ਧੂੜਕੋਟ ਵਿਖੇ ਬਾਬਾ ਕਾਂਸ਼ੀ ਰਾਮ ਜੀ ਦੇ ਦੋਵਾਂ ਗੁਰਦੁਆਰਿਆਂ ਨੂੰ ਕੀਤਾ ਇਕ
Sunday, Feb 18, 2018 - 07:55 AM (IST)

ਫ਼ਰੀਦਕੋਟ (ਜੱਸੀ) - ਪਿੰਡ ਧੂੜਕੋਟ ਵਿਖੇ ਸਥਿਤ ਬਾਬਾ ਕਾਂਸ਼ੀ ਰਾਮ ਜੀ ਦੇ ਦੋਵਾਂ ਗੁਰਦੁਆਰਾ ਸਾਹਿਬ ਨੂੰ ਅੱਜ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇਕ ਕਰ ਦਿੱਤਾ ਹੈ ਅਤੇ ਪੁਰਾਣੀਆਂ ਦੋਵੇਂ ਕਮੇਟੀਆਂ ਨੂੰ ਭੰਗ ਕਰ ਕੇ 19 ਮੈਂਬਰੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਇਸ ਜਗ੍ਹਾ ਨੂੰ ਲੈ ਕੇ ਪਿੰਡ 'ਚ ਕਾਫ਼ੀ ਵਿਵਾਦ ਖੜ੍ਹਾ ਹੋਇਆ ਸੀ, ਜਿਸ ਕਰ ਕੇ ਪਿੰਡ ਦੋ ਧਿਰਾਂ 'ਚ ਵੰਡਿਆ ਗਿਆ ਅਤੇ ਪੁਰਾਣੇ ਗੁਰਦੁਆਰਾ ਸਾਹਿਬ ਨੂੰ ਦੋ ਹਿੱਸਿਆਂ 'ਚ ਵੰਡ ਕੇ ਕੰਧ ਕੱਢ ਦਿੱਤੀ ਗਈ ਸੀ। ਉਸ ਸਮੇਂ ਤੋਂ ਅੱਜ ਤੱਕ ਵੱਖ-ਵੱਖ ਕਮੇਟੀਆਂ ਦੋਵਾਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲ ਰਹੀਆਂ ਸਨ ਅਤੇ ਦੋਵੇਂ ਪਾਸੇ ਵੱਖ-ਵੱਖ ਦਰਬਾਰ ਸਾਹਿਬ, ਲੰਗਰ ਹਾਲ ਅਤੇ ਬਾਕੀ ਸਹੂਲਤਾਂ ਬਣ ਗਈਆਂ ਸਨ ਪਰ ਹੁਣ ਪਿਛਲੇ ਦਿਨੀਂ ਪਿੰਡ ਦੀ ਲੰਗਰ ਕਮੇਟੀ ਦੇ ਸੂਝਵਾਨ ਨੌਜਵਾਨਾਂ ਨੇ ਪਿੰਡ ਦੇ ਹੀ ਜੰਮਪਲ ਅੰਮ੍ਰਿਤਸਰ ਵਿਖੇ ਪੰਜਾਬ ਪੁਲਸ ਵਿਚ ਡਿਊਟੀ ਨਿਭਆ ਰਹੇ ਐੱਸ. ਪੀ. ਅਰਸ਼ਦੀਪ ਸਿੰਘ ਗਿੱਲ ਦੀ ਅਗਵਾਈ 'ਚ ਕਾਫ਼ੀ ਕੋਸ਼ਿਸ਼ ਤੋਂ ਬਾਅਦ ਸਮੁੱਚੇ ਪਿੰਡ ਦੇ ਸਹਿਯੋਗ ਨਾਲ ਦੋਵਾਂ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰ ਕੇ ਦੋਵੇਂ ਕਮੇਟੀਆਂ ਭੰਗ ਕੀਤੀਆਂ ਅਤੇ ਨਵੀਂ 19 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਦਾ ਐਲਾਨ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡਵਾਲਾ ਨੇ ਖੁਦ ਸੰਗਤਾਂ ਦੀ ਹਾਜ਼ਰੀ 'ਚ ਕੀਤਾ। ਇਸ ਮੌਕੇ ਨਵੀਂ ਅਤੇ ਪੁਰਾਣੀ ਕਮੇਟੀ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਐੱਸ. ਪੀ. ਅਰਸ਼ਦੀਪ ਸਿੰਘ ਨੇ 12 ਹਜ਼ਾਰ ਰੁਪਏ ਗੁਰੂ ਘਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਵਾਸਤੇ ਦਿੱਤੇ ਅਤੇ ਕਿਹਾ ਕਿ ਭੋਗ ਉਪਰੰਤ 19 ਮੈਂਬਰੀ ਕਮੇਟੀ ਦੇ ਅਹੁਦੇਦਾਰ ਖੁਦ ਕਮੇਟੀ ਦੇ ਮੈਂਬਰਾਂ ਵੱਲੋਂ ਐਲਾਨੇ ਜਾਣਗੇ।
ਇਸ ਸਮੇਂ ਪੁਰਾਣੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਗੁਰਜੰਟ ਸਿੰਘ, ਨਿਹਾਲ ਸਿੰਘ ਮੈਂਬਰ ਬਲਾਕ ਸੰਮਤੀ, ਰਾਜ ਸਿੰਘ, ਮੁਖਤਿਆਰ ਸਿੰਘ ਐੱਸ. ਐੱਚ. ਓ. ਥਾਣਾ ਸਦਰ ਕੋਟਕਪੂਰਾ, ਸਾਬਕਾ ਸਰਪੰਚ ਸਰਬਜੀਤ ਸਿੰਘ ਪੱਪੂ, ਦਿਲਬਾਗ ਸਿੰਘ ਬਾਗਾ, ਸੂਬੇਦਾਰ ਅਜਮੇਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ, ਪੁਰਾਣੀਆਂ ਦੋਵਾਂ ਕਮੇਟੀਆ ਦੇ ਮੈਂਬਰ ਅਤੇ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ। ਧੂੜਕੋਟ ਵਾਸੀਆਂ ਵੱਲੋਂ ਕੀਤੇ ਹੋਏ ਇਸ ਸ਼ਲਾਘਾਯੋਗ ਫੈਸਲੇ ਦੀ ਇਲਾਕੇ 'ਚ ਵੱਡੀ ਪੱਧਰ 'ਤੇ ਚਰਚਾ ਹੋ ਰਹੀ ਹੈ ਅਤੇ ਲੋਕ ਪਿੰਡ ਵਾਸੀਆਂ ਨੂੰ ਨੇਕ ਸੋਚ ਦੇ ਧਾਰਨੀ ਬਣਨ ਤੇ ਹਰ ਕੋਈ ਮੁਬਾਰਕਾਂ ਦੇ ਰਿਹਾ ਹੈ।