ਗਾਇਕ ਗੁਰੂ ਰੰਧਾਵਾ ਨੇ ਪੂਰਾ ਕੀਤਾ ਵਾਅਦਾ, ਸ਼ਹੀਦ ਮਨਦੀਪ ਸਿੰਘ ਦੇ ਘਰ ਭੇਜੀ ਵਿੱਤੀ ਸਹਾਇਤਾ (ਵੀਡੀਓ)

06/24/2020 4:24:57 PM

ਜਲੰਧਰ (ਬਿਊਰੋ) - ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹੋਈ ਝੜਪ 'ਚ ਭਾਰਤ ਦੇ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਹਨ, ਜਿਨ੍ਹਾਂ 'ਚੋਂ 4 ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੇ ਪੰਜਾਬ ਦੇ 4 ਸ਼ਹੀਦਾਂ ਨੂੰ ਲੈ ਕੇ ਐਲਾਨ ਕੀਤਾ ਸੀ ਕਿ ਉਹ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣਗੇ। ਗੁਰੂ ਰੰਧਾਵਾ ਨੇ ਆਪਣੇ ਵਾਅਦੇ ਮੁਤਾਬਕ ਪਟਿਆਲਾ ਤੋਂ ਸ਼ਹੀਦ ਮਨਦੀਪ ਸਿੰਘ ਦੇ ਘਰ ਆਪਣੀ ਟੀਮ ਤੇ ਪਿਤਾ ਇਕਬਾਲ ਸਿੰਘ ਕੋਲੋਂ ਮਾਲੀ ਸਹਾਇਤਾ ਭੇਜੀ। ਇਸ ਦੌਰਾਨ ਸ਼ਹੀਦ ਮਨਦੀਪ ਸਿੰਘ ਦੀ ਮਾਤਾ ਭਾਵੁਕ ਹੋ ਗਏ ਅਤੇ ਰੋਣ ਲੱਗੇ। ਇਸ ਦੌਰਾਨ ਗੁਰੂ ਰੰਧਾਵਾ ਦੇ ਪਿਤਾ ਨੇ ਕਿਹਾ, 'ਅਸੀਂ ਹਮੇਸ਼ਾ ਸਮੇਂ-ਸਮੇਂ 'ਤੇ ਤੁਹਾਡੇ ਪਰਿਵਾਰ ਦਾ ਹਾਲ ਜਾਣਨ ਤੇ ਸਹਾਇਤਾ ਕਰਨ ਆਉਂਦੇ ਰਹਾਂਗੇ।' ਦੱਸ ਦਈਏ ਕਿ ਸ਼ਹੀਦ ਹੋਏ ਜਵਾਨਾਂ 'ਚੋਂ ਗੁਰਦਾਸਪੁਰ ਤੋਂ ਸਤਨਾਮ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ, ਮਾਨਸਾ ਤੋਂ ਗੁਰਤੇਜ ਸਿੰਘ ਅਤੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਸਨ।

ਦੱਸਣਯੋਗ ਹੈ ਕਿ ਇਸ ਝੜਪ 'ਚ 43 ਚੀਨੀ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ ਪਰ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲਿਆ। ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ ਅਤੇ ਪੂਰੇ ਦੇਸ਼ 'ਚ ਗਮ ਦਾ ਮਾਹੌਲ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।


sunita

Content Editor

Related News