ਅੱਧਾ ਸਾਲ ਲੰਘਿਆ, ਅਜੇ ਤੱਕ ਨਹੀਂ ਪੁੱਜੀਆਂ ਸਰਕਾਰੀ ਸਕੂਲਾਂ ''ਚ ਕਿਤਾਬਾਂ

Monday, Oct 16, 2017 - 08:03 AM (IST)

ਅੱਧਾ ਸਾਲ ਲੰਘਿਆ, ਅਜੇ ਤੱਕ ਨਹੀਂ ਪੁੱਜੀਆਂ ਸਰਕਾਰੀ ਸਕੂਲਾਂ ''ਚ ਕਿਤਾਬਾਂ

ਸੰਗਰੂਰ/ਸੰਦੌੜ, (ਬੇਦੀ, ਰਿਖੀ)— ਸਿੱਖਿਆ ਵਿਭਾਗ ਵੱਲੋਂ ਸੂਬੇ 'ਚ ਸਿੱਖਿਆ ਸੁਧਾਰਾਂ ਦੇ ਲਗਾਤਾਰ ਕੀਤੇ ਜਾ ਰਹੇ ਦਾਅਵੇ ਠੁੱਸ ਸਾਬਤ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਸਿੱਖਿਆ ਸੁਧਾਰ ਲਿਆਉਣ ਦਾ ਜ਼ਿੰਮਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੋਲ ਹੈ, ਉਸ ਦੀ ਢਿੱਲੀ ਕਾਰਗੁਜ਼ਾਰੀ ਦਾ ਖਮਿਆਜ਼ਾ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਅੱਧਾ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਸਕੂਲਾਂ ਵਿਚ ਮਿਲਣ ਵਾਲੀਆਂ ਕਿਤਾਬਾਂ ਪੂਰੀਆਂ ਨਹੀਂ ਪੁੱਜੀਆਂ। ਅਜਿਹੀ ਸਥਿਤੀ ਵਿਚ ਜਿਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਉਥੇ ਅਧਿਆਪਕ ਵੀ ਦੁਚਿੱਤੀ ਵਿਚ ਹਨ। ਹਾਲਾਂਕਿ ਕੁਝ ਸਕੂਲਾਂ ਵਿਚ ਬੱਚਿਆਂ ਨੂੰ ਪੁਰਾਣੀਆਂ ਕਿਤਾਬਾਂ ਨਾਲ ਪੜ੍ਹਾ ਕੇ ਕੰਮ ਚਲਾਇਆ ਜਾ ਰਿਹਾ ਹੈ।
ਉਹ ਕਿਤਾਬਾਂ ਜੋ ਕਦੇ ਇਕ ਅਪ੍ਰੈਲ ਨੂੰ ਨਵੀਂ ਜਮਾਤ ਵਿਚ ਪੈਰ ਧਰਦਿਆਂ ਹੀ ਬੱਚਿਆਂ ਨੂੰ ਮਿਲ ਜਾਂਦੀਆਂ ਸਨ ਅਤੇ ਵਿਦਿਆਰਥੀ ਪਹਿਲੇ ਹੀ ਦਿਨ ਤੋਂ ਆਪਣੀ ਜਮਾਤ ਦਾ ਸਿਲੇਬਸ ਪੜ੍ਹਨਾ ਸ਼ੁਰੂ ਕਰ ਦਿੰਦੇ ਸਨ, ਉਹੀ ਕਿਤਾਬਾਂ ਹੁਣ ਅਕਤੂਬਰ ਤੱਕ ਬੱਚਿਆਂ ਨੂੰ ਨਸੀਬ ਨਹੀਂ ਹੋਈਆਂ ਜਦੋਂਕਿ ਫਰਵਰੀ-ਮਾਰਚ ਵਿਚ ਬੱਚਿਆਂ ਦੇ ਸੈਸ਼ਨ ਦੇ ਆਖਰੀ ਪੇਪਰ ਹੋ ਜਾਣੇ ਹਨ। ਬਿਨਾਂ ਕਿਤਾਬਾਂ ਦੇ ਕਿਵੇਂ ਸਫਲ ਹੋਣਗੇ ਸੂਬੇ ਦੇ ਬੱਚੇ? ਕਿਵੇਂ ਨਤੀਜੇ ਦੇ ਸਕਣਗੇ ਅਧਿਆਪਕ? ਕੌਣ ਹੋਵੇਗਾ ਜ਼ਿੰਮੇਵਾਰ ਲੱਖਾਂ ਵਿਦਿਆਰਥੀਆਂ ਦੇ ਖਰਾਬ ਹੋ ਰਹੇ ਭਵਿੱਖ ਦਾ? ਕੀ ਇਸ ਵਾਰ ਵੀ ਅਧਿਆਪਕਾਂ ਨੂੰ ਮਾੜੇ ਨਤੀਜੇ ਕਾਰਨ ਜਵਾਬ ਦੇਣਾ ਹੋਵੇਗਾ? ਸ਼ਾਇਦ ਇਨ੍ਹਾਂ ਸਵਾਲਾਂ ਦੇ ਜਵਾਬ ਸਾਡੇ ਹੁਕਮਰਾਨਾਂ ਤੇ ਉੱਚ ਅਧਿਕਾਰੀਆਂ ਕੋਲ ਹੈ ਹੀ ਨਹੀਂ ।
ਇਨ੍ਹਾਂ ਕਿਤਾਬਾਂ ਦੀ ਘਾਟ ਕਰ ਕੇ ਬਹੁਤੇ ਸਕੂਲਾਂ ਨੇ ਪੁਰਾਣੀਆਂ ਕਿਤਾਬਾਂ ਨਾਲ ਹੀ ਕੰਮ ਚਲਾਇਆ ਹੋਇਆ ਹੈ ਜਦੋਂਕਿ ਉਹ ਕਿਤਾਬਾਂ ਪਹਿਲਾਂ ਹੀ ਸਾਲ ਭਰ ਘਸਾਈਆਂ ਜਾ ਚੁੱਕੀਆਂ ਹਨ ਅਤੇ ਇਹ ਗੱਲ ਤਾਂ ਯਕੀਨੀ ਹੈ ਕਿ ਪਿੰਡਾਂ ਦੇ ਬਹੁਤੇ ਵਿਦਿਆਰਥੀਆਂ ਵੱਲੋਂ ਸਾਲ ਭਰ ਵਰਤੀਆਂ ਹੋਈਆਂ ਕਿਤਾਬਾਂ ਦੂਜੇ ਸਾਲ ਵਰਤੋਂ ਵਿਚ ਲਿਆਉਣ ਦੇ ਯੋਗ ਨਹੀਂ ਰਹਿੰਦੀਆਂ ਪਰ ਮਜਬੂਰ ਵਿਦਿਆਰਥੀਆਂ ਤੇ ਅਧਿਆਪਕਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ।
ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਵਿਦਿਆਰਥੀਆਂ ਦੇ ਸਮੈਸਟਰ ਪ੍ਰਣਾਲੀ ਅਧੀਨ ਐੱਫ. ਏ. 1, ਐੱਫ. ਏ. 2, ਐੱਸ. ਏ. 1 ਤੱਕ ਦੇ ਪੇਪਰ 'ਤੇ ਉਨ੍ਹਾਂ ਦੀ ਅਸੈੱਸਮੈਂਟ ਲੱਗ ਚੁੱਕੀ ਹੈ ਜਿਨ੍ਹਾਂ ਨੂੰ ਲੈ ਕੇ ਸਰਕਾਰੀ ਹੁਕਮਾਂ 'ਤੇ ਮਾਪੇ ਅਧਿਆਪਕ ਮਿਲਣੀਆਂ ਵੀ ਹੋ ਚੁੱਕੀਆਂ ਹਨ।
ਕਿਤਾਬਾਂ ਨਾ ਭੇਜਣਾ ਸਰਕਾਰ ਦੀ ਨਾਲਾਇਕੀ : ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਜ਼ਿਲਾ ਸੰਗਰੂਰ ਦੇ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਨੇ ਕਿਹਾ ਕਿ ਹੁਣ ਤੱਕ ਕਿਤਾਬਾਂ ਨਾ ਭੇਜਣਾ ਸਰਕਾਰ ਦੀ ਸਿੱਧੀ ਨਾਲਾਇਕੀ ਕਹੀ ਜਾ ਸਕਦੀ ਹੈ, ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਰਕਾਰ ਤੇ ਉੱਚ ਅਧਿਕਾਰੀ ਚਾਹੁੰਦੇ ਹੀ ਨਹੀਂ ਕਿ ਮਜ਼ਦੂਰਾਂ ਦੇ ਬੱਚੇ ਪੜ੍ਹ-ਲਿਖ ਕੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਮਿਲੇਗੀ ।
ਬਿਨਾਂ ਕਿਤਾਬਾਂ ਦੇ ਸਿੱਖਿਆ ਸੁਧਾਰਾਂ ਦੀ ਗੱਲ ਠੀਕ ਨਹੀਂ : ਅਧਿਆਪਕ : ਇਸ ਸਬੰਧੀ ਅਧਿਆਪਕਾ ਮੋਨਿਕਾ ਰਾਣੀ ਅਤੇ ਕੁਲਦੀਪ ਕੌਰ ਨੇ ਕਿਹਾ ਕਿ ਬਿਨਾਂ ਪੁਸਤਕਾਂ ਦੇ ਸਿੱਖਿਆ ਸੁਧਾਰਾਂ ਦੀ ਗੱਲ ਕਰਨਾ ਠੀਕ ਨਹੀਂ ਹੈ। ਪੁਸਤਕਾਂ ਤੋਂ ਬਿਨਾਂ ਵਿਦਿਆਰਥੀ ਕਿਵੇਂ ਪੜ੍ਹ ਸਕਦੇ ਹਨ। ਹਾਲਾਂਕਿ ਜਿਵੇਂ ਤਿਵੇਂ ਕਰ ਕੇ ਉਹ ਕੁਝ ਪੁਰਾਣੀਆਂ ਕਿਤਾਬਾਂ ਦਾ ਪ੍ਰਬੰਧ ਕਰਨ ਤੋਂ ਬਾਅਦ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਤਰ੍ਹਾਂ ਚੰਗੇ ਨਤੀਜਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਕੀ ਕਹਿੰਦੇ ਨੇ ਜ਼ਿਲਾ ਸਿੱਖਿਆ ਅਫਸਰ : ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਹਰਕੰਵਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਜੇ ਤੱਕ ਪੂਰੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਪਿਛਲੇ ਸਾਲ ਦੀਆਂ ਬਚੀਆਂ ਕਿਤਾਬਾਂ ਅਤੇ ਪੁਰਾਣੇ ਬੱਚਿਆਂ ਦੀਆਂ ਕਿਤਾਬਾਂ ਸਹਾਰੇ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News