ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

05/26/2020 11:03:03 AM

ਸ਼ਾਂਤੀ ਦੇ ਪੁੰਜ ,ਨਿਮਰ ਸੁਭਾਅ ਦੇ ਮਾਲਕ,ਅਤੇ ਬਾਣੀ ਦੇ ਬੋਹਿਥੁ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਇਆ। ਗੁਰੂ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਮਾਲਕ ਸਨ। ਸਿਮਰਨ ਅਤੇ ਸੇਵਾ ਦੀ ਗੁੜ੍ਹਤੀ ਗੁਰੂ ਜੀ ਨੂੰ ਘਰ ਤੋ ਹੀ ਮਿਲੀ। ਸਿਮਰਨ ਪ੍ਰਤੀ ਲਗਨ ਪਿਆਰ ਵੇਖ ਕੇ ਗੁਰੂ ਜੀ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਜੀ ਨੂੰ ਦੋਹਤਾ ਬਾਣੀ ਕਾ ਬੋਹਿਥੁ ਨਾਮ ਨਾਲ ਅਸੀਸ ਦਿੱਤੀ। ਭੱਟਾਂ ਨੇ ਬਾਣੀ ਵਿਚ ਉਪਮਾਂ ਲਿਖਦੇ ਕਿਹਾ "ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ " ਭਾਵ ਕਿ ਹੇ ਸ੍ਰੀ ਗੁਰੂ ਅਰਜਨ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾਂ ਦੀ ਪਛਾਣ ਕਰ ਲਈ ਹੈ।

ਸੋਲਾਂ ਵਰ੍ਹਿਆਂ ਦੀ ਉਮਰ ਵਿੱਚ ਗੁਰੂ ਜੀ ਦਾ ਵਿਆਹ ਕ੍ਰਿਸ਼ਨ ਚੰਦਰ ਦੀ ਸਪੁੱਤਰੀ ਬੀਬੀ ਗੰਗਾ ਨਾਲ ਹੋਇਆ। ਗੁਰੂ ਜੀ ਦੇ ਘਰ ਬਾਬਾ ਬੁੱਢਾ ਜੀ ਦੇ ਵਰ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। 

ਗੁਰੂ ਅਮਰਦਾਸ ਜੀ ਜਦੋਂ ਜੋਤੀ ਜੋਤ ਸਮਾਏ ਓਦੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 11 ਸਾਲ ਦੀ ਹੋ ਗਈ ਸੀ ਅਤੇ ਗੁਰੂ ਜੀ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨਾਲ ਗੁਰੂ ਕੇ ਚੱਕ ਆ ਗਏ। ਗੁਰੂ ਚੱਕ ( ਅੰਮ੍ਰਿਤਸਰ ਸਾਹਿਬ ) ਵਿਚ ਵਾਪਸ ਆਉਣ ’ਤੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰੂ ਘਰ ਦੇ ਪ੍ਰਬੰਧ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਮਨ ਵਿਚ ਵਿਚਾਰ ਕਰਨ ਲੱਗ ਪਿਆ ਕਿ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਗੱਦੀ ਦਾ ਵਾਰਸ ਮੈਂ ਹੀ ਬਣਾਗਾ। ਸ੍ਰੀ ਗੁਰੂ ਰਾਮਦਾਸ ਜੀ ਆਪਣੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਵਿਚ ਆਗਿਆਕਾਰ ਅਤੇ ਗੁਰਬਾਣੀ ਨੂੰ ਸਮਝਣ ਅਨੁਸਾਰ ਜੀਵਨ ਨੂੰ ਢਾਲਨ ਦੀ ਤੀਵਰ ਇੱਛਾ ਨੂੰ ਦੇਖ ਕੇ ਮਨ ਹੀ ਮਨ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ।

