ਗੁਰੂ ਨਗਰੀ ''ਚ ਖਾਕੀ ਅਤੇ ਖਾਦੀ ''ਚ ਖਟਕੀ : ਕਾਂਗਰਸ ਨੇਤਾ ਨੇ ਕੀਤਾ ਭੁੱਖ ਹੜਤਾਲ ਦਾ ਐਲਾਨ

10/08/2017 12:38:10 PM

ਅੰਮ੍ਰਿਤਸਰ (ਬਿਊਰੋ) - ਗੁਰੂ ਨਗਰੀ 'ਚ ਖਾਕੀ ਅਤੇ ਖਾਦੀ 'ਚ ਖਟਕ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਮਾਮਲਾ ਗਰਮਾਉਣ ਦੇ ਆਸਾਰ ਹਨ। ਮਾਮਲਾ ਪੁਲਸ ਚੌਂਕੀ ਨਿਊ ਅੰਮ੍ਰਿਤਸਰ ਦੇ ਏ . ਐੱਸ. ਆਈ. ਨਰਿੰਦਰ ਸਿੰਘ ਅਤੇ ਜ਼ਿਲਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਬਲਜੀਤ ਸਿੰਘ ਚਾਟੀਵਿੰਡ ਵਿਚਕਾਰ ਗਾਲੀ-ਗਲੋਚ ਹੋਣ ਦਾ ਹੈ ਜਿਸ ਕਾਰਨ ਉਕਤ ਕਾਂਗਰਸੀ ਨੇਤਾ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਉਕਤ ਏ. ਐੱਸ. ਆਈ. ਨੂੰ ਸਸਪੈਂਡ ਕਰਕੇ ਉਸ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਪੁਲਸ ਚੌਕੀ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੇਗਾ। 
ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਚਾਟੀਵਿੰਡ ਨੇ ਦੱਸਿਆ ਕਿ ਉਕਤ ਏ. ਐੱਸ. ਆਈ. ਨੇ ਅਲਫਾ ਵਨ ਮਾਲ ਦੇ ਬਾਹਰ ਨਾਕਾ ਲਗਾਇਆ ਸੀ ਜਿੱਥੇ ਉਨ੍ਹਾਂ ਦੇ ਪਿੰਡ ਚਾਟੀਵਿੰਡ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਅਮਰ ਸਿੰਘ ਨੂੰ ਰੋਕ ਕੇ ਮੋਟਸਾਈਕਲ ਦੇ ਕਾਗਜ਼ਾਤ ਮੰਗੇ ਪਰ ਮੋਟਸਾਈਕਲ ਨਵਾਂ ਹੋਣ ਕਾਰਨ ਆਰ. ਸੀ. ਨਹੀਂ ਸੀ ਜਿਸ 'ਤੇ ਏ. ਐੱਸ. ਆਈ. ਨੇ ਬਿਨਾਂ ਕਸੂਰ ਲੜਕੇ ਨੂੰ ਧੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਫਿਰ ਗੱਡੀ 'ਚ ਪਾ ਕੇ ਪੁਲਸ ਚੌਕੀ ਲੈ ਆਏ। 
ਉਕਤ ਨੌਜਵਾਨ ਵੱਲੋਂ ਸੂਚਨਾ ਦੇਣ 'ਤੇ ਜਦੋਂ ਉਸ ਦਾ ਚਾਚਾ ਅਜੀਤ ਸਿੰਘ ਪੰਚ ਪੁਲਸ ਚੌਕੀ ਪਹੁੰਚਿਆ ਤਾਂ ਉਸ ਨੇ ਆਪਣੇ ਮੋਬਾਈਲ ਫੋਨ ਨਾਲ ਉਕਤ ਏ. ਐੱਸ. ਆਈ. ਨਾਲ ਮੇਰੀ ਗੱਲ ਕਰਵਾ ਦਿੱਤੀ ਜਿਸ ਨਾਲ ਮਾਮਲੇ ਦਾ ਕੋਈ ਹੱਲ ਨਿਕਲ ਸਕੇ ਪਰ ਏ. ਐੱਸ. ਆਈ. ਮੇਰੇ ਨਾਲ ਗਾਲੀ-ਗਲੋਚ ਕਰਨ ਲੱਗ ਪਿਆ, ਜਦੋਂ ਰੋਕਿਆ ਤਾਂ ਕਹਿਣ ਲੱਗਾ ਕਿ ''ਮੈਂ ਤੇਰੇ ਵਰਗੇ ਬਹੁਤ ਸਾਰੇ ਨੇਤਾਵਾਂ ਨੂੰ ਸਿੱਧਾ ਕੀਤਾ ਹੈ, ਮੈਂ ਆਪਣੀ ਆਈ 'ਤੇ ਆਇਆ ਤਾਂ ਤੈਨੂੰ ਵੀ ਘਰੋਂ ਚੁੱਕ ਲਵਾਗਾ'' । ਇਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਜਲਦ ਧਿਆਨ 'ਚ ਲਿਆਂਦਾ ਜਾਵੇਗਾ ਤਾਂ ਜੋ ਕਿਸੇ ਹੋਰ ਨੂੰ ਅਜਿਹੇ ਪੁਲਸ ਵਾਲੇ ਦੇ ਹੱਥੋਂ ਬਦਸਲੂਕੀ ਦਾ ਸਾਹਮਣਾ ਨਾ ਕਰਨਾ ਪਵੇ। 


Related News