ਗਿਆਨ ਸਾਗਰ ਹਸਪਤਾਲ ਦਾ ਪਹਿਲਾ ਮਰੀਜ਼ ਹੋਇਆ ਠੀਕ, ਮਿਲੀ ਛੁੱਟੀ

Wednesday, Apr 15, 2020 - 12:49 AM (IST)

ਗਿਆਨ ਸਾਗਰ ਹਸਪਤਾਲ ਦਾ ਪਹਿਲਾ ਮਰੀਜ਼ ਹੋਇਆ ਠੀਕ, ਮਿਲੀ ਛੁੱਟੀ

ਮੋਹਾਲੀ, (ਪਰਦੀਪ)- ਬਨੂਡ਼ ਲਾਗਲੇ ਗਿਆਨ ਸਾਗਰ ਹਸਪਤਾਲ ’ਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਦਾ ਪਹਿਲਾ ਮਰੀਜ਼ ਬਿਲਕੁਲ ਠੀਕ ਹੋ ਗਿਆ ਹੈ, ਜਿਸ ਨੂੰ ਮੰਗਲਵਾਰ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਇਸ ਆਈਸੋਲੇਸ਼ਨ ਕੇਂਦਰ ਦੇ ਨੋਡਲ ਅਫ਼ਸਰ ਡਾ. ਗੁਰਵਿੰਦਰ ਸਿੰਘ ਮਹਿਮੀ ਨੇ ਦੱਸਿਆ ਕਿ ਮੋਹਾਲੀ ਦੇ ਸੈਕਟਰ-69 ਦੀ 37 ਸਾਲਾ ਮਹਿਲਾ ਮਰੀਜ਼ ਨੂੰ 26 ਮਾਰਚ ਨੂੰ ਇਸ ਕੇਂਦਰ ’ਚ ਦਾਖ਼ਲ ਕੀਤਾ ਗਿਆ ਸੀ। ਇਸ ਔਰਤ ਦਾ ਪਤੀ ਵੀ ਕੋਰੋਨਾ ਵਾਇਰਸ ਤੋਂ ਪੀਡ਼ਤ ਸੀ, ਜਿਸ ਨੂੰ ਪਿਛਲੇ ਦਿਨੀਂ ਚੰਡੀਗਡ਼੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜੋਡ਼ਾ ਲੰਡਨ ਤੋਂ ਮੁਡ਼ਿਆ ਸੀ, ਜਿਸ ਕਾਰਣ ਇਨ੍ਹਾਂ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਸਨ। ਉਨ੍ਹਾਂ ਦੱਸਿਆ ਕਿ ਗਿਆਨ ਸਾਗਰ ਹਸਪਤਾਲ ’ਚ ਰਾਜ਼ੀ ਹੋਣ ਵਾਲਾ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਰੀਜ਼ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਣਾਏ ਗਏ ਇਸ ਵਿਸ਼ੇਸ਼ ਆਈਸੋਲੇਸ਼ਨ ਕੇਂਦਰ ’ਚ ਜ਼ਿਲਾ ਮੋਹਾਲੀ ਦੇ 47 ਮਰੀਜ਼ ਦਾਖ਼ਲ ਹਨ। ਇਸ ਔਰਤ ਸਣੇ ਹੁਣ ਤਕ ਜ਼ਿਲਾ ਮੋਹਾਲੀ ਦੇ 6 ਮਰੀਜ਼ ਠੀਕ ਹੋ ਕੇ ਆਪੋ-ਅਪਣੇ ਘਰੀਂ ਚਲੇ ਗਏ ਹਨ। ਡਾ. ਮਹਿਮੀ ਨੇ ਗਿਆਨ ਸਾਗਰ ਮੈਨੇਜਮੈਂਟ ਅਤੇ ਸਿਹਤ ਟੀਮਾਂ ਦਾ ਧੰਨਵਾਦ ਕੀਤਾ ਜਿਹਡ਼ੀਆਂ ਇਸ ਕੇਂਦਰ ’ਚ ਦਾਖ਼ਲ ਮਰੀਜ਼ਾਂ ਦੀ ਪੂਰੀ ਲਗਨ ਨਾਲ ਦੇਖਭਾਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਯਾਬ ਹੋਏ ਮਰੀਜ਼ ਨੂੰ ਫ਼ਿਲਹਾਲ ਵੀ ਸਾਵਧਾਨੀਆਂ ਵਰਤਣ ਦੀ ਲੋਡ਼ ਹੈ ਅਤੇ ਉਸ ਨੂੰ 14 ਦਿਨਾਂ ਤਕ ਘਰ ਅੰਦਰ ਹੀ ਰਹਿਣ ਦੀ ਸਲਾਹ ਦਿਤੀ ਗਈ ਹੈ। ਹਸਪਤਾਲ ’ਚ ਛੁੱਟੀ ਮਿਲਣ ਤੋਂ ਉਕਤ ਔਰਤ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦਾ ਪੂਰਾ ਖ਼ਿਆਲ ਰੱਖਿਆ ਅਤੇ ਬਿਹਤਰ ਤੇ ਮਿਆਰੀ ਇਲਾਜ ਕੀਤਾ। ਇਸੇ ਦੌਰਾਨ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਵੀ ਗਿਆਨ ਸਾਗਰ ਮੈਨੇਜਮੈਂਟ ਅਤੇ ਹਸਪਤਾਲ ’ਚ ਲਗਾਤਾਰ ਡਿਊਟੀ ਨਿਭਾ ਰਹੀਆਂ ਸਿਹਤ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੇਂਦਰ ’ਚ ਡਟੇ ਹੋਏ ਤਮਾਮ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ ਜਿਹਡ਼ੇ ਦਿਨ-ਰਾਤ ਮਰੀਜ਼ਾਂ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਸਰਕਾਰੀ ਸਟਾਫ਼ ਤੋਂ ਇਲਾਵਾ ਗਿਆਨ ਸਾਗਰ ਹਸਪਤਾਲ ਦਾ ਸਟਾਫ਼ ਵੀ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾ ਰਿਹਾ ਹੈ।


author

Bharat Thapa

Content Editor

Related News