ਗੁਰੂ ਦਾ ਲੰਗਰ ਹਮੇਸ਼ਾ ਚੱਲਦਾ ਰਹੇ !
Friday, May 08, 2020 - 07:27 PM (IST)
ਉਹ ਸਵੇਰੇ 4 ਵਜੇ ਤੋਂ ਲੰਗਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਸਬਜ਼ੀਆਂ ਕੱਟਣਾ, ਮਸਾਲੇ ਮਿਲਾਉਣਾ, ਆਟਾ ਗੁੰਨਣਾ ਆਦਿ ਸਵੇਰ ਦਾ ਮੁੱਖ ਕੰਮ ਹੁੰਦਾ ਹੈ। ਵਲੰਟੀਅਰਾਂ ਦੀਆਂ ਪੰਜ ਟੀਮਾਂ ਬਣਾਈਆਂ ਗਈਆਂ ਹਨ, ਜੋ ਸ਼ਿਫਟਾਂ ਵਿਚ ਕੰਮ ਕਰਦੀਆਂ ਹਨ। ਲੰਗਰ ਬਣਾਉਣਾ, ਵੰਡਣਾ, ਸਾਫ ਸਫਾਈ ਕਰਨੀ ਅਤੇ ਫੋਨ ਸੁਣਨੇ ਉਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ।
ਇਕ ਦਿਨ 'ਚ ਨੇੜਲੇ ਪੰਜ ਹਸਪਤਾਲਾਂ, ਸੰਭਾਲ ਘਰਾਂ ਅਤੇ ਲੋੜਵੰਦਾਂ ਨੂੰ ਭੋਜਨ ਦੇ ਘੱਟੋ-ਘੱਟ 850 ਪੈਕੇਟ ਵੰਡੇ ਜਾਂਦੇ ਹਨ, ਕਈ ਦਿਨ ਇਹ ਅੰਕੜਾ 1000 ਵੀ ਹੁੰਦਾ ਹੈ।
ਸਿੱਖ ਭਾਈਚਾਰਾ ਗ੍ਰੇਵਸੈਂਡ ਕੈਂਟ ਦੇ ਜਿਸ ਗੁਰੂ ਨਾਨਕ ਦਰਬਾਰ ਗੁਰੂਦੁਆਰੇ 'ਚ ਆਮ ਦਿਨਾਂ 'ਚ ਨਤਮਸਤਕ ਹੁੰਦਾ ਹੈ, ਉਥੋਂ ਦੇ ਲੰਗਰ ਹਾਲ ਵਿਚ ਹੀ ਇਹ ਲੰਗਰ ਤਿਆਰ ਹੁੰਦਾ ਹੈ। ਇਹ ਇਨਸਾਨੀਅਤ ਨੂੰ ਸਮਰਪਿਤ ਸਰਬ ਸਾਂਝੀ ਰਸੋਈ ਹੈ, ਜੋ ਲੋੜਵੰਦਾਂ ਨੂੰ ਦਿਨ-ਰਾਤ ਮੁਫਤ ਭੋਜਨ ਮੁਹੱਈਆ ਕਰਵਾਉਂਦੀ ਹੈ।
ਕੋਰੋਨਾ ਵਾਇਰਸ ਸੰਕਟ 'ਚ ਗਰੀਬਾਂ ਅਤੇ ਬੇਘਰਾਂ ਤੋਂ ਇਲਾਵਾ ਹਸਪਤਾਲਾਂ ਅਤੇ ਕੇਅਰ ਹੋਮਜ਼ ਵਿਚ ਲੰਮੇ ਸਮੇਂ ਤੋਂ ਬੀਮਾਰੀ ਨਾਲ ਲੜਨ ਵਾਲੇ ਕਰਮਚਾਰੀਆਂ ਤੱਕ ਲੰਗਰ ਪਹੁਚਾਇਆ ਜਾਂਦਾ ਹੈ। ਗੁਰੂਘਰ ਵਲੋਂ ਦਿੱਤੇ ਜਾਣ ਵਾਲੇ ਲੰਗਰ ਨੇ ਕਰਮਚਾਰੀਆਂ ਨੂੰ ਭੋਜਨ ਘਰੋਂ ਜਾਂ ਕਿਸੇ ਦੁਕਾਨ ਤੋਂ ਫੜਨ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ।
