ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ''ਚ ਗ੍ਰਿਫਤਾਰ 27 ਵਿਅਕਤੀ ਭਲਕੇ ਹੋਣਗੇ ਰਿਹਾਅ

Sunday, Oct 13, 2019 - 10:53 AM (IST)

ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ''ਚ ਗ੍ਰਿਫਤਾਰ 27 ਵਿਅਕਤੀ ਭਲਕੇ ਹੋਣਗੇ ਰਿਹਾਅ

ਜਲੰਧਰ (ਮਹੇਸ਼)—ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ ਕੁਝ ਵਿਅਕਤੀਆਂ ਦੀ ਜ਼ਮਾਨਤ ਬੀਤੇ ਦਿਨੀਂ ਮਨਜ਼ੂਰ ਹੋ ਗਈ ਸੀ। ਅੱਜ ਰਾਤ ਨੂੰ 3 ਨੌਜਵਾਨਾਂ ਨੂੰ ਤਿਹਾੜ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿਚ ਪੰਜਾਬ ਤੋਂ ਨਾਨਕ ਸਿੰਘ, ਦਿੱਲੀ ਤੋਂ ਸਤੀਸ਼ ਕੁਮਾਰ, ਨੰਦੂ ਸਿੰਘ ਫਰੀਦਾਬਾਦ ਸ਼ਾਮਲ ਸਨ।

ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਦਿੱਲੀ ਪ੍ਰਧਾਨ ਓਮ ਪ੍ਰਕਾਸ਼, ਬੀ. ਕੇ. ਸਿੰਘ, ਜੋਗਿੰਦਰ ਸਿੰਘ, ਭਾਈ ਸੁਖਚੈਨ ਸਿੰਘ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਤਿਹਾੜੇ ਜੇਲ ਤੋਂ ਬਾਹਰ ਆਉਂਦਿਆਂ ਹੀ ਫੁੱਲਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ 14 ਅਕਤੂਬਰ ਨੂੰ 27 ਵਿਅਕਤੀ ਹੋਰ ਰਿਹਾਅ ਕੀਤੇ ਜਾ ਰਹੇ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜਾਈ ਕਾਰਨ ਇਹ ਨੌਜਵਾਨ ਅੱਜ ਬਾਹਰ ਆਏ ਹਨ, ਜਿਨ੍ਹਾਂ ਨੇ ਬਾਹਰ ਆਉਂਦਿਆਂ ਹੀ ਸੰਤ-ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਨ੍ਹਾਂ ਨੂੰ ਬਾਹਰ ਕੱਢਣ ਵਿਚ ਲਗਾਤਾਰ ਸੰਘਰਸ਼ ਜਾਰੀ ਰੱਖਿਆ।ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਵਫ਼ਦ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ, ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਰ ਵਾਸਤੇ ਉਸੇ ਜਗ੍ਹਾ ਮੰਦਰ ਬਣਾਉਣ ਦਾ ਵੀ ਭਰੋਸਾ ਦਿੱਤਾ ਸੀ।


author

Shyna

Content Editor

Related News