ਜਲੰਧਰ ਪੁਲਸ ਕਮਿਸ਼ਨਰ ਨੇ ਜਨਤਾ ਨੂੰ ਕੀਤਾ ਸੁਚੇਤ, ਕਿਹਾ-ਹੈਕਰਸ ਬਣਾ ਸਕਦੇ ਨੇ ਨਿਸ਼ਾਨਾ

07/20/2022 11:47:01 AM

ਜਲੰਧਰ (ਧਵਨ)–ਹੈਕਰਸ ਨੇ ਲੋਕਾਂ ਨਾਲ ਠੱਗੀ ਮਾਰਨ ਦਾ ਹੁਣ ਨਵਾਂ ਢੰਗ ਅਪਣਾਇਆ ਹੋਇਆ ਹੈ ਅਤੇ ਉਹ ਲੋਕਾਂ ਨੂੰ ਫਰਜ਼ੀ ਫੋਨ ਕਰਕੇ ਉਨ੍ਹਾਂ ਨੂੰ ਤੁਰੰਤ ਲੋਨ ਮਨਜ਼ੂਰ ਕਰਨ ਦਾ ਭਰੋਸਾ ਦੇ ਰਹੇ ਹਨ। ਉਹ ਅਜਿਹਾ ਕਰਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਜਲੰਧਰ ਦੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਜਨਤਾ ਨੂੰ ਅਜਿਹੇ ਹੈਕਰਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੌਕਸ ਰਹਿਣਾ ਹੈ ਕਿਉਂਕਿ ਚੌਕਸੀ ਨਾਲ ਹੀ ਉਹ ਹੈਕਰਾਂ ਦਾ ਮੁਕਾਬਲਾ ਆਸਾਨੀ ਨਾਲ ਕਰ ਸਕਦੇ ਹਨ। 

ਹੈਕਰਸ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਲਈ ਨਵੇਂ-ਨਵੇਂ ਢੰਗ ਲੱਭਦੇ ਰਹਿੰਦੇ ਹਨ। ਉਹ ਹੁਣ ਲੋਕਾਂ ਨੂੰ ਐਪ ਜ਼ਰੀਏ ਤੁਰੰਤ ਲੋਨ ਦਿਵਾਉਣ ਦਾ ਝਾਂਸਾ ਦੇ ਰਹੇ ਹਨ। ਲੋਕਾਂ ਨੂੰ ਫਰਜ਼ੀ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਲੋਨ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਪੇਪਰ ਵਰਕ ਵਿਚ ਪੈਣਾ ਨਹੀਂ ਪਵੇਗਾ ਅਤੇ ਉਨ੍ਹਾਂ ਦਾ ਛੋਟਾ-ਮੋਟਾ ਲੋਨ ਤੁਰੰਤ ਪਾਸ ਕਰਵਾ ਦਿੱਤਾ ਜਾਵੇਗਾ। ਲੋਕ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਪੇਪਰ ਵਰਕ ਤੋਂ ਬਚਣ ਲਈ ਕਈ ਵਾਰ ਹੈਕਰਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਹੈਕਰਾਂ ਦੇ ਇਰਾਦਿਆਂ ਨੂੰ ਅਸਫ਼ਲ ਬਣਾਉਣ ਲਈ ਪੁਲਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਸ਼ਿਕਾਇਤ ਮਿਲਦੇ ਹੀ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਲੋਕਾਂ ਨੇ ਫਰਜ਼ੀ ਫੋਨ ਆਉਣ ’ਤੇ ਆਪਣੇ ਕਿਸੇ ਵੀ ਬੈਂਕ ਖਾਤੇ, ਕੋਡ ਜਾਂ ਪਿਨ ਦੀ ਜਾਣਕਾਰੀ ਨਹੀਂ ਦੇਣੀ ਹੈ। ਅਜਿਹਾ ਕਰਕੇ ਉਹ ਹੈਕਰਾਂ ਦੇ ਇਰਾਦਿਆਂ ਨੂੰ ਅਸਫ਼ਲ ਬਣਾ ਸਕਦੇ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਿਊ. ਆਰ. ਕੋਡ ਨੂੰ ਲੈ ਕੇ ਵੀ ਹੈਕਰਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ

ਹੈਕਰਾਂ ਵੱਲੋਂ ਲੋਕਾਂ ਨੂੰ ਬਲੈਕਮੇਲ ਕਰਨ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਪਿਨ ਬਾਰੇ ਜਾਣਕਾਰੀ ਹੈਕ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੰਸਟੈਂਟ ਲੋਨ ਐਪ ਬਣੇ ਹੋਏ ਹਨ। ਇਨ੍ਹਾਂ ਨੂੰ ਲੈ ਕੇ ਹੈਕਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਲੋਕਾਂ ਨੂੰ ਅਜਿਹੇ ਹੈਕਰਾਂ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ।

ਪੱਛਮੀ ਬੰਗਾਲ, ਝਾਰਖੰਡ ਤੇ ਬਿਹਾਰ ਤੋਂ ਆਉਂਦੀਆਂ ਹਨ ਫਰਜ਼ੀ ਫੋਨ ਕਾਲਜ਼
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਫੋਨ ਕਾਲਜ਼ ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਤੋਂ ਆਉਂਦੀਆਂ ਵੇਖੀਆਂ ਗਈਆਂ ਹਨ। ਹੈਕਰਸ ਵੱਲੋਂ ਜਦੋਂ ਲੋਕਾਂ ਨਾਲ ਧੋਖਾਧੜੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਇਸਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਜਾਂਦੀ ਹੈ। ਪਹਿਲਾਂ ਤਾਂ ਹੈਕਰਸ ਵੱਲੋਂ ਵੱਡੀ-ਵੱਡੀ ਰਾਸ਼ੀ ਲੋਕਾਂ ਦੇ ਬੈਂਕ ਖਾਤਿਆਂ ਵਿਚੋਂ ਕਢਵਾ ਲਈ ਜਾਂਦੀ ਸੀ। ਇਹ ਰਾਸ਼ੀ 3 ਤੋਂ 5 ਲੱਖ ਦੇ ਵਿਚਕਾਰ ਹੁੰਦੀ ਸੀ ਪਰ ਹੁਣ ਹੈਕਰਸ ਛੋਟੇ-ਛੋਟੇ ਲੋਨ ਨੂੰ ਲੈ ਕੇ ਧੋਖਾਖੜੀ ਕਰਨ ’ਤੇ ਉਤਰੇ ਹੋਏ ਹਨ।

ਪਾਕਿਸਤਾਨ ਤੋਂ ਵੀ ਆਉਂਦੇ ਹਨ ਫਰਜ਼ੀ ਫੋਨ
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੰਟਰਨੈੱਟ ਜਾਂ ਕੰਪਿਊਟਰ ਜ਼ਰੀਏ ਹੈਕ ਕਰ ਕੇ ਧੋਖਾਧੜੀ ਕਰਨ ਵਿਚ ਲੱਗੇ ਹੈਕਰਸ ਦੇ ਫੋਨ ਪਾਕਿਸਤਾਨ ਤੋਂ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਫੋਨ ਕਾਲਜ਼ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਵਿਚ ਮੁਸ਼ਕਿਲਾਂ ਆਉਂਦੀਆਂ ਹਨ ਕਿਉਂਕਿ ਇਹ ਮਾਮਲਾ ਦੂਜੇ ਦੇਸ਼ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਫੇਸਬੁੱਕ ’ਤੇ ਵੀ ਲੋਕਾਂ ਨੂੰ ਬਲੈਕਮੇਲਿੰਗ ਦਾ ਸ਼ਿਕਾਰ ਬਣਾਉਣ ਵਿਚ ਕੁਝ ਲੋਕ ਲੱਗੇ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ। ਕਈ ਲੋਕਾਂ ਦੀਆਂ ਅਸ਼ਲੀਲ ਤਸਵੀਰਾਂ ਤਿਆਰ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਦੀ ਬਲੈਕਮੇਲਰ ਲੜਕੀ ਦੇ ਨਾਂ ’ਤੇ ਫੇਸਬੁੱਕ ’ਤੇ ਆਪਣਾ ਖਾਤਾ ਬਣਾ ਕੇ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾ ਲੈਂਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਜਨਤਾ ’ਚ ਜਾਗਰੂਕਤਾ ਦੀ ਸਭ ਤੋਂ ਵੱਧ ਲੋੜ
ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਸਾਈਬਰ ਕ੍ਰਾਈਮ ਨੂੰ ਲੈ ਕੇ ਜਨਤਾ ਵਿਚ ਜਾਗਰੂਕਤਾ ਦੀ ਸਭ ਤੋਂ ਵੱਧ ਲੋੜ ਹੈ। ਕਮਿਸ਼ਨਰੇਟ ਪੁਲਸ ਵੱਲੋਂ ਜਨਤਾ ਨੂੰ ਸਾਈਬਰ ਕ੍ਰਾਈਮ ਨੂੰ ਲੈ ਕੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਜੇਕਰ ਲੋਕ ਚੌਕਸ ਹੋ ਗਏ ਤਾਂ ਸਾਈਬਰ ਅਪਰਾਧੀਆਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਜਾਵੇਗਾ। ਪੁਲਸ ਕਮਿਸ਼ਨਰ ਨੇ ਕਿਹਾ ਕਿ ਅਜੇ ਸ਼ਹਿਰ ਵਿਚ ਪੁਲਸ ਨੂੰ ਸਾਈਬਰ ਕ੍ਰਾਈਮ ਬਾਰੇ ਜ਼ਿਆਦਾ ਸ਼ਿਕਾਇਤਾਂ ਨਹੀਂ ਮਿਲੀਆਂ ਹਨ ਪਰ ਫਿਰ ਵੀ ਜਨਤਾ ਨੂੰ ਜਾਗਰੂਕ ਕੀਤਾ ਜਾਣਾ ਜ਼ਰੂਰੀ ਹੈ।

