ਬੀਮਾਰ ਐਥਲੀਟ ਹਕਮ ਸਿੰਘ ਦੀ ਮਦਦ ਲਈ ਅੱਗੇ ਆਏ ਹਰਭਜਨ ਸਿੰਘ

Tuesday, Jul 31, 2018 - 11:25 AM (IST)

ਬਰਨਾਲਾ (ਬਿਊਰੋ)— ਏਸ਼ੀਅਨ ਗੋਲਡ ਮੈਡਲਿਸਟ ਅਤੇ ਧਿਆਨ ਚੰਦ ਐਵਾਰਡ ਵਿਨਰ ਐਥਲੀਟ ਹਕਮ ਸਿੰਘ (64) ਸੰਗਰੂਰ ਦੇ ਇਕ ਹਸਪਤਾਲ 'ਚ ਮੌਤ ਨਾਲ ਜੂਝ ਰਹੇ ਹਨ। ਆਰਥਿਕ ਪਰੇਸ਼ਾਨੀਆ ਕਾਰਨ ਹਕਮ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦੇ ਇਲਾਜ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਤੋਂ ਮਦਦ ਮੰਗਣ 'ਤੇ ਵੀ ਉਨ੍ਹਾਂ ਦੇ ਪਰਿਵਾਰ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਅਜਿਹੇ 'ਚ ਹਕਮ ਸਿੰਘ ਦੀ ਮਦਦ ਲਈ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਅੱਗੇ ਆਏ ਹਨ।

ਮੰਗਲਵਾਰ ਨੂੰ ਹਰਭਜਨ ਸਿੰਘ ਨੇ ਇਕ ਨਿਊਜ਼ ਏਜੰਸੀ ਦੀ ਖ਼ਬਰ ਨੂੰ ਰੀ-ਟਵੀਟ ਕਰਦੇ ਹੋਏ ਹਕਮ ਸਿੰਘ ਦੇ ਪਰਿਵਾਰ ਦਾ ਨੰਬਰ ਮੰਗਿਆ ਹੈ। ਹਰਭਜਨ ਵੱਲੋਂ ਹਕਮ ਸਿੰਘ ਦਾ ਨੰਬਰ ਮੰਗਣ 'ਤੇ ਇਹ ਉਮੀਦ ਹੈ ਕਿ ਹੁਣ ਸ਼ਾਇਦ ਉਨ੍ਹਾਂ ਨੂੰ ਇਲਾਜ 'ਚ ਮਦਦ ਮਿਲ ਜਾਵੇ। ਹਕਮ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਗਰੀਬ ਹਨ ਅਤੇ ਘੱਟੋ-ਘੱਟ ਸਰਕਾਰ ਨੂੰ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਅੱਗੇ ਉਨ੍ਹਾਂ ਕਿਹਾ ਕਿ ਸਰਕਾਰ ਐਥਲੀਟਾਂ ਨੂੰ ਮਹੱਤਵ ਨਹੀਂ ਦਿੰਦੀ।
 

ਦਸ ਦਈਏ ਕਿ ਹਾਕਮ ਸਿੰਘ ਨੂੰ ਲਿਵਰ ਅਤੇ ਕਿਡਨੀ ਨਾਲ ਸਬੰਧਤ ਬੀਮਾਰੀਆਂ ਹਨ। ਉਹ ਕਈ ਦਿਨਾਂ ਤੋਂ ਹਸਪਤਾਲ 'ਚ ਦਾਖਲ ਹਨ। ਖੇਡ ਦੇ ਵਿਕਾਸ 'ਚ ਅਹਿਮ ਯੋਗਦਾਨ ਦੇ ਲਈ ਉਨ੍ਹਾਂ ਨੂੰ 29 ਅਗਸਤ, 2008 ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਧਿਆਨ ਚੰਦ ਐਵਾਰਡ ਨਾਲ ਸਨਮਾਨਤ ਕੀਤਾ ਹੈ। ਹਕਮ ਸਿੰਘ ਭਾਰਤੀ ਫੌਜ ਦਾ ਵੀ ਹਿੱਸਾ ਰਹੇ ਹਨ ਫਿਰ ਵੀ ਅੱਜ ਜਦੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਨੂੰ ਦਰ-ਦਰ ਭਟਕਨਾ ਪੈ ਰਿਹਾ ਹੈ।

 


Related News