400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਰਕਾਰ ਨੇ ਮੰਗੀ ਰਿਪੋਰਟ

Monday, Dec 30, 2019 - 11:48 AM (IST)

ਗੁਰੂ ਕਾ ਬਾਗ/ਹਰਸ਼ਾ ਛੀਨਾ (ਭੱਟੀ) : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਪ੍ਰੈਲ 2021 'ਚ ਆ ਰਹੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਤਰਜ਼ ਅਨੁਸਾਰ ਵੱਡੀ ਪੱਧਰ 'ਤੇ ਮਨਾਉਣ ਸਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇਤਿਹਾਸਕ ਥਾਵਾਂ ਦੀ ਚੋਣ ਕਰ ਕੇ ਰਿਪੋਰਟ ਭੇਜਣ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਇਸੇ ਹੀ ਲੜੀ ਤਹਿਤ ਜ਼ਿਲਾ ਅੰਮ੍ਰਿਤਸਰ ਦੇ ਬਲਾਕ ਹਰਸ਼ਾ ਛੀਨਾ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 9 ਮਹੀਨੇ ਤੋਂ ਵੱਧ ਸਮਾਂ ਗੁਜ਼ਾਰਿਆ, ਦੀ ਚੋਣ ਕਰਨ ਲਈ ਅਧਿਕਾਰੀ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨਾਲ ਇਕ ਮੀਟਿੰਗ ਕਰਨ ਲਈ ਪਹੁੰਚੇ।

ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਤੋਂ ਇਸ ਇਤਿਹਾਸਕ ਜਗ੍ਹਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਕੇ ਰਿਪੋਰਟ ਤਿਆਰ ਕੀਤੀ। ਪਿੰਡ ਵਾਸੀਆਂ ਨੇ ਬੀ. ਡੀ. ਪੀ. ਓ. ਨੂੰ ਗੁਰੂ ਕਾ ਬਾਗ ਗੇਟ ਤੋਂ ਗੁ. ਬਾਉਲੀ ਸਾਹਿਬ ਪਿੰਡ ਘੁੱਕੇਵਾਲੀ ਤੱਕ ਸੜਕ ਦੇ ਕੰਢਿਆਂ 'ਤੇ ਲਾਈਟਾਂ ਲਾਉਣ, ਨਿਕਾਸੀ ਨਾਲਾ ਬਣਾਉਣ, ਪਿੰਡ 'ਚ ਪਾਰਕ, ਪੰਚਾਇਤ ਘਰ, ਆਂਗਣਵਾੜੀ ਸੈਂਟਰ ਤੇ ਜਿਮ ਲਈ ਕਮਰੇ ਦੀ ਮੰਗ ਅਤੇ ਰੂੜੀਆਂ ਲਈ ਜਗ੍ਹਾ ਦਾ ਪ੍ਰਬੰਧ ਕਰ ਕੇ ਦੇਣ, ਗਲੀਆਂ-ਨਾਲੀਆਂ ਦਾ ਸੁਧਾਰ ਤੇ ਪਿੰਡ ਦੀ ਫਿਰਨੀ ਬਣਾਉਣ ਤੋਂ ਇਲਾਵਾ ਮੱਸਿਆ ਅਤੇ ਹੋਰ ਧਾਰਮਿਕ ਦਿਹਾੜਿਆਂ 'ਤੇ ਗੁਰਦੁਆਰਾ ਸਾਹਿਬ 'ਚ ਆਉਣ ਵਾਲੀਆਂ ਸੰਗਤਾਂ ਲਈ ਬਾਈਪਾਸ ਤਿਆਰ ਕਰਨ ਸਬੰਧੀ ਮੰਗਾਂ ਰੱਖੀਆਂ।

ਇਸ ਮੌਕੇ ਬੀ. ਡੀ. ਪੀ. ਓ. ਪਵਨ ਕੁਮਾਰ ਨੇ ਦੱਸਿਆ ਕਿ ਇਹ ਰਿਪੋਰਟ 3 ਜਨਵਰੀ ਤੱਕ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ ਤੇ ਇਸ ਰਿਪੋਰਟ ਨੂੰ 7 ਜਨਵਰੀ ਨੂੰ ਪੰਜਾਬ ਦੀ ਕੈਬਨਿਟ ਮੀਟਿੰਗ 'ਚ ਵਿਚਾਰ-ਚਰਚਾ ਲਈ ਲਿਆਂਦਾ ਜਾਵੇਗਾ, ਜਿਸ ਉਪਰੰਤ ਮਤਾ ਪਾਸ ਹੋਣ 'ਤੇ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਜਾਣਗੇ। ਇਸ ਮੌਕੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਹੈੱਡ ਗ੍ਰੰਥੀ ਬਾਬਾ ਮਲਕੀਤ ਸਿੰਘ ਤੇ ਮੈਨੇਜਰ ਪ੍ਰਗਟ ਸਿੰਘ ਤੇੜਾ, ਸਰਪੰਚ ਰਾਜੂ ਘੁੱਕੇਵਾਲੀ, ਮਾ. ਸਵਰਨ ਸਿੰਘ ਆਦਿ ਵੱਲੋਂ ਬੀ. ਡੀ. ਪੀ. ਓ. ਪਵਨ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


Baljeet Kaur

Content Editor

Related News