ਪੀ.ਐੈੱਨ.ਬੀ. ਈ-ਆਕਸ਼ਨ ਰਾਹੀਂ ਕਰਾਏਗਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ

Monday, Mar 18, 2019 - 10:12 AM (IST)

ਪੀ.ਐੈੱਨ.ਬੀ. ਈ-ਆਕਸ਼ਨ ਰਾਹੀਂ ਕਰਾਏਗਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ

ਜਲੰਧਰ (ਪੁਨੀਤ) – ਬੈਂਕ ਦਾ ਲੋਨ ਚੁਕਾਉਣ 'ਚ ਅਸਮਰੱਥ ਇੰਪਰੂਵਮੈਂਟ ਟਰੱਸਟ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ, ਕਿਉਂਕਿ ਪੀ. ਐੈੱਨ. ਬੀ. (ਪੰਜਾਬ ਨੈਸ਼ਨਲ ਬੈਂਕ) ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ ਕਰਵਾਉਣ ਜਾ ਰਿਹਾ ਹੈ ਤਾਂ ਕਿ ਉਸ ਦੇ ਲੋਨ ਦੀ ਰਿਕਵਰੀ ਹੋ ਸਕੇ। ਨੀਲਾਮੀ 'ਚ ਬੈਂਕ ਕੋਲ ਗਹਿਣੇ ਪਈਆਂ ਕੁੱਲ 577 ਕਰੋੜ ਦੀਆਂ ਜਾਇਦਾਦਾਂ ਰੱਖੀਆਂ ਜਾਣਗੀਆਂ। ਇੰਪਰੂਵਮੈਂਟ ਟਰੱਸਟ ਨੇ 2011 'ਚ ਸੂਰੀਆ ਐਨਕਲੇਵ ਐਕਸਟੈਂਸ਼ਨ ਸਕੀਮ ਲਈ ਬੈਂਕ ਤੋਂ 175 ਕਰੋੜ ਦਾ ਲੋਨ ਲਿਆ ਪਰ 7-8 ਸਾਲ ਬੀਤ ਜਾਣ ਤੋਂ ਬਾਅਦ ਮਾਰਚ ਅਖੀਰ ਤੱਕ 112 ਕਰੋੜ ਤੋਂ ਜ਼ਿਆਦਾ ਦਾ ਲੋਨ ਬਕਾਇਆ ਰਿਹਾ। 

ਮਾਰਚ ਅਖੀਰ 'ਚ ਟਰੱਸਟ ਦਾ ਬੈਂਕ ਅਕਾਊਂਟ ਐੈੱਨ. ਪੀ. ਏ. (ਨਾਨ ਪ੍ਰੋਫਾਰਮਿੰਗ ਅਸਟੇਟ) ਐਲਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਰਕਮ ਅਦਾ ਕਰਨ ਦੇ ਸਬੰਧ 'ਚ ਟਰੱਸਟ ਨੂੰ ਕਈ ਨੋਟਿਸ ਭੇਜੇ ਗਏ ਪਰ ਅਦਾਇਗੀ ਨਹੀਂ ਹੋ ਸਕੀ। ਇਸ ਤੋਂ ਬਾਅਦ ਬੈਂਕ ਨੇ ਨਿਯਮਾਂ  ਦੇ ਹਿਸਾਬ ਨਾਲ ਗਹਿਣੇ ਰੱਖੀਆਂ ਗਈਆਂ ਜਾਇਦਾਦਾਂ ਨੂੰ ਕਬਜ਼ੇ 'ਚ ਲੈਣਾ ਸ਼ੁਰੂ ਕਰ ਦਿੱਤਾ।ਇਸ ਕਾਰਵਾਈ ਦੌਰਾਨ ਬੈਂਕ ਨੇ ਟਰੱਸਟ ਦੀ ਕੁੱਲ 577 ਕਰੋੜ ਦੀ ਪ੍ਰਾਪਰਟੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੋਇਆ ਹੈ। ਬੈਂਕ ਤੋਂ ਲੋਨ ਲੈਂਦੇ ਸਮੇਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਵੈਲਿਊ 288 ਕਰੋੜ ਲਾਈ ਗਈ ਸੀ, ਜਿਸ 'ਤੇ ਬੈਂਕ ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ 28 ਅਗਸਤ ਨੂੰ ਸਟੇਡੀਅਮ 'ਤੇ ਸਿਬਾਲਿਕ (ਰਸਮੀ) ਸੀਲ ਲਗਾ ਦਿੱਤੀ। 1 ਸਤੰਬਰ ਨੂੰ 289 ਕਰੋੜ ਦੀਆਂ ਬਾਕੀ ਦੀਆਂ ਜਾਇਦਾਦਾਂ 'ਚ ਸ਼ਾਮਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ, 170 ਏਕੜ ਸੂਰੀਆ ਐਨਕਲੇਵ, 94.97 ਏਕੜ ਸੂਰੀਆ ਐਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਆਦਿ ਦੀਆਂ ਜਾਇਦਾਦਾਂ 'ਤੇ ਬੈਂਕ ਨੇ ਆਪਣੇ ਬੋਰਡ ਲਾ ਕੇ ਫਿਜ਼ੀਕਲੀ ਕਬਜ਼ਾ ਲੈ ਲਿਆ।ਜੀ. ਟੀ. ਰੋਡ ਸਥਿਤ ਬੈਂਕ ਦੀ ਬ੍ਰਾਂਚ ਦੇ ਸੀਨੀਅਰ ਮੈਨੇਜਰ ਕੇ. ਸੀ. ਗਗਰਾਨੀ ਨੇ ਕਿਹਾ ਕਿ ਸਟੇਡੀਅਮ ਸਣੇ ਹੋਰ ਪ੍ਰਾਪਰਟੀਆਂ ਦੀ ਨੀਲਾਮੀ ਦੀ ਮਿਤੀ ਜਲਦੀ ਹੀ ਐਲਾਨੀ ਜਾਏਗੀ, ਜਿਸ ਲਈ ਸੀਨੀਅਰ ਅਧਿਕਾਰੀਆਂ ਤੋਂ ਹਦਾਇਤਾਂ ਲਈਆਂ ਜਾ ਰਹੀਆਂ ਹਨ।