ਵੱਡੇ ਭਾਈ ਪਿਰਥੀ ਚੰਦ ਦੇ ਸਖ਼ਤ ਵਿਰੋਧ ਦੇ ਬਾਵਜੂਦ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੀ ਖ਼ਾਹਸ਼ ਮੁਤਾਬਕ 1 ਸਤੰਬਰ 1581 ਨੂੰ ਬਾਬਾਬੁੱਢਾ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਸ੍ਰੀ ਗੁਰੂ ਅਰਜਨ ਦੇਵ ਦੀ ਝੋਲੀ ਪਾ ਕੇ ਤਿਲਕ ਲਗਾਇਆ ਅਤੇ ਗੁਰਿਆਈ ਦੀ ਰਸਮ ਅਦਾ ਕਰਦੇ ਹੋਏ ਮੱਥਾ ਟੇਕਿਆ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਵੀ ਬਹੁਤ ਸਾਰੀ ਬਾਣੀ ਦਾ ਉਚਾਰਣ ਕੀਤਾ। ਆਪ ਦੀਆਂ ਰਚਨਾਵਾਂ ਵਿੱਚੋਂ ਸੁਖਮਨੀ ਅਤੇ ਬਾਰਹ ਮਾਹ ਮਾਝ ਰਾਗ ਨੂੰ ਉਚਾਰਿਆ, ਜਿਸ ਨੂੰ ਸੁਣਿਆ ਅਤੇ ਪੜ੍ਹਿਆ ਜਾਂਦਾ ਹੈ । ਬਾਵਨ ਅੱਖਰੀ, ਥਿਤੀ ਅਤੇ ਰੁਤੀ ਵੀ ਵੱਡ-ਆਕਾਰੀ ਰਚਨਾਵਾਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਅਤੇ ਉੱਤਮ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਹੈ। ਇਨ੍ਹਾਂ ਤੋਂ ਇਲਾਵਾ ਵਾਰਾਂ, ਸ਼ਬਦ, ਸਲੋਕ, ਪਦੇ, ਪਹਿਰੇ, ਦਿਨ-ਰੈਣਿ, ਗੁਣਵੰਤੀ, ਅੰਜਲੀਆਂ, ਬਿਰਹੜੇ ਆਦਿ ਲੋਕ-ਕਾਵਿ ਰੂਪਾਂ ਅਤੇ ਪ੍ਰਚਲਿਤ ਛੰਦਾਂ ਵਿੱਚ ਆਪ ਦੀ ਬਾਣੀ ਪ੍ਰਾਪਤ ਹੁੰਦੀ ਹੈ, ਜਿਸ ਨੂੰ ਭਿੰਨ-ਭਿੰਨ ਰਾਗਾਂ ਦੀ ਬੰਦਸ਼ ਵਿੱਚ ਅੰਕਿਤ ਕੀਤਾ ਗਿਆ ਹੈ ।

ਆਪ ਜੀ ਨੇ ਗੁਰੂ ਘਰਾਂ ਦਾ ਨਿਰਮਾਣ ਕਾਰਜ ਬੜੀ ਬਾਖ਼ੂਬੀ ਨਾਲ ਨੇਪਰੇ ਚਾੜ੍ਹਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਾਹਿਬ ਦਾ ਸਰੋਵਰ-1586, ਸੰਤੋਖਸਰ ਤਿਆਰ-1588, ਤਰਨਤਾਰਨ ਸਾਹਿਬ ਤਾਲ- 1590, ਕਰਤਾਰਪੁਰ (ਜਲੰਧਰ)-1593, ਤਰਨਤਾਰਨ ਸ਼ਹਿਰ-1596, ਛੇਹਰਟਾ ਸਾਹਿਬ 1597, ਗੋਬਿੰਦਪੁਰ-1597, ਬਾਉਲੀ (ਲਹੌਰ) 1599, ਰਾਮਸਰ ਅਤੇ ਗੁਰੁ ਕਾ ਬਾਗ-1602-1603 ਦਾ ਕਾਰਜ ਪੂਰਾ ਕੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਕੁਝ ਸੂਫ਼ੀ ਕਵੀ ਦੀ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਗੁਰੂ ਸਾਹਿਬ ਜੀ ਦੇ ਵਿਰੋਧੀ ਗੁਰੂ ਸਾਹਿਬ ਪ੍ਰਤੀ ਕੋਈ ਮੌਕਾ ਨਾ ਜਾਣ ਦਿੰਦੇ।

