ਗਿਆਨ ਸਾਗਰ ਇੰਸਟੀਚਿਊਟ ਤੋਂ 8 ਮਰੀਜ਼ ਠੀਕ ਹੋ ਕੇ ਗਏ ਘਰ : ਬਲਬੀਰ ਸਿੱਧੂ

04/21/2020 11:17:01 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਕੇਵਲ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਵਿਚ ਹੀ 500 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਗਿਆ ਹੈ। ਅੱਜ ਇਥੋਂ 8 ਮਰੀਜ਼ਾ ਨੂੰ ਸਿਹਤਯਾਬ ਕਰਕੇ ਛੁੱਟੀ ਦਿੱਤੀ ਗਈ ਹੈ, ਜਦਕਿ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਸਮੇਤ ਵੱਖ-ਵੱਖ ਕੇਂਦਰਾਂ 'ਚੋਂ 13 ਮਰੀਜ਼ਾਂ ਨੂੰ ਤੰਦਰੁਸਤ ਜੀਵਨ ਦੀਆਂ ਸ਼ੁੱਭ ਕਾਮਨਾਵਾਂ ਦੇ ਕੇ ਘਰ ਭੇਜਿਆ ਗਿਆ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਿਆਨ ਸਾਗਰ ਇੰਸਟੀਚਿਊਟ ਸਮੇਤ ਸੂਬੇ ਦੇ ਹੋਰ ਆਈਸੋਲੇਸ਼ਨ ਕੇਂਦਰਾਂ 'ਚੋਂ ਹੁਣ ਤੱਕ 51 ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਗਿਆ ਹੈ, ਜਦਕਿ 184 ਕੋਰੋਨਾ ਦੇ ਮਰੀਜ਼ਾਂ ਨੂੰ ਵੱਖ-ਵੱਖ ਸਰਕਾਰੀ ਕੇਂਦਰਾਂ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਖੁਸ਼ੀ ਵਾਲੀ ਖਬਰ ਹੈ ਕਿ ਇਸ ਸਮੇਂ ਸੂਬੇ ਵਿਚ ਸਾਰੇ ਦਾਖ਼ਲ ਮਰੀਜ਼ਾਂ ਦੀ ਸਥਿਤੀ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਸਿਰਫ 1 ਮਰੀਜ਼ ਨੂੰ ਆਕਸੀਜਨ ਸਪੋਰਟ ਅਤੇ 1 ਮਰੀਜ਼ ਜਿਸ ਦੀ ਸਥਿਤੀ ਗੰੰਭੀਰ ਹੈ, ਨੂੰ ਵੈਂਟੀਲੇਟਰ 'ਤੇ ਅਧੀਨ ਰੱਖਿਆ ਗਿਆ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਥੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਐਂਬੂਲੈਂਸ ਸੇਵਾ ਤੋਂ ਲੈ ਕੇ, ਟੈਸਟ, ਇਲਾਜ, ਪੌਸ਼ਟਿਕ ਖਾਣਾ-ਪੀਣਾ ਸਮੇਤ ਸਾਰੀਆਂ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਮਰੀਜ਼ਾਂ ਦਾ ਆਤਮ-ਵਿਸ਼ਵਾਸ਼ ਕਾਇਮ ਰੱਖਣ ਲਈ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ।
ਗਿਆਨ ਸਾਗਰ ਇੰਸਟੀਚਿਊਟ ਵਿਖੇ ਸਥਾਪਿਤ ਆਈਸੋਲੇਸ਼ਨ ਕੇਂਦਰ ਬਾਰੇ ਦੱਸਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 500 ਬਿਸਤਰਿਆਂ ਵਾਲੇ ਇਸ ਕੇਂਦਰ ਵਿਚ ਜ਼ਿਲ੍ਹਾ ਮੋਹਾਲੀ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਨਾਲ ਸਬੰਧਤ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ। ਇਸ ਸਮੇਂ ਇਸ ਸੰਸਥਾ ਵਿੱਚ 43 ਮਰੀਜ਼ ਦਾਖ਼ਲ ਹਨ, ਜੋ ਕਿ ਕਰੋਨਾ ਪਾਜ਼ੇਟਿਵ ਹਨ। ਇਨ੍ਹਾਂ ਦਾ ਇਲਾਜ ਸਿਹਤ ਵਿਭਾਗ ਤੇ ਮੈਡੀਕਲ ਕਾਲਜ ਦੇ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਦੇ ਸਾਰੇ ਆਈਸੋਲੇਸ਼ਨ ਕੇਂਦਰਾਂ ਵਿੱਚ ਮੈਡੀਸਨ, ਐਨ ਐਸ ਥੀਜ਼ੀਆ, ਰੇਡੀਓਲੋਜੀ, ਮਾਈਕ੍ਰੋਲੋਜੀ ਅਤੇ ਈ. ਐਨ. ਟੀ. ਦੇ ਮਾਹਿਰ ਡਾਕਟਰ ਮੌਜੂਦ ਹਨ। ਇਨ੍ਹਾਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਆਪਣੇ ਡਾਕਟਰਾਂ ਅਤੇ ਪੈਰਾ-ਮੈਡੀਕਲ ਦੀ ਆਰਜ਼ੀ ਤੈਨਾਤੀ ਵੀ ਕੀਤੀ ਗਈ ਹੈ। ਇਸ ਸੰਸਥਾ ਵਿੱਚ ਕਿਸੇ ਵੀ ਐਮਰਜੈਂਸੀ ਲਈ ਵੈਂਟੀਲੇਟਰ ਅਤੇ ਸਪੈਸ਼ਲ ਸਟਾਫ਼ ਮੌਜੂਦ ਹਨ ਅਤੇ ਲੋੜ ਪੈਣ 'ਤੇ ਮਾਹਿਰ ਡਾਕਟਰ ਭੇਜੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ 'ਚ ਸੰਤੁਲਿਤ ਭੋਜਨ ਦਿੱਤਾ ਜਾ ਰਿਹਾ ਹੈ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਬਿਮਾਰੀ ਦੇ ਨਿਯਮਾਂ ਮੁਤਾਬਕ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੀਆਂ ਟੀਮਾਂ ਸਮੇਂ-ਸਮੇਂ ਸਿਰ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਦੀ ਹੈ। ਜਿਨ੍ਹਾਂ ਦੀ ਰਿਪੋਰਟ ਪੀ. ਜੀ. ਆਈ. ਚੰਡੀਗੜ੍ਹ, ਫਰੀਦਕੋਟ, ਪਟਿਆਲਾ ਤੇ ਅਮ੍ਰਿੰਤਸਰ ਮੈਡੀਕਲ ਕਾਲਜ 'ਚ ਚੈੱਕ ਕਰਵਾਉਣ ਲਈ ਭੇਜੀ ਜਾਂਦੀ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮਰੀਜ਼ਾਂ ਨੂੰ ਦਾਖ਼ਲ ਕਰਵਾਉਣ ਤੋਂ ਲੈ ਕੇ ਅਤੇ ਛੁੱਟੀ ਹੋਣ ਉਪਰੰਤ ਘਰ ਛੱਡਣ ਦਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਅਤੇ ਜਿਹੜੇ ਮਰੀਜ਼ਾਂ ਦੇ ਟੈਸਟ ਹੋ ਗਏ ਹਨ, ਉਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ 7355 ਵਿਅਕਤੀਆਂ ਦੇ ਟੈਸਟ 'ਚੋਂ 6769 ਦੀ ਰਿਪੋਰਟ ਨੈਗੇਟਿਵ ਪਾਈ ਗਈ ਤੇ 251 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ 335 ਮਾਮਲਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 49 ਵਿਅਕਤੀਆਂ ਨੂੰ ਸਿਹਤਯਾਬ ਕਰਕੇ ਘਰ ਭੇਜਿਆ ਜਾ ਚੁੱਕਾ ਹੈ ਤੇ ਬਦਕਿਸਮਤੀ ਨਾਲ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਸੂਬਾ ਵਾਸੀ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕਰ ਸਕਦੇ ਹਨ। ਜਿਸ ਲਈ ਇਹ ਲਾਜ਼ਮੀ ਹੈ ਕਿ ਅਸੀਂ ਸਾਰੇ ਕਰਫਿਊ ਦੀ ਪਾਲਣਾ ਕਰਨਾ ਯਕੀਨੀ ਬਣਾਈਏ ਅਤੇ ਪੰਜਾਬ ਨੂੰ ਜਲਦ ਕੋਰੋਨਾ ਮੁਕਤ ਕੀਤਾ ਜਾ ਸਕੇ।


Deepak Kumar

Content Editor

Related News