਛਲੇ ਜਨਮ ਵਿਚ ਕੀਤੇ ਗਏ ਮਾੜੇ ਕਰਮ ਜਾਂ ਉਨ੍ਹਾਂ ਦੇ ਪਾਪ ਸਦਕਾ ਉਸ ਦੀ ਇਹ ਹਾਲਤ ਹੈ। ਕਦੇ-ਕਦੇ ਉਹ ਇਹ ਸੱਚ ਦਾ ਸਾਹਮਣਾ ਕਰਨ ਤੋਂ ਹੀ ਇਨਕਾਰੀ ਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਨੂੰ ਇਹ ਸਮੱਸਿਆ ਹੈ। ਬੱਚਾ ਆਪਣੇ ਮਾਂ-ਬਾਪ ਦੇ ਅਜੀਬ ਵਿਵਹਾਰ ਤੋਂ ਹੋਰ ਵੀ ਜ਼ਿਆਦਾ ਤਕਲੀਫ ਵਿਚ ਆ ਜਾਂਦਾ ਹੈ, ਜਦੋਂ ਉਸਦੇ ਬਜਾਏ ਉਸ ਦੇ ਭੈਣ-ਭਰਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਕਦੇ-ਕਦੇ ਕੁਝ ਮਾਂ-ਬਾਪ ਬੱਚੇ ਦੀ ਵੱਧ ਸੁਰੱਖਿਆ ਕਰਨ ਲੱਗ ਜਾਂਦੇ ਹਨ ਇਹ ਵੀ ਉਸਦੇ ਸਰਵਪੱਖੀ ਵਿਕਾਸ ਲਈ ਘਾਤਕ ਹੁੰਦਾ ਹੈ। ਇਕ ਵਿਕਲਾਂਗ ਬੱਚੇ ਕਾਰਣ ਉਨ੍ਹਾਂ ਦੀ ਵਿੱਤੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ। ਜੇਕਰ ਮਾਂ-ਬਾਪ ਵਿੱਤੀ ਰੂਪ ਵਿਚ ਸਮਰੱਥ ਹਨ ਤਾਂ ਬੱਚੇ ਪ੍ਰਤੀ ਉਨ੍ਹਾਂ ਦਾ ਰਵੱਈਆ ਸਕਾਰਾਤਮਕ ਹੁੰਦਾ ਹੈ, ਜੇ ਅਸਮਰਥ ਹੋਣ ਤਾਂ ਬੋਝ ਦੀ ਭਾਵਨਾ, ਉਨ੍ਹਾਂ ਅੰਦਰ ਪੈਦਾ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ 

ਪੜ੍ਹੋ ਇਹ ਵੀ ਖਬਰ - Freedom Writers : ਤੁਸੀਂ ਕੀ ਚੁਣੋਗੇ ਨਫ਼ਰਤ ਜਾਂ ਇਨਸਾਨੀਅਤ ?

ਪੜ੍ਹੋ ਇਹ ਵੀ ਖਬਰ - ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਚੋਟੀ ’ਤੇ

ਹਰ ਘਰ ਵਿਚ ਭੈਣ-ਭਰਾ ਇਕ ਬੱਚੇ ਦੇ ਵਿਅਕਤੀਤਵ ਨੂੰ ਨਿਖਾਰਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਾਸਤਵ ਵਿਚ ਭੈਣ-ਭਰਾ ਨਾਲ ਬੱਚੇ ਦਾ ਸਬੰਧ ਪਹਿਲਾ ਸਮਾਜਕ ਨੈਟਵਰਕ ਹੈ। ਇਸ ਦੇ ਅਧਾਰ ’ਤੇ ਉਹ ਘਰ ਤੋਂ ਬਾਹਰ ਲੋਕਾਂ ਨਾਲ ਜੁੜਦਾ ਹੈ। ਆਮ ਤੌਰ ’ਤੇ ਭੈਣ-ਭਰਾ ਦਾ ਰਵੱਈਆ ਵਿਕਲਾਂਗ ਪ੍ਰਤੀ ਪਿਆਰ ਅਤੇ ਹਮਦਰਦੀ ਭਰਿਆ ਹੁੰਦਾ ਹੈ। ਘਰ ਵਿਚ ਵਿਕਲਾਂਗ ਭੈਣ-ਭਰਾ ਦਾ ਹੋਣਾ ਇਕ ਸਿਹਤਮੰਦ ਬੱਚੇ ਦੇ ਮਨ ’ਤੇ ਡੂੰਘਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਸਿਹਤਮੰਦ ਬੱਚੇ ਦੇ ਮਨ ਵਿਚ ਕਈ ਸਕਾਰਾਤਮਕ ਪ੍ਰਵਿਰਤੀਆਂ ਪੈਦਾ ਹੁੰਦੀਆਂ ਹਨ, ਜਿਵੇਂ ਉਸ ਵਿਚ ਹਮਦਰਦੀ ਅਤੇ ਪਰਉਪਕਾਰ ਦੀ ਭਾਵਨਾ ਵੱਧ ਜਾਂਦੀ ਹੈ, ਉਸ ਵਿਚ ਵੱਧ ਪਰਿਪੱਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਫਿਰ ਵੀ ਘਰ ਵਿਚ ਮਾਂ-ਬਾਪ ਦਾ ਵਿਕਲਾਂਗ ਬੱਚੇ ਪ੍ਰਤੀ ਰਵੱਈਆ ਉਸ ਦੇ ਵਿਵਹਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਰਿਸ਼ਤੇਦਾਰ ਆਮ ਤੌਰ ’ਤੇ ਵਿਕਲਾਂਗ ਬੱਚੇ ਪ੍ਰਤੀ ਦਇਆ ਦਿਖਾਉਂਦੇ ਹਨ ਅਤੇ ਉਸ ਦੇ ਭਵਿੱਖ ਨੂੰ ਲੈ ਕੇ ਡਰ ਅਤੇ ਚਿੰਤਾ ਪ੍ਰਗਟ ਕਰਦੇ ਹਨ।

