ਗੁਰਦੁਆਰਾ ਸ਼ਹੀਦਾਂ ਤੱਲ੍ਹਣ ਦੇ 67ਵੇਂ ਸ਼ਹੀਦੀ ਜੋੜ ਮੇਲੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ

Monday, Jun 18, 2018 - 12:28 AM (IST)

ਗੁਰਦੁਆਰਾ ਸ਼ਹੀਦਾਂ ਤੱਲ੍ਹਣ ਦੇ 67ਵੇਂ ਸ਼ਹੀਦੀ ਜੋੜ ਮੇਲੇ ਨੇ ਤੋੜੇ ਪਿਛਲੇ ਸਾਰੇ ਰਿਕਾਰਡ

ਜਲੰਧਰ (ਮਹੇਸ਼) - ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਬਹੁਤ ਹੀ ਸਫਲਤਾਪੂਰਵਕ ਗੁਰਦੁਆਰਾ ਸਾਹਿਬ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲ੍ਹਣ ਵਿਖੇ 67ਵਾਂ ਸ਼ਹੀਦੀ ਜੋੜ ਮੇਲਾ ਐਤਵਾਰ ਦੇਰ ਸ਼ਾਮ ਨੂੰ ਸੰਪੰਨ ਹੋ ਗਿਆ, ਜਿਸ ਵਿਚ ਜਿਥੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਸ਼ਾਮਲ ਹੋਈਆਂ, ਉਥੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ. ਐੱਸ. ਪੀ. ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਨਤਮਸਤਕ ਹੁੰਦੇ ਹੋਏ ਆਪਣੀ ਹਾਜ਼ਰੀ ਦਰਜ ਕਰਵਾਈ। ਮੀਂਹ ਕਰਕੇ ਸੁਹਾਵਣੇ ਰਹੇ ਮੌਸਮ ਕਾਰਨ ਸੰਗਤਾਂ ਨੇ ਜੋੜ ਮੇਲੇ ਦਾ ਬਹੁਤ ਹੀ ਆਨੰਦ ਮਾਣਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ।
ਗੁਰਦੁਆਰਾ ਸ਼ਹੀਦਾਂ ਤੱਲ੍ਹਣ ਦੇ ਰਿਸੀਵਰ-ਕਮ-ਤਹਿਸੀਲਦਾਰ ਜਲੰਧਰ-1 ਕਰਨਦੀਪ ਸਿੰਘ ਭੁੱਲਰ ਦੀ ਸੁਚੱਜੀ ਦੇਖ-ਰੇਖ ਹੇਠ ਲਗਾਤਾਰ ਤਿੰਨ ਦਿਨ ਚੱਲੇ ਇਸ ਭਾਰੀ ਜੋੜ ਮੇਲੇ ਵਿਚ ਸੰਗਤਾਂ ਦੀ ਸੁਵਿਧਾ ਲਈ ਕੀਤੇ ਗਏ ਪ੍ਰਬੰਧਾਂ ਤੋਂ ਡੀ. ਸੀ. ਅਤੇ ਐੱਸ. ਐੱਸ. ਪੀ. ਬੇਹੱਦ ਪ੍ਰਭਾਵਿਤ ਹੋਏ ਅਤੇ ਰਿਸੀਵਰ ਭੁੱਲਰ ਦੀ ਪ੍ਰਸ਼ੰਸਾ ਵੀ ਕੀਤੀ। ਰਿਸੀਵਰ ਨੇ ਬਿਜਲੀ ਦੀ ਬੱਚਤ ਨੂੰ ਲੈ ਕੇ ਹੁਣੇ-ਹੁਣੇ 81 ਲੱਖ ਰੁਪਏ ਦੀ ਲਾਗਤ ਨਾਲ ਗੁਰਦੁਆਰਾ ਸਾਹਿਬ ਵਿਖੇ ਲਾਏ ਗਏ ਸੋਲਰ ਪਾਵਰ ਪਲਾਂਟ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਤਿਆਰ ਕੀਤੇ ਗਏ ਸੁੰਦਰ ਮਾਰਗਾਂ, ਵਾਤਾਵਰਣ ਦੀ ਸ਼ੁੱਧਤਾ ਲਈ ਲਾਏ ਗਏ ਖੂਬਸੂਰਤ ਫੁੱਲ-ਬੂਟਿਆਂ ਅਤੇ ਬਿਹਤਰੀਨ ਪਾਰਿਕੰਗ ਬਾਰੇ ਵੀ ਦੋਵਾਂ ਉੱਚ ਅਫਸਰਾਂ ਨੂੰ ਜਾਣੂ ਕਰਵਾਇਆ।
ਅੱਜ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਮੇਲੇ ਵਿਚ ਸ਼ਾਮਲ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਦੇ ਨਾਲ ਮੱਥਾ ਟੇਕਿਆ। ਸਵੇਰੇ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਢਾਡੀ ਦਰਬਾਰ ਵਿਚ ਭਾਈ ਦੀਦਾਰ ਸਿੰਘ ਦਰਦੀ, ਗਿਆਨੀ ਇੰਦਰਜੀਤ ਸਿੰਘ ਬਜੂਹਾ ਅਤੇ ਭਾਈ ਲਖਵਿੰਦਰ ਸਿੰਘ ਸੋਹਲ ਨੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ।
ਜੋੜ ਮੇਲੇ ਵਾਲੇ ਦਿਨ ਲੱਗੇ ਖੂਨ ਦਾਨ ਕੈਂਪ 'ਚ 100 ਤੋਂ ਵੱਧ ਨੌਜਵਾਨਾਂ ਨੇ ਸਵੈ-ਇਛੁੱਕ ਖੂਨ ਦਾਨ ਕੀਤਾ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵਲੋਂ ਮੁਫਤ ਮੈਡੀਕਲ ਕੈਂਪ ਵੀ ਨਿਰੰਤਰ ਜਾਰੀ ਰਿਹਾ, ਜਿਸ ਦਾ 2500 ਤੋਂ ਵੱਧ ਮਰੀਜ਼ਾਂ ਨੇ ਲਾਭ ਉਠਾਇਆ। ਮੇਲੇ ਵਿਚ ਤੱਲ੍ਹਣ ਦੀ ਗ੍ਰਾਮ ਪੰਚਾਇਤ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਮੈਨੇਜਰ ਬਲਜੀਤ ਸਿੰਘ, ਆਫਿਸ ਸਕੱਤਰ ਹਰਪ੍ਰੀਤ ਸਿੰਘ ਤੇ ਸੁਪਰਵਾਈਜ਼ਰ ਹਰਭਜਨ ਸਿੰਘ ਵਲੋਂ ਵੀ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ।


Related News