ਮੰਡ ਨੂੰ ਰਾਕੇਟ ਲਾਂਚਰ ਨਾਲ ਉਡਾਉਣ ਦੀ ਧਮਕੀ, ਕਿਹਾ ਤੜਫਾ-ਤੜਫਾ ਕੇ ਮਾਰਾਂਗੇ
Thursday, Oct 30, 2025 - 11:41 AM (IST)
ਲੁਧਿਆਣਾ (ਗੌਤਮ, ਰਿਸ਼ੀ) : ਮਾਣਯੋਗ ਸੁਪਰੀਮ ਕੋਰਟ ’ਚ ਗੈਂਗਸਟਰ ਸ਼ਹਿਜਾਦ ਭੱਟੀ ਨੂੰ ਅੱਤਵਾਦੀ ਐਲਾਨਣ ਲਈ ਦਾਇਰ ਕੀਤੀ ਗਈ ਰਿੱਟ ਵਾਪਸ ਲੈਣ ਲਈ ਇੰਟਰਨੈਸ਼ਨਲ ਐਂਟੀ ਖਾਲਿਸਤਾਨ ਅੱਤਵਾਦੀ ਫਰੰਟ ਦੇ ਰਾਸ਼ਟਰੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਦੇ ਚੱਲਦੇ ਥਾਣਾ ਸਦਰ ਦੀ ਪੁਲਸ ਵਲੋਂ ਮੰਡ ਦੀ ਸ਼ਿਕਾਇਤ ’ਤੇ ਅਣਪਛਾਤੇ ਗੈਂਗਸਟਰਾਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਮੰਡ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ ਧਾਰਮਿਕ ਅਸਥਾਨਾਂ ਨੂੰ ਨੁਕਸਾਨ ਪਹੁੰਚਾਉਣ, ਪਵਿੱਤਰ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਣ, ਮਾਨਸਿਕ ਸ਼ਾਂਤੀ ਭੰਗ ਕਰਨ ਅਤੇ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ
ਪੁਲਸ ਨੂੰ ਦਿੱਤੇ ਬਿਆਨ ’ਚ ਮੰਡ ਨੇ ਦੱਸਿਆ ਕਿ ਉਸ ਨੂੰ ਵਾਰ-ਵਾਰ ਵ੍ਹਟਸਐਪ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਮਿਲ ਰਹੀਆਂ ਹਨ, ਜਦੋਂਕਿ ਉਸ ਨੂੰ ਵਾਈ ਪਲੱਸ ਸਕਿਓਰਿਟੀ ਮਿਲੀ ਹੈ ਅਤੇ ਕਈ ਵਾਰ ਉਸ ਦਾ ਨਾਂ ਟਾਰਗੈੱਟ ਕਿਲਿੰਗ ਵਿਚ ਵੀ ਆ ਚੁੱਕਾ ਹੈ। ਉਸ ਨੇ ਕੁਝ ਸਮੇਂ ਪਹਿਲਾਂ ਹੀ ਮਾਣਯੋਗ ਸੁਪਰੀਮ ਕੋਰਟ ਵਿਚ ਗੈਂਗਸਟਰ ਸ਼ਹਿਜਾਦ ਭੱਟੀ ਖਿਲਾਫ ਇਕ ਰਿੱਟ ਦਾਇਰ ਕੀਤੀ ਸੀ ਕਿ ਉਸ ਨੂੰ ਅੱਤਵਾਦੀ ਐਲਾਨਿਆ ਜਾਵੇ। ਰਿੱਟ ਲਗਾਉਣ ਤੋਂ ਬਾਅਦ ਉਸ ਨੂੰ ਲਗਾਤਾਰ ਮੋਬਾਇਲ ਅਤੇ ਇੰਸਟਾਗ੍ਰਾਮ ਆਈ. ਡੀ. ਦੇ ਜ਼ਰੀਏ ਆਡੀਓ ਸੁਨੇਹੇ ਭੇਜ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀ ਦੇਣ ਵਾਲਾ ਖੁਦ ਨੂੰ ਸ਼ਹਿਜਾਦ ਭੱਟੀ ਦਾ ਕਰੀਬੀ ਦੱਸ ਰਿਹਾ ਹੈ, ਜਿਸ ਨੇ ਧਮਕਾਉਂਦੇ ਹੋਏ ਸੁਨੇਹਾ ਭੇਜਿਆ ਹੈ ਕਿ ਉਸ ਦੇ ਘਰ ’ਤੇ ਹੈਂਡ ਗ੍ਰਨੇਡ ਅਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਜਾਵੇਗਾ ਅਤੇ ਦੇਸ਼ ਦੇ ਵੱਖ-ਵੱਖ ਮੰਦਰਾਂ ਸਮੇਤ ਰਾਮ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਧਮਕੀ ਦੇਣ ਵਾਲਾ ਕਹਿ ਰਿਹਾ ਹੈ ਕਿ ਉਸ ਨੂੰ ਉਸ ਦੇ ਪਰਿਵਾਰ ਦੀ ਸੁਪਾਰੀ ਮਿਲ ਗਈ ਹੈ ਕਿ ਉਨ੍ਹਾਂ ਨੂੰ ਅਗਵਾ ਕਰ ਕੇ ਗੋਲੀ ਮਾਰ ਦਿੱਤੀ ਜਾਵੇਗੀ। ਉਸ ਦੀ ਆਈ. ਡੀ. ਭੱਟੀ ਨੂੰ ਭੇਜ ਦਿੱਤੀ ਗਈ ਹੈ। ਤੁਸੀਂ ਆਪਣਾ ਧਿਆਨ ਰੱਖਣਾ। ਇਕ ਵਾਰ ਆਪਣੀ ਲੋਕੇਸ਼ਨ ਭੇਜ, ਅਸੀਂ ਅੱਤਵਾਦ ਵੀ ਫੈਲਾਵਾਂਗੇ, ਅਸੀਂ ਅੱਤਵਾਦੀ ਹਾਂ ਅਤੇ ਅੱਤਵਾਦੀ ਗਤੀਵਿਧੀਆਂ ਕਰਾਂਗੇ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ। ਰਾਮ ਮੰਦਰ ਨੂੰ ਵੀ ਗ੍ਰਨੇਡ ਨਾਲ ਉਡਾ ਦੇਣਗੇ ਅਤੇ ਇਕ ਵਾਰ ਉਹ ਉਨ੍ਹਾਂ ਦੇ ਹੱਥੇ ਚੜ੍ਹ ਗਿਆ ਤਾਂ ਉਸ ਨੂੰ ਤੜਫਾ-ਤੜਫਾ ਕੇ ਮਾਰਨਗੇ। ਜੇਕਰ ਹਿੰਮਤ ਹੈ ਤਾਂ ਉਨ੍ਹਾਂ ਨੂੰ ਰੋਕ ਲੈਣਾ। ਪੰਜਾਬ ਪੁਲਸ ਨੇ ਉਨ੍ਹਾਂ ਦੇ ਆਦਮੀ ਫੜ ਲਏ ਹਨ ਤੇ ਰਾਕੇਟ ਲਾਂਚ ਵੀ ਬਰਾਮਦ ਕਰ ਲਿਆ। ਜੇਕਰ ਤੁਸੀਂ ਲੋਕ ਇਸ ਨੂੰ ਕਾਮਯਾਬੀ ਸਮਝਦੇ ਹੋ ਤਾਂ ਗਲਤ ਹੈ, ਸਮੇਂ ਦਾ ਇੰਤਜ਼ਾਰ ਕਰੋ, ਰਾਕੇਟ ਲਾਂਚਰ ਹੁਣ ਵੀ ਸੁੱਟਣਾ ਹੈ।
ਧਮਕੀ ਦੇਣ ਵਾਲੇ ਉਸ ਨੂੰ ਭੱਦੀਆਂ ਗਾਲਾਂ ਕੱਢ ਰਹੇ ਸਨ। ਉਨ੍ਹਾਂ ਕੋਲ ਅਸਲਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਲੋਕ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਨ੍ਹਾਂ ਲੋਕਾਂ ਖਿਲਾਫ ਉੱਚਿਤ ਕਾਰਵਾਈ ਕੀਤੀ ਜਾਵੇ। ਮੰਡ ਵਲੋਂ ਪੁਲਸ ਨੂੰ ਇਨ੍ਹਾਂ ਧਮਕੀਆਂ ਦੇ ਸਕ੍ਰੀਨਸ਼ਾਟ ਅਤੇ ਆਡੀਓ ਸੁਨੇਹੇ ਦੀ ਵੀ ਰਿਕਾਰਡਿੰਗ ਮੁਹੱਈਆ ਕਰਵਾਈ ਗਈ ਹੈ। ਅਧਿਕਾਰੀਆਂ ਵਲੋਂ ਜਾਂਚ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।
ਅੱਤਵਾਦ ਫੈਲਾਉਣ ਵਾਲੀ ਆਈ. ਡੀਜ਼ ਕੀਤੀ ਜਾਵੇਗੀ ਬਲਾਕ
ਇੰਟਰਨੈਸ਼ਨਲ ਐਂਟੀ ਖਾਲਿਸਤਾਨ ਅੱਤਵਾਦੀ ਫਰੰਟ ਦੇ ਆਲ ਇੰਡੀਆ ਜਨਰਲ ਸੈਕਟਰੀ ਸੰਚਿਤ ਮਲਹੋਤਰਾ ਨੇ ਕਿਹਾ ਕਿ ਇਸ ਤਰ੍ਹਾਂ ਦੇਸ਼ ਦੀ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅੱਤਵਾਦ ਦੇ ਸੁਨੇਹੇ ਫੈਲਾਉਣ ਵਾਲਿਆਂ ਦੀਆਂ ਆਈ. ਡੀਜ਼ ਬਲਾਕ ਕਰ ਦੇਣੀਆਂ ਚਾਹੀਦੀਆਂ ਹਨ, ਤਾਂ ਕਿ ਦੇਸ਼ ਵਿਚ ਸ਼ਾਂਤੀ ਬਣੀ ਰਹੇ ਅਤੇ ਭਾਈਚਾਰਾ ਬਣਿਆ ਰਹੇ।
