ਗੁਰਪਿੰਦਰ ਕੌਰ ਨੇ ਕਿਹਾ ਮੇਰੇ ਭਰਾ ਦੀ ਮੌਤ ਲਈ ਹਰਜੀਤ ਮਸੀਹ ਜਿੰਮੇਵਾਰ

Thursday, Mar 22, 2018 - 12:57 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਮੇਰੇ ਭਰਾ ਨੂੰ ਹਰਜੀਤ ਮਸੀਹ ਨੇ ਫਸਾਇਆ ਹੈ ਤੇ ਉਹ ਹੀ ਉਸ ਦੀ ਮੌਤ ਦਾ ਜ਼ਿੰਮੇਵਾਰ ਹੈ ਕਿਉਂਕਿ ਉਹ ਹੀ ਇਨ੍ਹਾਂ ਸਾਰਿਆਂ ਨੂੰ ਦੁਬਈ ਤੋਂ ਇਰਾਕ ਲੈ ਕੇ ਗਿਆ ਸੀ। ਇਹ ਕਹਿਣਾ ਹੈ ਇਰਾਕ 'ਚ ਮਾਰੇ ਗਏ ਅੰਮ੍ਰਿਤਸਰ ਦੇ ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ ਦਾ। ਗੁਰਪਿੰਦਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰਜੀਤ ਦਾ ਇਕ ਹੋਰ ਸਾਥੀ ਰਾਜਬੀਰ ਵੀ ਉਸ ਨਾਲ ਮਿਲਿਆ ਹੋਇਆ ਹੈ। 
ਇਸ ਮਾਮਲੇ 'ਚ ਅੱਜ ਅੰਮ੍ਰਿਤਸਰ ਦੇ ਐੱਸ. ਡੀ. ਐੱਮ. ਦਾ ਇਕ ਵਫਦ ਹਲਕਾ ਮਜੀਠਾ ਪੁੱਜਿਆ, ਜਿੱਥੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਐੱਸ. ਡੀ. ਐੱਮ. ਨੇ ਕਿਹਾ ਕਿ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਰਾਕ ਵਿਚ ਮਾਰੇ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੇ ਸਬੂਤਾਂ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਇਕ ਮੰਗ ਪੱਤਰ ਵੀ ਦਿੱਤਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਿਸ ਤਰ੍ਹਾਂ ਵਤਨ ਲਿਆਂਦਾ ਜਾਵੇਗਾ ਇਸ ਬਾਰੇ ਵੀ ਪਰਿਵਾਰਕ ਮੈਂਬਰਾਂ ਨੂੰ ਜਲਦ ਦੱਸ ਦਿੱਤਾ ਜਾਵੇਗਾ।


Related News