ਗ੍ਰੇਵਸੈਂਡ ਗੁਰਦੁਆਰੇ ਵਲੋਂ ਇਨ੍ਹਾਂ ਦਿਨਾਂ 'ਚ ਸਿਹਤ ਕਾਮਿਆਂ ਨੂੰ ਲੰਗਰ ਦੇਣ ਦੀ ਦੇਸ਼ ਵਿਆਪੀ ਕੋਸ਼ਿਸ਼ ਇਕ ਚੰਗੀ ਉਦਾਹਰਣ ਹੈ। ਤਾਲਾਬੰਦੀ ਕਾਰਨ ਜਿਹੜੇ ਰੈਸਟੋਰੈਂਟਾਂ ਅਤੇ ਕੈਫੇਜ ਨੂੰ ਲੋਕਾਂ ਲਈ ਮਜਬੂਰੀ ਵੱਸ ਬੰਦ ਕਰਨਾ ਪਿਆ, ਉਹ ਹੁਣ ਭੋਜਨ ਬਣਾ ਕੇ ਲੋਕਾਂ ਨੂੰ ਵੰਡ ਰਹੇ ਹਨ। ਫਾਸਟ ਫੂਡ ਚੇਨ ਵੀ ਇਸ ਕੰਮ 'ਚ ਸ਼ਾਮਲ ਹੋ ਗਈਆਂ ਹਨ। ਬੇਕਰੀਆਂ ਵੀ ਮਿੱਠੇ ਪਕਵਾਨ ਵੰਡ ਕੇ ਯੋਗਦਾਨ ਪਾ ਰਹੀਆਂ ਹਨ। ਡਿਲੀਵਰੂ ਨੇ ਵੀ ਹਸਪਤਾਲਾਂ ਵਿਚ ਸਿਹਤ ਕਰਮਚਾਰੀਆਂ ਲਈ 5 ਲੱਖ ਭੋਜਨ ਮੁਫਤ ਉਪਲਬਧ ਕਰਾਉਣ ਦਾ ਵਾਅਦਾ ਕੀਤਾ ਹੈ।
ਗਿਰਜਾ ਘਰ, ਮਸਜਿਦਾਂ, ਪ੍ਰਾਰਥਨਾ ਸਥਾਨ ਅਤੇ ਹੋਰ ਧਰਮ ਸੰਗਠਨ ਐੱਨ.ਐੱਚ.ਐੱਸ. ਅਤੇ ਹੋਰ ਫਰੰਟਲਾਈਨ ਕਰਮਚਾਰੀਆਂ ਦੀ ਸਹਾਇਤਾ ਲਈ ਅੱਗੇ ਵੱਧ ਰਹੇ ਹਨ। ਬਾਥ ਦੇ ਸੇਂਟ ਮਾਈਕਲ ਚਰਚ ਨੇ PPE ਕਿੱਟਾਂ ਦੇ ਉਤਪਾਦਨ ਲਈ ਆਪਣੀ ਜਗ੍ਹਾ ਬਦਲ ਲਈ ਹੈ। ਟੇਪੀਸਰਾਂ ਦੀ ਐਕਸੈਟਰ ਕੈਥੇਡ੍ਰਲ ਕੰਪਨੀ ਨੇ ਆਪਣਾ ਸਮਾਨ ਬਣਾਉਣਾ ਬੰਦ ਕਰਕੇ ਡਾਕਟਰ ਤੇ ਨਰਸਾਂ ਵਲੋਂ ਹਸਪਤਾਲਾਂ 'ਚ ਵਰਤਿਆ ਜਾਣ ਵਾਲਾ ਸਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਐਨਫੀਲਡ ਵਿੱਚ ਕ੍ਰਿਸਟ ਚਰਚ ਨੇ ਲੋੜਵੰਦ ਅਤੇ ਬਜ਼ੁਰਗ ਲੋਕਾਂ ਨੂੰ ਮੁਫਤ ਭੋਜਨ ਦੀ ਪੇਸ਼ਕਸ਼ ਕਰਨ ਲਈ ਲੀਵਰਪੂਲ ਫੁੱਟਬਾਲ ਕਲੱਬ ਨਾਲ ਮਿਲ ਕੇ ਕੰਮ ਕੀਤਾ ਹੈ।
ਸਾਰੇ ਦੇਸ਼ ਦੀਆਂ ਮਸਜਿਦਾਂ ਘਰ ਤੋਂ ਦੂਰ ਮੋਹਰਲੀ ਕਤਾਰ 'ਚ ਡਟੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਰਮਦਾਨ ਇਫਤਾਰ ਦੇ ਰਹੀਆਂ ਹਨ।
