ਗੁਰਦੁਆਰਾ ਗੁਰੂ ਰਵਿਦਾਸ ਨੂੰ ਢਾਹੁਣ ਦੇ ਮਾਮਲੇ ਨੇ ਫਡ਼ੀ ਹੋਰ ਗਰਮੀ, ਦੂਜੇ ਦਿਨ ਪੰਜਾਬ ਭਰ ਤੋਂ ਸੰਗਤ ਜੁਡ਼ੀ
Tuesday, Aug 27, 2019 - 04:37 PM (IST)
ਲੁਧਿਆਣਾ (ਭਗਵੰਤ) : ਜਮਾਲਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਨੂੰ ਢਾਹੁਣ ਦੇ ਮਾਮਲੇ ਨੇ ਹੋਰ ਗਰਮੀ ਫਡ਼ ਲਈ ਹੈ। ਜਿਥੇ ਪੰਜਾਬ ਭਰ ਤੋਂ ਵੱਖ-ਵੱਖ ਦਲਿਤ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਗੁਰਦੁਆਰਾ ਸਾਹਿਬ ਪਹੁੰਚੇ ਸਨ, ਉਥੇ ਅੱਜ ਦੂਜੇ ਦਿਨ ਵੀ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਸੰਤ ਸਮਾਜ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੀ ਪੂਰੀ ਟੀਮ ਨਾਲ ਪਹੁੰਚੇ। ਉਨ੍ਹਾਂ ਸਾਰੇ ਮਾਮਲੇ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਆਖ ਕੇ ਉਸ ਦੇ ਨਾਲ ਆਰ-ਪਾਰ ਦੀ ਲਡ਼ਾਈ ਲਡ਼ਨ ਦਾ ਐਲਾਨ ਤੱਕ ਕਰ ਦਿੱਤਾ। ਉਨ੍ਹਾਂ ਸਾਫ ਕਰ ਦਿੱਤਾ ਕਿ ਐਤਵਾਰ ਦੀ ਛੁੱਟੀ ਹੋਣ ’ਤੇ ਵੀ ਗਲਾਡਾ ਦੇ ਕਰਮਚਾਰੀ ਦੁਕਾਨਦਾਰਾਂ ਨੂੰ ਦੁਕਾਨਾਂ ਢਾਹੁਣ ਦਾ ਆਖਰੀ ਨੋਟਿਸ ਦੇ ਕੇ 29 ਅਗਸਤ ਤੱਕ ਦਾ ਜੋ ਸਮਾਂ ਦੇ ਕੇ ਗਏ ਹਨ, ਬਸਪਾ ਉਸ ਦਾ ਵਿਰੋਧ ਕਰਦੀ ਹੋਈ ਸਰਕਾਰ ਅਤੇ ਗਲਾਡਾ ਤੋਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਵੱਲ 29 ਅਗਸਤ ਤੱਕ ਧਿਆਨ ਨਾ ਦਿੱਤਾ ਤਾਂ 30 ਅਗਸਤ ਤੋਂ ਬਸਪਾ ਸਰਕਾਰ ਅਤੇ ਗਲਾਡਾ ਨਾਲ ਸਿੱਧੀ ਲਡ਼ਾਈ ਲਡ਼ੇਗੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕਾਨੂੰਨੀ ਲਡ਼ਾਈ ਵੱਲ ਹੀ ਧਿਆਨ ਦੇਵੇਗੀ, ਜਦਕਿ ਬਸਪਾ ਸਡ਼ਕੀ ਲਡ਼ਾਈ ਨੂੰ ਆਪਣੇ ਹੱਥ ਲੈਣ ਦਾ ਐਲਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਬਸਪਾ ਦੀ ਲਡ਼ਾਈ ਹੁਣ ਕੇਵਲ ਇਸ ਗੁਰਦੁਆਰਾ ਸਾਹਿਬ ਨੂੰ ਢਾਹੁਣ ਤੋਂ ਬਚਾਉਣ ਦੀ ਹੀ ਨਹੀਂ ਬਲਕਿ ਇਸਦੀ ਮਲਕੀਅਤ ਲੈਣ ਦੀ ਵੀ ਹੈ, ਜੋ ਅਸੀਂ ਲੈ ਕੇ ਰਹਾਂਗੇ। ਉਨ੍ਹਾਂ ਕਾਂਗਰਸ ਦੇ ਦਲਿਤ ਮੰਤਰੀਆਂ, ਵਿਧਾਇਕਾਂ ਅਤੇ ਉਨ੍ਹਾਂ ਆਗੂਆਂ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ, ਜੋ ਪਿਛਲੇ ਦਿਨੀਂ ਦਿੱਲੀ ਦੇ ਤੁਗਲਕਾਬਾਦ ਮੰਦਰ ਨੂੰ ਬਚਾਉਣ ਲਈ ਸੰਘਰਸ਼ ਦੀਆਂ ਗੱਲਾਂ ਤਾਂ ਕਰਦੇ ਸਨ ਪਰ ਉਨ੍ਹਾਂ ਦੀ ਆਪਣੀ ਕੈਪਟਨ ਸਰਕਾਰ ਉਨ੍ਹਾਂ ਦਾ ਦਹਾਕਿਆਂ ਪਹਿਲਾਂ ਗੁਰਦੁਆਰਾ ਸਾਹਿਬ ਢਾਹੁਣ ਲਈ ਨੋਟਿਸ ਜਾਰੀ ਕਰ ਚੁੱਕੀ ਹੈ।
ਇਸ ਮੌਕੇ ਹਾਜ਼ਰ ਸ੍ਰੀ ਗੁਰੂ ਰਵਿਦਾਸ ਸਾਧੂ ਸੰਤ ਸਮਾਜ ਦੇ ਪ੍ਰਧਾਨ ਨਿਰਮਲ ਦਾਸ ਜੌਡ਼ੇ ਅਤੇ ਹੋਰਨਾਂ ਸੰਤਾਂ ਨੇ ਪੰਜਾਬ ਸਰਕਾਰ ਦੀ ਤੁਲਨਾ ਗਿੱਦਡ਼ ਨਾਲ ਕਰਦਿਆਂ ਕਿਹਾ ਕਿ ਜਦੋਂ ਗਿੱਦਡ਼ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ ਹੈ। ਕੈਪਟਨ ਸਰਕਾਰ ਦਾ ਦਲਿਤਾਂ ਨਾਲ ਆਢੇ ਲੈਣਾ ਇਸਦੇ ਅੰਤ ਨੂੰ ਸਾਬਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨੀ ਲਡ਼ਾਈ ਲਡ਼ਨ ਦੇ ਨਾਲ-ਨਾਲ ਸੰਘਰਸ਼ ਨੂੰ ਵੀ ਹਰ ਪ੍ਰਕਾਰ ਦਾ ਸਹਿਯੋਗ ਦੇਵਾਂਗੇ।