ਇੰਪਰੂਵਮੈਂਟ ਟਰੱਸਟ ਦੀ ਸੂਰਿਆ ਇਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਜ਼ਮੀਨ ’ਤੇ ਵੀ ਕਬਜ਼ਾ ਲਵੇਗਾ ਪੀ. ਐੱਨ. ਬੀ.

Thursday, Aug 30, 2018 - 06:20 AM (IST)

ਜਲੰਧਰ,    (ਪੁਨੀਤ)—  ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਸਿੰਬਾਲਿਕ ਸੀਲ ਲਗਾਉਣ ਤੋਂ ਬਾਅਦ  ਪੰਜਾਬ ਨੈਸ਼ਨਲ ਬੈਂਕ ਨੇ ਟਰੱਸਟ ’ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਰਿਕਵਰੀ  ਤੇਜ਼ ਹੋ ਸਕੇ। ਇਸ ਲੜੀ ’ਚ ਬੈਂਕ ਵਲੋਂ ਹੁਣ ਸੂਰਿਆ ਇਨਕਲੇਵ ਤੇ ਗੁਰੂ ਗੋਬਿੰਦ ਸਿੰਘ  ਐਵੇਨਿਊ ਦੀ ਉਸ ਪ੍ਰਾਪਰਟੀ ਨੂੰ ਕਬਜ਼ੇ ’ਚ ਲਿਆ ਜਾ ਰਿਹਾ ਹੈ ਜੋ ਕਿ ਬੈਂਕ ਦੇ ਕੋਲ ਪਲੱਜ਼ ਪਈ  ਹੈ। ਬੈਂਕ ਅਧਿਕਾਰੀ ਇਸ ਲੜੀ ’ਚ ਵੀਰਵਾਰ ਨੂੰ ਸਾਈਟ ’ਤੇ ਵਿਜ਼ਿਟ ਕਰਨਗੇ ਅਤੇ ਅਗਲੀ  ਕਾਰਵਾਈ ਕੀਤੀ ਜਾਵੇਗੀ। ਬੈਂਕ ਅਧਿਕਾਰੀਆਂ ਦਾ ਸਾਫ ਕਹਿਣਾ ਹੈ ਕਿ ਇਸ ਇੰਪਰੂਵਮੈਂਟ ਟਰੱਸਟ  ਤੋਂ 110 ਕਰੋੜ ਰੁਪਏ ਦੀ ਰਿਕਵਰੀ ਹਰ ਹਾਲਤ ’ਚ ਕੀਤੀ ਜਾਵੇਗੀ। ਇਸ ਲਈ ਬੈਂਕ ਵਲੋਂ  ਖਾਲੀ ਜ਼ਮੀਨ ’ਤੇ ਬੋਰਡ ਲਗਾ ਕੇ ਬੈਂਕ ਪ੍ਰਾਪਰਟੀ ਦੱਸਿਆ ਜਾਵੇਗਾ। ਬੈਂਕ ਅਧਿਕਾਰੀਆਂ ਦਾ  ਕਹਿਣਾ ਹੈ ਕਿ ਜ਼ਮੀਨ ’ਤੇ ਕਬਜ਼ਾ ਲੈਣ ਤੋਂ ਬਾਅਦ ਬੈਂਕ ਵਲੋਂ ਜ਼ਮੀਨ ਦੀ ਨਿਲਾਮੀ ਦੀ  ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਲੋਨ ਅਦਾ ਨਾ ਕਰਨ ਕਰਕੇ 31 ਮਾਰਚ ਨੂੰ ਜੀ.ਟੀ. ਰੋਡ  ਸਥਿਤ ਪੀ. ਐੱਨ. ਬੀ. ਬੈਂਕ ਦੇ 5 ਅਕਾਊਂਟ ਐੱਨ. ਪੀ. ਏ. ਹੋ ਗਏ ਸਨ। ਇਸ ਤੋਂ ਬਾਅਦ  ਟਰੱਸਟ ਨੂੰ ਕਈ ਨੋਟਿਸ ਭੇਜੇ ਗਏ ਪਰ ਰਕਮ ਜਮ੍ਹਾ ਨਹੀਂ ਹੋਈ, ਜਿਸ ਤੋਂ ਬਾਅਦ ਜੁਲਾਈ ’ਚ  ਗੁਰੂ ਗੋਬਿੰਦ ਸਿੰਘ  ਸਟੇਡੀਅਮ  ਨੂੰ ਸੀਲ ਕਰਨ ਦਾ ਨੋਟਿਸ ਭੇਜਿਆ ਗਿਆ ਸੀ ਅਤੇ ਕਲ ਉਸ ਨੂੰ  ਸਿੰਬਾਲਿਕ ਸੀਲ ਲਗਾ ਦਿੱਤੀ।

