ਬਜਟ ਰਾਹੀਂ ਲਾਹੇਵੰਦ ਸਕੀਮਾਂ ਦੇਣ ਲਈ ਕੈਪਟਨ ਨੇ ਪਹਿਲ ਕਦਮੀਂ ਕੀਤੀ : ਗੁਰਪ੍ਰੀਤ ਕਾਂਗੜ
Monday, Mar 02, 2020 - 05:11 PM (IST)
ਬਾਘਾ ਪੁਰਾਣਾ (ਰਾਕੇਸ਼) : ਪੰਜਾਬ ਦੇ ਕੈਬਨਿਟ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਹਰ ਵਰਗ ਨੂੰ ਲਾਹੇਵੰਦ ਸਕੀਮਾਂ ਬਜਟ 'ਚ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲ ਕਦਮੀਂ ਦਿਖਾਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ ਹੈ। ਬੱਚਿਆਂ ਦੀ 12 ਵੀਂ ਤੱਕ ਦੀ ਪੜ੍ਹਾਈ ਮੁਫ਼ਤ ਕਰਕੇ ਬੱਚਿਆਂ ਦੇ ਜਿੱਥੇ ਉਜਵਲ ਭਵਿੱਖ ਬਾਰੇ ਫੈਸਲਾ ਲਿਆ ਗਿਆ, ਉੱਥੇ ਹੀ ਮਾਪਿਆਂ ਨੂੰ ਪੜ੍ਹਾਈ ਦਾ ਬੋਝ ਨਹੀ ਚੁੱਕਣਾ ਪਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਲ ਵਿਭਾਗ ਨੂੰ ਹੋਰ ਵੀ ਚੁਸਤ-ਫਰੁਸਤ ਕੀਤਾ ਜਾਵੇਗਾ ਤਾਂ ਕਿ ਆਮਦਨੀ 'ਚ ਹੋਰ ਵਾਧਾ ਹੋ ਸਕੇ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਲਈ ਸਰਕਾਰ ਦਾ ਫੈਸਲਾ ਹੈ ਕਿ ਕਿਸੇ ਵੀ ਧੰਦਾਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਅਕਾਲੀਆਂ ਦੇ ਰਾਜ 'ਚ ਨਸ਼ਿਆਂ ਨਾਲ ਨੌਜਵਾਨਾਂ ਦੀ ਜਿਥੇ ਬਰਬਾਦੀ ਹੋਈ ਹੈ, ਉਥੇ ਪੰਜਾਬ ਦੀ ਨਸ਼ਿਆਂ ਕਾਰਨ ਬਦਨਾਮੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਦੇ ਵਿਕਾਸ ਲਈ ਕੋਈ ਕੰਮ ਨਹੀ ਕੀਤਾ। ਕਾਂਗੜ ਨੇ ਕਿਹਾ ਕਿ 'ਆਪ' ਪਾਰਟੀ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਰਹੇਗੀ ਕਿਉਂਕਿ ਪੰਜਾਬ 'ਚ ਸਥਿਤੀ ਦਿੱਲੀ ਨਾਲੋ ਕਿਤੇ ਵੱਖਰੀ ਹੈ।