ਸਵਾਰੀਆਂ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ, 5 ਜ਼ਖਮੀ
Wednesday, Jun 05, 2019 - 05:13 PM (IST)

ਗੁਰੂ ਕਾ ਬਾਗ (ਭੱਟੀ) : ਅੰਮ੍ਰਿਤਸਰ ਫਤਿਹਗੜ੍ਹ ਚੂੜ੍ਹੀਆਂ ਰੋਡ 'ਤੇ ਪੈਂਦੇ ਪਿੰਡ ਚੇਤਨਪੁਰਾ ਤੇ ਸੋਹੀਆਂ ਕਲ੍ਹਾਂ ਵਿਚਕਾਰ ਅੱਜ ਨਿੱਜੀ ਬੱਸ ਦੇ ਕਰਿੰਦਿਆਂ ਤੇ ਆਟੋ ਚਾਲਕਾਂ ਵਿਚਕਾਰ ਸਵਾਰੀਆਂ ਨੂੰ ਲੈ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਮੌਕੇ 'ਤੇ ਪੁੱਜੇ ਪੁਲਸ ਥਾਣਾ ਮਜੀਠਾ ਦੇ ਏ.ਐੱਸ.ਆਈ ਯਸ਼ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬੱਸ ਤੇ ਆਟੋ ਚਾਲਕਾਂ 'ਤ ਸਵਾਰੀਆਂ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਉਸੇ ਝਗੜੇ ਨੂੰ ਲੈ ਕੇ ਅੱਜ 80 ਦੇ ਕਰੀਬ ਅਣਪਛਾਤੇ ਆਟੋ ਚਾਲਕਾਂ ਵਲੋਂ ਨਿੱਜੀ ਬੱਸਾਂ ਦੇ ਕਰਿੰਦੇ ਹੈਪੀ ਮਹੱਦੀਪੁਰ, ਗੁਰਬਾਜ ਸਿੰਘ ਮੋਹਨ ਭੰਡਾਰੀਆਂ, ਪ੍ਰਗਟ ਸਿੰਘ ਪਠਾਨਨੰਗਲ, ਰੇਸ਼ਨ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉਕਤ ਵਿਅਕਤੀ ਜਦੋਂ ਆਪਣੇ ਬਚਾਅ ਲਈ ਨੇੜੇ ਲੱਗਦੇ ਬਹਿਕ 'ਚ ਜਾ ਵੜ੍ਹੇ ਤਾਂ ਹਮਲਾਵਾਰ ਵੀ ਉਨ੍ਹਾਂ ਦੇ ਪਿੱਛੇ ਉਥੇ ਪਹੁੰਚ ਗਏ ਤੇ ਉਥੇ ਮੌਜੂਦ ਇਕ ਘਰ ਦੇ ਜੀਆਂ 'ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਕਿਸਾਨ ਅਮਰੀਕ ਸਿੰਘ, ਕ੍ਰਿਪਾਲ ਸਿੰਘ ਹੈਪੀ, ਰੁਪਿੰਦਰ ਕੌਰ ਪਤਨੀ ਕੁਲਵੰਤ ਸਿੰਘ, ਰਵੀਕਰਨ ਸਿੰਘ ਪੁੱਤਰ ਕ੍ਰਿਪਾਲ ਸਿੰਘ, ਰਾਜਬੀਰ ਕੌਰ ਪਤਨੀ ਇਕਬਾਲ ਸਿੰਘ ਵਾਸੀ ਸੋਹੀਆਂ ਕਲ੍ਹਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।