60 ਦਿਨਾਂ ਬਾਅਦ ਲਈ ਜਾਵੇਗੀ ਫਿਜ਼ੀਕਲੀ ਪੋਜ਼ੈਸ਼ਨ
ਬੈਂਕ  ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਜ਼ੀਕਲੀ ਪੋਜ਼ੈਸ਼ਨ ਲਈ ਬੈਂਕ ਨੇ 2 ਜੁਲਾਈ ਨੂੰ ਨੋਟਿਸ  ਭੇਜ ਕੇ ਬੈਂਕ ਨੂੰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਸੀ, ਪੈਸੇ ਜਮ੍ਹਾ ਨਾ ਹੋਣ ’ਤੇ 13  ਜੁਲਾਈ ਨੂੰ ਸੀਲ ਲਗਾਉਣ ਦੀ ਗੱਲ ਕਹੀ ਗਈ ਸੀ। ਇਸ ’ਤੇ ਬੈਂਕ ਨੇ 15 ਅਗਸਤ ਦਾ ਹਵਾਲਾ ਦੇ  ਕੇ ਸੀਲ ਨਾ ਲਗਾਉਣ ਲਈ ਕਿਹਾ ਸੀ। ਬੈਂਕ ਨੇ ਇਸ ਦੌਰਾਨ 1.40 ਕਰੋੜ ਰੁਪਏ ਜਮ੍ਹਾ ਕਰਵਾਏ  ਸਨ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ 60 ਦਿਨਾਂ ਦੇ ਅੰਦਰ ਫਿਜ਼ੀਕਲੀ ਪੋਜ਼ੈਸ਼ਨ ਲਈ  ਡੀ. ਸੀ. ਨੂੰ ਲਿਖਿਆ ਜਾਏਗਾ, ਪੋਜ਼ੈਸ਼ਨ ਮਿਲਣ ਤੋਂ ਬਾਅਦ ਸਟੇਡੀਅਮ ਨੂੰ ਨਿਲਾਮ ਕਰਨ ਦੀ  ਪ੍ਰਕਿਰਿਆ ਚਲਾਈ ਜਾਏਗੀ। ਬੈਂਕ ਦੇ ਕੋਲ ਗੁਰੂ ਗੋਬਿੰਦ ਸਿੰਘ ਸਟੇਡੀਅਮ 288 ਕਰੋੜ ਰੁਪਏ ’ਚ ਗਿਰਵੀ ਹੈ।

ਸਰਕਾਰ ਤੋਂ ਮਦਦ ਲਈ ਦੁਬਾਰਾ ਲਿਖੀ ਚਿੱਠੀ : ਈ. ਓ.
ਬੈਂਕ  ਦਾ ਲੋਨ ਅਦਾ ਕਰਨ, ਕਿਸਾਨਾਂ ਨੂੰ ਇਨਹਾਂਸਮੈਂਟ ਦੇਣ ਲਈ ਟਰੱਸਟ ਵਲੋਂ ਸਰਕਾਰ ਨੂੰ  ਦੁਬਾਰਾ ਚਿੱਠੀ ਲਿਖ ਕੇ ਮਦਦ ਮੰਗੀ ਗਈ ਹੈ ਕਿਉਂਕਿ ਮੌਜੂਦਾ ਸਮੇਂ ’ਚ ਟਰੱਸਟ ਦੇ ਵਿੱਤੀ  ਹਾਲਾਤ ਠੀਕ ਨਹੀਂ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਗੱਲਬਾਤ ਦੌਰਾਨ ਟਰੱਸਟ ਦੀ ਈ. ਓ.  ਸੁਰਿੰਦਰ ਕੁਮਾਰੀ ਨੇ ਕਰਦਿਆਂ ਕਿਹਾ ਕਿ ਬੈਂਕ ਨੂੰ ਪੈਸੇ ਦੇਣ ਲਈ ਟਰੱਸਟ ਵਚਨਬੱਧ ਹੈ। ਇਸ  ਲੜੀ ’ਚ ਟਰੱਸਟ ਵਲੋਂ ਰਿਕਵਰੀ ਵੀ ਤੇਜ਼ ਕੀਤੀ ਜਾ ਰਹੀ ਹੈ, ਨਾਨ ਕੰਸਟਕਸ਼ਨ ਚਾਰਜਿਜ਼ ਸਮੇਤ  ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਇਨਕਲੇਵ ਤੋਂ ਇਨਹਾਂਸਮੈਂਟ ਦੀ ਰਕਮ ਵਸੂਲ ਕੀਤੀ  ਜਾਵੇਗੀ। ਟਰੱਸਟ ਦੀ ਇਹ ਕੋਸ਼ਿਸ਼ ਕੀ ਰੰਗ ਲਿਆਉਂਦੀ  ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ  ਪਰ ਇਕ ਗੱਲ ਪੱਕੀ ਹੈ ਕਿ ਟਰੱਸਟ ਦੀ ਪ੍ਰੇਸ਼ਾਨੀ ਆਉਣ ਵਾਲੇ ਦਿਨਾਂ ’ਚ ਹੋਰ ਵਧੇਗੀ।


Related News