ਓਧਰ ਗੁਰਦਾਸਪੁਰ ਦੇ ਇਕ ਪਿੰਡ ਦਾ ਚੰਦੂ ਖਤ੍ਰੀ ਜਿਹੜਾ ਲਾਹੌਰ ਦਰਬਾਰ ਦਾ ਸਰਕਾਰੀ ਮੁਲਾਜ਼ਮ ਸੀ। ਲੋਕ ਇਸਨੂੰ ਦਿਵਾਨ ਜੀ ਕਹਿ ਕੇ ਬੋਲ ਦੇ ਸਨ। ਉਸਦੀ ਲੜਕੀ ਦੇ ਰਿਸ਼ਤੇ ਲਈ ਘਰ ਦੇ ਸੇਵਕ ਦਿੱਲੀ ਤੋਂ ਇਕ ਚੰਗੇ ਲੜਕੇ ਦੀ ਭਾਲ ਕਰਦੇ ਹੋਏ ਲਾਹੌਰ ਅਤੇ ਫਿਰ ਅੰਮ੍ਰਿਤਸਰ ਆਏ। ਉਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਦਾ ਰਿਸ਼ਤਾ ਸ੍ਰੀ ਹਰਗੋਬਿੰਦ ਸਾਹਿਬ ਉਨ੍ਹਾਂ ਦੀ ਸੋਚ ਅਨੁਸਾਰ ਠੀਕ ਵਰ ਲੱਗਾ ਸੀ। ਇਸ ਘਟਨਾ ਦਾ ਸਮਾਂ 1604-05 ਹੈ। ਸੋ ਉਨ੍ਹਾਂ ਦਿੱਲੀ ਜਾ ਕੇ ਰਸਮ ਅਨੁਸਾਰ ਪ੍ਰਵਾਣਗੀ ਦੀ ਸਮਗਰੀ ਭੇਜਣ ਦਾ ਗੁਰੂ ਸਾਹਿਬ ਜੀ ਨੂੰ ਆਖ ਦਿੱਤਾ। ਇਧਰ ਦਿੱਲੀ ਜਦੋਂ ਚੰਦੂ ਨੂੰ ਪ੍ਰੋਹਤ ਨੇ ਦੱਸਿਆ ਕਿ ਉਹ ਬੇਟੀ ਦਾ ਰਿਸ਼ਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕਰ ਆਇਆ ਹੈ ਤਾਂ ਚੰਦੂ ਕਹਿਣ ਲੱਗਾ “ਪੰਡਿਤ ਜੀ ਕੀ ਕਰ ਆਏ ਹੋ, ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ”। ਇਹ ਗਲ ਕਿਸੇ ਤਰ੍ਹਾਂ ਦਿੱਲੀ ਦੀ ਸੰਗਤ ਕੋਲ ਪਹੁੰਚ ਗਈ ਤਾਂ ਸੰਗਤ ਨੇ ਇਕ ਚਿੱਠੀ ਗੁਰੂ ਸਾਹਿਬ ਜੀ ਨੂੰ ਲਿਖ ਭੇਜੀ ਕੇ ਰਿਸ਼ਤਾ ਲੈਣ ਤੋ ਨਾਂਹ ਕਰ ਦਿੱਤੀ ਜਾਵੇ। ਸੰਗਤ ਦੀ ਆਗਿਆ ਨੂੰ ਪਰਵਾਣ ਕਰਦੇ ਹੋਏ ਗੁਰੂ ਜੀ ਨੇ ਇਹ ਸਾਕ ਲੈਣੋਂ ਨਾਹ ਕਰ ਦਿੱਤੀ। ਚੰਦੂ ਵੀ ਗੁਰੂ ਸਾਹਿਬ ਦੇ ਵਿਰੋਧੀਆਂ ’ਚ ਸ਼ਾਮਲ ਹੋ ਗਿਆ।

ਜਹਾਂਗੀਰ ਕਿਸੇ ਮੌਕੇ ਦੀ ਤਲਾਸ਼ ਵਿਚ ਸੀ, ਇਨੀ ਦਿਨੀ ਜਹਾਂਗੀਰ ਦੇ ਪੁੱਤਰ ਖ਼ੁਸ਼ਰੋ ਨੇ ਬਗਾਵਤ ਕੀਤੀ ਅਤੇ ਉਹ ਲਾਹੌਰ ਵੱਲ ਨੂੰ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋਇਆ, ਬਿਆਸ ਤੋਂ ਲੰਘਦਿਆਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਿਲਣ ਵਾਸਤੇ ਗੋਇੰਦਵਾਲ ਗਿਆ। ਪਿਛੋਂ ਜਦ ਜਹਾਂਗੀਰ ਨੇ ਖ਼ੁਸ਼ਰੋ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਓਹ ਹਰ ਸ਼ਖਸ਼ ਨੂੰ ਗਿਰਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ, ਜਿਸ ਨੇ ਵੀ ਖੁਸਰੋ ਦੀ ਮਦਦ ਕੀਤੀ ਸੀ।

ਜਹਾਂਗੀਰ ਆਪਣੀ ਪੁਸਤਕ ਤੁੱਜਕੇ-ਜਹਾਂਗੀਰ ਵਿਚ ਇਹ ਲਿਖਦਾ ਹੈ ਕਿ ਉਸਨੇ ਇਹ ਸੋਚ ਲਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਨੂੰ ਖਤਮ ਕਰ ਦੇਵੇਗਾ, ਕਿਉਂਕਿ ਇਸਦਾ ਉਲਟ ਪ੍ਰਭਾਵ ਮੁਸਲਮਾਨਾਂ ’ਤੇ ਪੈ ਰਿਹਾ ਹੈ।

ਗੁਰੂ ਸਾਹਿਬ ਜੀ ਨੂੰ ਮੁਰਤਜ਼ਾ ਖਾਨ ਨੇ ਸ੍ਰੀ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਚੰਦੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਬਦਲੇ ਦੀ ਭਾਵਨਾ ਨਾਲ ਗੁਰੂ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬੈਠਾਇਆ ਅਤੇ ਸਿਰ ’ਤੇ ਗਰਮ ਰੇਤ ਪਵਾਈ। ਸਤਿਗੁਰ ਜੀ ਨੇ ਸਾਰੇ ਤਸੀਹੇ “ਤੇਰਾ ਭਾਣਾ ਮੀਠਾ ਲਾਗੈ,” ਸ਼ਾਂਤ ਰਹਿ ਕੇ ਰੱਬ ਦਾ ਭਾਣਾ ਮੰਨਿਆ। ਸਾਈਂ ਮੀਆਂ ਮੀਰ ਨੂੰ ਜੱਦ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਇਆ ਅਤੇ ਗੁੱਸੇ ਵਿਚ ਲਾਹੌਰ ਨੂੰ ਬਰਬਾਦ ਕਰਨ ਦੀ ਆਖੀ ਤਾਂ ਗੁਰੂ ਜੀ ਨੇ ਸ਼ਾਂਤ ਰਹਿਣ ਵਾਸਤੇ ਆਖਿਆ। ਦੋ ਦਿਨ ਦੇ ਤਸੀਹੇ ਸਹਿਨ ਤੋਂ ਬਾਅਦ ਆਪ ਜੀ ਨੇ ਰਾਵੀ ਦਰਿਆ ਦੇ ਵਿਚ ਇਸਨਾਨ ਕਰਨ ਲਈ ਕਿਹਾ ਤਾਂ ਜਦੋਂ ਹੀ ਗੁਰੂ ਜੀ ਰਾਵੀ ਦਰਿਆ ਵਿੱਚ ਇਸਨਾਨ ਕਰਨ ਲਈ ਉਤਰੇ ਤਾਂ ਆਪ ਜੀ ਵਾਪਸ ਬਾਹਰ ਨਹੀਂ ਆਏ। ਇਸ ਤਰ੍ਹਾਂ ਸਤਿਗੁਰੂ ਜੀ 26 ਮਈ 1606 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਅਵਤਾਰ ਸਿੰਘ ਆਨੰਦ


rajwinder kaur

Content Editor

Related News