550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ''ਚ ਹੋਈ ਆਰੰਭਤਾ

08/14/2019 10:31:57 AM

ਸੁਲਤਾਨਪੁਰ ਲੋਧੀ (ਸੋਢੀ)— ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਬੀਤੇ ਦਿਨ ਤੋਂ ਬਾਕਾਇਦਾ ਆਰੰਭਤਾ ਕਰਦੇ ਹੋਏ ਤਕਰੀਬਨ ਇਕ ਮਹੀਨਾ ਚੱਲਣ ਵਾਲੇ ਗੁਰਬਾਣੀ ਪਾਠ-ਬੋਧ ਸਮਾਗਮ ਭਾਈ ਮਰਦਾਨਾ ਜੀ ਦੀਵਾਨ ਹਾਲ ਗ. ਸ੍ਰੀ ਬੇਰ ਸਾਹਿਬ ਵਿਖੇ ਸ਼ੁਰੂ ਕਰਵਾਇਆ ਗਿਆ ਹੈ। ਇਸ ਸਮਾਗਮ ਦੀ ਆਰੰਭਤਾ ਕਰਵਾਉਣ ਲਈ ਉਚੇਚੇ ਤੌਰ 'ਤੇ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇ. ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਦੱਸਿਆ ਕਿ ਗੁਰਬਾਣੀ ਪਾਠ-ਬੋਧ ਸਮਾਗਮ 'ਚ ਭਾਗ ਲੈ ਕੇ ਸਮੂਹ ਗ੍ਰੰਥੀ ਸਿੰਘ ਅਤੇ ਅਖੰਡ ਪਾਠੀ ਸਿੰਘ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਕੇ ਹੋਰ ਵੀ ਸ਼ੁੱਧ ਪਾਠ ਕਰਨ ਦਾ ਸੁਭਾਗ ਪ੍ਰਾਪਤ ਕਰ ਸਕਣਗੇ।

ਸਮਾਗਮ ਦੇ ਰਸਮੀ ਉਦਘਾਟਨ ਉਪਰੰਤ ਬੀਬੀ ਜਗੀਰ ਕੌਰ ਨੇ 550 ਸਾਲਾ ਜਸ਼ਨਾਂ ਦੇ ਗੁਰਮਤਿ ਸਮਾਗਮਾਂ ਦੇ ਆਰੰਭ ਹੋਣ ਦਾ ਐਲਾਨ ਕਰਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗੁਰਬਾਣੀ ਪਾਠ-ਬੋਧ ਸਮਾਗਮ 13 ਅਗਸਤ ਤੋਂ 15 ਸਤੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਤੋਂ ਸਕੂਲਾਂ ਦੇ ਬੱਚਿਆਂ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਹੋਣਗੇ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਹਰਜੀਤ ਸਿੰਘ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਦੇ ਵਿਸ਼ੇਸ਼ ਉਪਰਾਲੇ ਸਦਕਾ ਕਰਵਾਏ ਜਾ ਰਹੇ ਇਸ ਸਮਾਗਮ ਦੀ ਸੰਪੂਰਨਤਾ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਨ ਵਾਲੇ ਸਿੰਘਾਂ ਨੂੰ ਮਾਣ-ਸਨਮਾਨ ਅਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨ ਕੀਤਾ ਜਾਵੇਗਾ।

ਸਮਾਗਮ 'ਚ ਜਥੇ. ਸ਼ਿੰਗਾਰਾ ਸਿੰਘ ਲੋਹੀਆਂ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ. ਜਰਨੈਲ ਸਿੰਘ ਡੋਗਰਾਂਵਾਲਾ, ਜਥੇ. ਸਰਵਣ ਸਿੰਘ ਕੁਲਾਰ, ਸਕੱਤਰ ਮਹਿੰਦਰ ਸਿੰਘ ਆਹਲੀ, ਸੁਲੱਖਣ ਸਿੰਘ ਭੰਗਾਲੀ, ਇੰਜੀ. ਸਵਰਨ ਸਿੰਘ, ਮੈਨੇਜਰ ਸਤਨਾਮ ਸਿੰਘ ਰਿਆੜ, ਸਰਬਜੀਤ ਸਿੰਘ ਧੂੰਦਾਂ, ਭਾਈ ਸੁਰਜੀਤ ਸਿੰਘ ਸਭਰਾਅ, ਮੇਜਰ ਸਿੰਘ ਸੰਧੂ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਰੋਡੇ, ਗਿਆਨੀ ਕੁਲਵੰਤ ਸਿੰਘ ਹੈੱਡ ਗ੍ਰੰਥੀ, ਵਿਦਵਾਨ ਭਾਈ ਪਰਮਿੰਦਰ ਸਿੰਘ, ਭਾਈ ਹਰਜੀਤ ਸਿੰਘ ਪ੍ਰਚਾਰਕ, ਭਾਈ ਰਾਜਪਾਲ ਸਿੰਘ ਪ੍ਰਿੰਸੀਪਲ, ਡਾ. ਜਸਵੰਤ ਸਿੰਘ ਪ੍ਰਿੰਸੀਪਲ, ਭਾਈ ਗੁਰਪ੍ਰੀਤ ਸਿੰਘ, ਪ੍ਰੋ. ਮਹਾਬੀਰ ਸਿੰਘ ਆਦਿ ਹੋਰਨਾਂ ਪ੍ਰਚਾਰਕਾਂ ਸ਼ਿਰਕਤ ਕੀਤੀ।


shivani attri

Content Editor

Related News