ਕੀ ਹੈ ਸਾਈਬਰ ਕ੍ਰਾਈਮ
ਸਾਈਬਰ ਕ੍ਰਾਈਮ ਜਿਸ ਨੂੰ ਕੰਪਿਊਟਰ ਅਪਰਾਧ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਸ ਵਿਚ ਗੈਰ-ਕਾਨੂੰਨੀ ਉਦੇਸ਼ਾਂ ਲਈ ਇਕ ਉਪਕਰਨ ਦੇ ਰੂਪ ਵਿਚ ਕੰਪਿਊਟਰ ਦੀ ਵਰਤੋਂ ਹੁੰਦੀ ਹੈ, ਜਿਵੇਂ ਧੋਖਾਧੜੀ, ਨਿੱਜੀ ਜਾਣਕਾਰੀ ਦੀ ਚੋਰੀ ਜਾਂ ਨਿੱਜਤਾ ’ਤੇ ਹਮਲਾ। ਸਾਈਬਰ ਅਪਰਾਧੀਆਂ ਵੱਲੋਂ ਕੰਪਿਊਟਰ ਅਤੇ ਇੰਟਰਨੈੱਟ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਅਪਰਾਧਾਂ ’ਚ ਹੈਕਰਸ ਪਾਬੰਦੀਸ਼ੁਦਾ ਇਲਾਕਿਆਂ ਵਿਚ ਦਾਖ਼ਲ ਹੋ ਕੇ ਦੂਜਿਆਂ ਦੀਆਂ ਨਿੱਜੀ ਅਤੇ ਸੰਵੇਦਨਸ਼ੀਲ ਸੂਚਨਾਵਾਂ ਹਾਸਲ ਕਰਦੇ ਹਨ ਅਤੇ ਇਸ ਵਿਚ ਜਨਤਾ ਦੀ ਇਜਾਜ਼ਤ ਨਹੀਂ ਹੁੰਦੀ। ਸਾਈਬਰ ਅਪਰਾਧ ਨਾਲ ਸਬੰਧਤ ਸ਼ਿਕਾਇਤ ਕਿਸੇ ਵੀ ਸਾਈਬਰ ਸੈੱਲ ਵਿਚ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਫਗਵਾੜਾ 'ਚ ਸ਼ਰਮਨਾਕ ਘਟਨਾ, ਦੋਸਤ ਦੀ ਕੋਠੀ 'ਚ ਲਿਜਾ ਕੇ 15 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News