23 ਮਾਰਚ, ਜਿਸ ਦਿਨ ਤਾਲਾਬੰਦੀ ਹੋਈ ਹੈ ਉਸੇ ਦਿਨ ਤੋਂ ਹੀ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਲੋਂ ਲੰਗਰ ਵੰਡਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ। ਉਸ ਵੇਲੇ 8 ਕੁ ਭੋਜਨ ਹੀ ਤਿਆਰ ਕੀਤੇ ਜਾਂਦੇ ਸਨ ਪਰ ਹੁਣ ਮੰਗ ਇੰਨੀ ਵੱਧ ਗਈ ਹੈ ਕਿ ਸਿੱਖ ਭਾਈਚਾਰੇ ਵਲੋਂ ਕੁਝ ਹੋਰ ਗੁਰਦਵਾਰਿਆਂ 'ਚ ਲੰਗਰ ਬਣਾਕੇ ਵੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਗੁਰੂਘਰ ਦੀਆਂ ਕੰਧਾਂ ਅਤੇ ਅੰਦਰੂਨੀ ਹਿੱਸੇ ਨੂੰ ਸੰਗਮਰਮਰ ਦੇ ਨਾਲ ਸਜਾਇਆ ਗਿਆ ਹੈ। ਇਸ 'ਚ ਰਾਜਸਥਾਨ ਦੇ ਕੀਮਤੀ ਪੱਥਰਾਂ ਅਤੇ ਪੰਜਾਬ ਤੋਂ ਆਈ ਸ਼ਾਨਦਾਰ ਮੀਨਾਕਾਰੀ ਵਾਲੀ ਲੱਕੜੀ ਨਾਲ ਸਜਾਵਟ ਹੋਈ ਹੈ। ਕੀਰਤਨ ਅਤੇ ਵਿਆਹ ਕਰਨ ਵੇਲੇ ਵਰਤੇ ਜਾਣ ਵਾਲੇ ਤਿੰਨ ਵੱਡੇ ਹਾਲ ਇਸ ਸਮੇਂ ਖਾਲੀ ਹਨ ਪਰ ਭੋਜਨ ਤਿਆਰ ਕਰਨ ਅਤੇ ਪੈਕਿੰਗ ਕਰਨ ਲਈ ਰਸੋਈ ਘਰ ਵਿਚ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ। 8 ਬੀਬੀਆਂ ਪੇੜੇ ਕਰਕੇ ਰੋਟੀਆਂ ਪਕਾ ਰਹੀਆਂ ਹਨ ਅਤੇ ਇਹ ਰੋਟੀਆਂ ਮੱਖਣ ਨਾਲ ਵੀ ਚੋਪੜੀਆਂ ਜਾ ਰਹੀਆਂ ਹਨ। ਕਈ ਜਣੇ ਅਗਲੇ ਦਿਨ ਦੀ ਸਬਜ਼ੀ ਦਾ ਪ੍ਰਬੰਧ ਕਰ ਰਹੇ ਹਨ। ਦੂਜੇ ਰਸੋਈ ਵਿਚ ਸੇਵਾਦਾਰ ਚੋਲਾਂ ਦੇ ਨਾਲ ਕਾਲੇ ਛੋਲਿਆਂ ਦੀ ਸਬਜ਼ੀ ਪੈਕ ਕਰ ਰਹੇ ਹਨ। ਸਾਰਾ ਲੰਗਰ ਵੰਡਣ ਤੱਕ ਫਰੀਜ਼ਰ 'ਚ ਹੀ ਰੱਖਿਆ ਜਾਂਦਾ ਹੈ।
ਮਨਪ੍ਰੀਤ ਸਿੰਘ ਧਾਲੀਵਾਲ, ਜੋ ਜਨਵਰੀ ਵਿਚ ਗੁਰਦੁਆਰਾ ਪ੍ਰਧਾਨ ਚੁਣੇ ਗਏ ਹਨ ਅਨੁਸਾਰ, ਪਿਛਲੇ ਕੁਝ ਹਫ਼ਤਿਆਂ ਵਿਚ ਸੇਵਾ ਕਰਨ ਵਾਲੀ ਪੀੜ੍ਹੀ ਬਦਲ ਗਈ ਹੈ। ਉਹ ਕਹਿੰਦੇ ਹਨ ਕਿ "ਆਮ ਤੌਰ 'ਤੇ ਇਹ ਪੁਰਾਣੀ ਪੀੜ੍ਹੀ ਹੈ, ਜੋ ਸਵੈ-ਸੇਵੀ ਹੁੰਦੀ ਹੈ, ਜਦੋਂ ਕਿ ਉਨ੍ਹਾਂ ਦੇ ਬੱਚੇ ਕੰਮ 'ਤੇ ਹੁੰਦੇ ਹਨ ਪਰ ਹੁਣ ਵੱਡੇ-ਵਡੇਰੇ ਘਰੇ ਹਨ। ਉਨ੍ਹਾਂ ਦੇ ਬੱਚਿਆਂ ਕੋਲ ਸੇਵਾ ਕਰਨ ਲਈ ਸਮਾਂ ਹੈ।" ਉਨ੍ਹਾਂ ਦੱਸਿਆ ਕਿ "ਬਜ਼ੁਰਗ ਗੁਰਦਵਾਰੇ ਆ ਕੇ ਪੂਜਾ ਪਾਠ ਅਤੇ ਸੇਵਾ ਕਰਨ ਤੋਂ ਬੇਵਸ ਘਰ ਬੈਠੇ ਹਨ। ਸਿੱਖਾਂ ਨੂੰ ਬਚਪਨ ਤੋਂ ਹੀ ਸਰਬੱਤ ਦੇ ਭਲੇ ਲਈ ਕੰਮ ਕਰਨ ਨੂੰ ਪ੍ਰੇਰਿਆ ਜਾਂਦਾ ਹੈ। "
ਗੁਰਦੁਵਾਰੇ ਤੋਂ 7 ਮੀਲ ਦੂਰ ਡਾਰੈਂਟ ਵੈਲੀ ਹਸਪਤਾਲ ਵਿਖੇ ਲੇਸਲੀਅਨ ਓਸਬਰਨ ਰਣਨੀਤੀ ਅਤੇ ਯੋਜਨਾਬੰਦੀ ਦੀ ਨਿਰਦੇਸ਼ਕ ਹੈ। ਜੋ ਹੁਣ ਕਾਰਜਸ਼ੀਲ ਮਾਮਲਿਆਂ' ਤੇ ਕੇਂਦ੍ਰਿਤ ਹੈ। ਉਹ ਸਵੇਰੇ ਗੁਰਦੁਆਰੇ ਤੋਂ ਲੰਗਰ ਲੈ ਕੇ ਵੰਡਣ ਜਾਣ ਲਈ ਤਿਆਰ ਸੀ। ਉਸਨੇ ਕਿਹਾ, “ਅਸੀਂ ਸਿੱਖ ਭਾਈਚਾਰੇ ਅਤੇ ਗੁਰਦੁਵਾਰੇ ਦੇ ਧੰਨਵਾਦੀ ਹਾਂ ਜੋ ਇਸ ਔਖੀ ਘੜੀ ਰੋਜ਼ਾਨਾ ਹਸਪਤਾਲ ਦੇ ਸਟਾਫ ਨੂੰ ਲੰਗਰ ਵੰਡ ਰਹੇ ਹਨ। ਕਿਉਂਕਿ ਸਟਾਫ ਕੋਲ ਖਾਣ ਲਈ ਕੁਝ ਲਿਆਉਣ ਲਈ ਸਮਾਂ ਵੀ ਨਹੀਂ ਹੁੰਦਾ। ਲੰਗਰ ਉਨ੍ਹਾਂ ਨੂੰ ਜਿਉਂਦਾ ਰੱਖ ਰਿਹਾ ਹੈ।"
ਉਸ ਨੇ ਕਿਹਾ ਕਿ "ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਕਰਕੇ ਚੋਟੀ ਦਾ ਪੱਧਰ ਪਾਰ ਕਰ ਗਿਆ ਸੀ। ਹੁਣ ਇੰਟੈਂਸਿਵ ਕੇਅਰ ਯੂਨਿਟ ਦੀ ਸਮਰੱਥਾ ਆਮ ਦਿਨਾਂ ਵਾਂਗ ਵਾਪਸ ਆ ਗਈ ਹੈ। ਜੋ ਪਹਿਲਾਂ 3 ਗੁਣਾ ਵੱਧ ਸੀ। ਬਹੁਤ ਹੀ ਉੱਚ ਪੱਧਰ 'ਤੇ ਕੰਮ ਕਰਨ ਦੇ ਦੋ ਮਹੀਨਿਆਂ ਬਾਅਦ ਸਾਨੂੰ ਉਨ੍ਹਾਂ ਸਬਕਾਂ ਤੋਂ ਸਿੱਖਣ ਦੀ ਜ਼ਰੂਰਤ ਹੈ, ਜੋ ਸਾਨੂੰ ਭਵਿੱਖ ਲਈ ਤਿਆਰ ਕਰਨਗੇ। ਸਭ ਤੋਂ ਭਿਆਨਕ ਦਿਨਾਂ ਦੌਰਾਨ ਮੋਹਰਲੀ ਕਤਾਰ 'ਚ ਕੰਮ ਕਰ ਰਹੇ ਕਰਮਚਾਰੀ ਸਿੱਖ ਭਾਈਚਾਰੇ ਤੋਂ ਪ੍ਰਭਾਵਿਤ ਹਨ। ਉਹ ਸਾਡੇ ਹਸਪਤਾਲ ਦੇ ਦਰਵਾਜ਼ੇ 'ਤੇ ਪਿਆਰ ਅਤੇ ਸਰੀਰਕ ਤੌਰ 'ਤੇ ਭੋਜਨ ਲੈ ਕੇ ਆਏ, ਇਹ ਬਹੁਤ ਸੁਆਦੀ ਹੈ। ਮੈਂ ਚਾਹੁੰਦੀ ਹਾਂ ਕਿ ਇਹ ਲੰਗਰ ਹਮੇਸ਼ਾ ਖਾਵਾਂ।"