ਨੀਲਾਮੀ ਕਰਵਾਉਣ ਦੀ ਤਿਆਰੀ 'ਚ ਟਰੱਸਟ
ਚੋਣ ਜ਼ਾਬਤਾ ਲਾਗੂ ਹੋਣ ਕਾਰਨ ਕਈ ਸਰਕਾਰੀ ਕੰਮਾਂ 'ਤੇ ਰੋਕ ਲੱਗ ਜਾਂਦੀ ਹੈ, ਇਸ ਸਿਲਸਿਲੇ 'ਚ ਜਾਇਦਾਦਾਂ ਦੀ ਨੀਲਾਮੀ ਕਰਵਾਉਣਾ ਵੀ ਸ਼ਾਮਲ ਹੈ ਪਰ ਇੰਪਰੂਵਮੈਂਟ ਟਰੱਸਟ ਆਪਣੀਆਂ ਜਾਇਦਾਦਾਂ ਦੀ ਨੀਲਾਮੀ ਕਰਵਾਉਣ ਲਈ ਚੋਣ ਕਮਿਸ਼ਨ ਤੋਂ ਇਜਾਜ਼ਤ ਲੈਣ ਜਾ ਰਿਹਾ ਹੈ। ਟਰਸੱਟ 'ਤੇ ਮੌਜੂਦਾ ਸਮੇਂ 'ਚ 250 ਕਰੋੜ ਤੋਂ ਜ਼ਿਆਦਾ ਦੀਆਂ ਦੇਣਦਾਰੀਆਂ ਹਨ, ਇਸ 'ਚ 100 ਕਰੋੜ ਤੋਂ ਜ਼ਿਆਦਾ ਦੀ ਇਨਹਾਂਸਮੈਂਟ ਸ਼ਾਮਲ ਹੈ। ਸੁਪਰੀਮ ਕੋਰਟ 'ਚ ਚੱਲ ਰਹੇ ਇਨਹਾਂਸਮੈਂਟ ਦੇ ਕੇਸ ਦਾ ਹਵਾਲਾ ਦੇ ਕੇ ਇੰਪਰੂਵਮੈਂਟ ਟਰੱਸਟ ਨੇ ਆਪਣਾ ਪੱਖ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ। ਇਹ ਦੇਖਣਾ ਹੋਵੇਗਾ ਕਿ ਟਰੱਸਟ ਦੀ ਇਜਾਜ਼ਤ ਮਿਲਦੀ ਜਾਂ ਨਹੀਂ। ਉਥੇ ਪੀ. ਐੈੱਨ. ਬੀ. ਨੀਲਾਮੀ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ।


author

rajwinder kaur

Content Editor

Related News