ਦੋਸਤ ਇਕ ਮਨੁੱਖ ਦੀ ਜ਼ਿੰਦਗੀ ਵਿਚ ਬਚਪਨ ਤੋਂ ਬੁਢਾਪੇ ਤਕ ਮੁੱਖ ਭੂਮਿਕਾ ਨਿਭਾਉਂਦੇ ਹਨ। ਦੋਸਤਾਂ ਕਰਕੇ ਬੱਚੇ ਵਿਚ ਬਹੁਤ ਸਾਰੇ ਗੁਣ ਜਿਵੇਂ ਮਿਲਵਰਤਨ, ਹਮਦਰਦੀ, ਟੀਮਵਰਕ ਅਤੇ ਅਗਵਾਈ ਆਦਿ ਗੁਣ ਵਿਕਸਿਤ ਹੁੰਦੇ ਹਨ। ਚੱਲਣ-ਫਿਰਨ ਤੋਂ ਮਜਬੂਰ ਵਿਅਕਤੀ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਕਲਾਂਗ ਬੱਚੇ ਦੇ ਦੋਸਤ ਹਰ ਤਰ੍ਹਾਂ ਦੀਆਂ ਖੇਡਾਂ ਵਿਚ ਭਾਗ ਲੈਂਦੇ ਹਨ ਪਰ ਉਹ ਇਸਦਾ ਹਿੱਸਾ ਨਹੀਂ ਬਣ ਪਾਉਂਦਾ ਇਸ ਲਈ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ। ਚਾਹੇ ਗੁਆਂਢੀ ਜਾਂ ਦੋਸਤ ਉਸ ਪ੍ਰਤੀ ਹਮਦਰਦੀ ਅਤੇ ਸਹਾਇਤਾ ਦੀ ਭਾਵਨਾ ਰੱਖਦੇ ਹਨ ਉਹ ਉਸ ਨਾਲ ਖੇਡਦੇ ਵੀ ਹਨ ਪਰ ਕਦੇ-ਕਦੇ ਉਨ੍ਹਾਂ ਦਾ ਵਤੀਰਾ ਉਸ ਲਈ ਕਠੋਰ ਵੀ ਹੋ ਜਾਂਦਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਜਾਂ ਬੁਰਾ ਵਤੀਰਾ ਉਸ ਦੇ ਮਨ ’ਤੇ ਡੂੰਘਾ ਅਸਰ ਪਾਉਂਦਾ ਹੈ। ਵਿਕਲਾਂਗ ਨੂੰ ਸਧਾਰਨ ਮਨੁੱਖ ਦੇ ਮੁਕਾਬਲੇ ਸਰੀਰਕ, ਸਮਾਜਕ ਅਤੇ ਬੌਧਿਕ ਪੱਖੋਂ ਘਟੀਆ ਸਮਝਿਆ ਜਾਂਦਾ ਹੈ। ਉਸਦਾ ਮਜਾਕ ਉਡਾਇਆ ਜਾਂਦਾ ਹੈ ਅਤੇ ਉਸ ਨੂੰ ਮੁੱਖ ਧਾਰਾ ਤੋਂ ਵੱਖਰਾ ਕਰ ਦਿੱਤਾ ਜਾਂਦਾ ਹੈ।

