ਕੈਪਟਨ ਬੇਨਾਮੀ ਠੇਕੇ ਲੈਣ ਵਾਲੇ ਮੰਤਰੀਆਂ ਖਿਲਾਫ਼ ਕਾਰਵਾਈ ਕਰਨ : ਫੂਲਕਾ

05/26/2017 8:31:36 AM

ਚੰਡੀਗੜ੍ਹ (ਬਿਊਰੋ)-''ਆਪ'' ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ''ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਅਜਿਹੇ ਮੰਤਰੀ, ਜੋ ਗਲਤ ਤਰੀਕੇ ਨਾਲ ਸਰਕਾਰ ਤੋਂ ਬੇਨਾਮੀ ਠੇਕੇ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ । 

ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ''ਤੇ ਨਿਸ਼ਾਨਾ ਸਾਧਦਿਆਂ ਫੂਲਕਾ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਤੇ ਆਗੂ ਪੰਜਾਬ ਨੂੰ ਲੁੱਟ ਰਹੇ ਸਨ ਤਾਂ ਕੈਪਟਨ ਉਨ੍ਹਾਂ ''ਤੇ ਕਾਰਵਾਈ ਕਰਨ ਦੀ ਮੰਗ ਕਰਦੇ ਸਨ ਪਰ ਹੁਣ ਜਦੋਂ ਆਪਣੀ ਸਰਕਾਰ ''ਚ ਅਜਿਹਾ ਹੋ ਰਿਹਾ ਹੈ ਤਾਂ ਉਹ ਅੱਖਾਂ ਬੰਦ ਕਰਕੇ ਬੈਠੇ ਹਨ । ਕੈਪਟਨ ਨੂੰ ਇਹ ਦੱਸਣਾ ਪਵੇਗਾ ਕਿ ਅਜਿਹਾ ਕੀ ਕਾਰਨ ਹੈ, ਜੋ ਉਸ ਨੂੰ ਰਾਣਾ ਗੁਰਜੀਤ ਸਿੰਘ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਿਹਾ ਹੈ। 

ਫੂਲਕਾ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਕੋਈ ਵੀ ਮੰਤਰੀ ਆਪਣੀ ਸਰਕਾਰ ਦੇ ਨਾਲ ਕਾਰੋਬਾਰ ਨਹੀਂ ਕਰ ਸਕਦਾ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਰਾਣਾ ਗੁਰਜੀਤ ਸਿੰਘ ਨੂੰ ਆਪਣੇ ਮੰਤਰੀ ਮੰਡਲ ''ਚੋਂ ਬਾਹਰ ਕੱਢਣ। 


ਮੇਰੇ ਪਰਿਵਾਰ ਜਾਂ ਮੁਲਾਜ਼ਮ ਦਾ ਰੇਤ ਵਪਾਰ ਨਾਲ ਕੋਈ ਲੈਣਾ-ਦੇਣਾ ਨਹੀਂ : ਰਾਣਾ 

ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ''ਤੇ ਲੱਗੇ ਦੋਸ਼ਾਂ ''ਤੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕੰਪਨੀ ''ਰਾਣਾ ਸ਼ੂਗਰ ਲਿਮਟਿਡ'' ਦੀ ਰੇਤ ਖਨਨ ਉਦਯੋਗ ਵਿਚ ਸਿੱਧੇ ਜਾਂ ਅਸਿੱਧੇ ਤੌਰ ''ਤੇ ਵਿੱਤੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਹਿੱਸੇਦਾਰੀ ਨਹੀਂ ਹੈ। ਉਨ੍ਹਾਂ ਸਪੱਸ਼ਟ ਤੌਰ ''ਤੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੀ ਕੰਪਨੀ ਦੇ ਮੁਲਾਜ਼ਮ ਦਾ ਰੇਤ ਵਪਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 

ਆਪਣੇ ''ਤੇ ਲਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਉਕਤ ਦੋਵੇਂ ਮੁਲਾਜ਼ਮ ਬਹੁਤ ਪਹਿਲਾਂ ਹੀ ਉਨ੍ਹਾਂ ਦੀ ਕੰਪਨੀ ''ਚੋਂ ਨੌਕਰੀ ਛੱਡ ਗਏ ਸਨ, ਜਿਸ ਸਬੰਧੀ ਰਿਕਾਰਡ ਉਨ੍ਹਾਂ ਦੀ ਕੰਪਨੀ ਵਿਚ ਦੇਖਿਆ ਜਾ ਸਕਦਾ ਹੈ। ਰਾਣਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਦੀ ਕੰਪਨੀ ਵਿਚ ਕੰਮ ਕਰਨ ਵਾਲੇ ਕੁਝ ਸਾਬਕਾ ਮੁਲਾਜ਼ਮਾਂ ਵੱਲੋਂ ਬੋਲੀ ਵਿਚ ਭਾਗ ਲੈਣ ਸਬੰਧੀ ਸੂਚਨਾਵਾਂ ਮਿਲੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਮੇਰੇ ਹਿੱਤ ਜਾਂ ਹਿੱਸੇਦਾਰੀ ਇਸ ਉਦਯੋਗ ਵਿਚ ਹੈ।


Related News