ਸਕੂਲ ਦਾ ਵਿਅਕਤੀ ਦੇ ਸਰਵਪੱਖੀ ਵਿਕਾਸ ਵਿਚ ਬਹੁਤ ਯੋਗਦਾਨ ਹੁੰਦਾ ਹੈ। ਵਿਕਲਾਂਗ ਲਈ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਕਈ ਕਾਰਣਾਂ ਜਿਵੇਂ ਸਕੂਲ ਦੇ ਬੁਨਿਆਦੀ ਢਾਂਚੇ ਸਬੰਧੀ ਰੁਕਾਵਟਾਂ, ਸਹਿਪਾਠੀਆਂ ਦੁਆਰਾ ਦੁਰਵਿਵਹਾਰ, ਸਿਹਤ ਸਬੰਧੀ ਸਮੱਸਿਆਵਾਂ ਆਦਿ ਈ ਵਿਕਲਾਂਗ ਆਪਣੀ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਅਧਿਆਪਕਾਂ ਦਾ ਰਵੱਈਆ ਵੀ ਨਿਰਧਾਰਿਤ ਕਰਦਾ ਹੈ ਕਿ ਇਹ ਪੜਾਈ ਜਾਰੀ ਰੱਖਣਗੇ ਜਾਂ ਨਹੀਂ। ਇਹ ਸਭ ਰੁਕਾਵਟਾਂ ਉਸਦੇ ਮਨ ਵਿਚ ਹੀਣ ਭਾਵਨਾ ਪੈਦਾ ਕਰਦੀਆਂ ਹਨ।

PunjabKesari

ਭਾਰਤ ਵਿਚ ਬਹੁਤ ਸਾਰੇ ਧਰਮ ਦੇ ਲੋਕ ਰਹਿੰਦੇ ਹਨ ਅਤੇ ਕਰੀਬ ਹਰ ਧਰਮ ਵਿਚ ਸਰੀਰਕ ਜਾਂ ਮਾਨਸਿਕ ਅਸਮਰਥਤਾ ਨੂੰ ਵਿਅਕਤੀ ਦੇ ਪਿਛਲੇ ਜਨਮ ਦੇ ਬੁਰੇ ਕਰਮਾਂ ਦਾ ਪ੍ਰਤੀਫਲ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਪੱਧਰ ’ਤੇ ਸਿਹਤਮੰਦ ਇਨਸਾਨ ਦਾ ਵਤੀਰਾ ਇਕ ਵਿਕਲਾਂਗ ਪ੍ਰਤੀ ਵੱਖ-ਵੱਖ ਹੁੰਦਾ ਹੈ। ਵਿਕਲਾਂਗ ਵਿਅਕਤੀ ਨੂੰ ਆਮ ਤੌਰ ’ਤੇ ਸਮਾਜ ਵਿਚ ਭੇਦਭਾਵ, ਪੱਖਪਾਤ, ਅਨਿਆਂ, ਬੇਵਸੀ ਅਤੇ ਇਕੱਲੇਪਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਆਮ ਵਿਅਕਤੀ ਦੀ ਵਿਕਲਾਂਗ ਵਿਅਕਤੀ ਪ੍ਰਤੀ ਪ੍ਰਤੀਕਿਰਿਆ ਉਸਦੀ ਦਿੱਖ ਜਿਵੇਂ ਸੇਰੇਬਰਲ ਪਾਲਸੀ ਦੇ ਸ਼ਿਕਾਰ ਵਿਅਕਤੀ ਦੇ ਮੂੰਹ ਵਿਚੋਂ ਲਗਾਤਾਰ ਲਾਰ ਦਾ ਡਿੱਗਨਾ, ਅਣਸੁਖਾਵੀਂ ਬੋਲੀ ਉਸਨੂੰ ਘਿਰਣਾ ਦਾ ਪਾਤਰ ਬਣਾਉਂਦੀ ਹੈ।

ਇਹ ਬੜੇ ਦੁੱਖ ਦੀ ਗੱਲ ਹੈ ਕਿ ਵਿਕਲਾਂਗ ਦੀਆਂ ਯੋਗਤਾਵਾਂ ਨੂੰ ਅਣਦੇਖਿਆ ਕਰਕੇ ਉਸ ਦੀ ਅਪੰਗਤਾ ਨੂੰ ਦੇਖਿਆ ਜਾਂਦਾ ਹੈ। ਸਰੀਰਕ ਅਤੇ ਮਾਨਸਿਕ ਕਸ਼ਟ ਦੇ ਨਾਲ ਉਸ ਨੂੰ ਲੋਕਾਂ ਦੇ ਸੰਵੇਦਨਹੀਣ ਵਤੀਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਾਨੂੰ ਸਮਾਜ ਨੂੰ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਕਿਉਂਕਿ ਵਿਕਲਾਂਗ ਸਰੀਰਕ ਅਸਮਰਥਤਾ ਕਾਰਣ ਇੰਨੀਆਂ ਮੁਸ਼ਕਲਾਂ ਨਹੀਂ ਸਹਿੰਦੇ, ਜਿੰਨੀਆਂ ਸਮਾਜਕ ਰਵੱਈਏ ਕਾਰਣ।
                
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ                                              
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)


author

rajwinder kaur

Content Editor

Related News