ਪੰਨੂ ਨੂੰ ਨਹੀਂ ਜਾਣਦੇ ਉਸ ਦੇ ਜੱਦੀ ਪਿੰਡ ਵਾਲੇ ਲੋਕ
Friday, Sep 11, 2020 - 02:18 AM (IST)
ਖਾਨਕੋਟ: ਅੰਮ੍ਰਿਤਸਰ ਦੇ ਬਾਹਰੀ ਇਲਾਕੇ 'ਚ ਸਥਿਤ ਆਪਣੇ ਜੱਦੀ ਪਿੰਡ ਖਾਨਕੋਟ ਵਿਖੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਪਿੰਡ ਦਾ ਕੋਈ ਵੀ ਵਿਅਕਤੀ ਉਸ ਨੂੰ ਜਾਣਦਾ ਨਹੀਂ ਹੈ। ਇਥੋਂ ਜੋ ਕਿਸਾਨ ਉਸ ਦੇ
ਖੇਤਾਂ 'ਚ ਕੰਮ ਕਰਦੇ ਹਨ ਨੇ ਦਾਅਵਾ ਕੀਤਾ ਕਿ ਉਹ ਉਸ ਦੇ ਸੰਪਰਕ 'ਚ ਨਹੀਂ ਹਨ। ਪੰਨੂ ਦੇ ਪਿੰਡ ਵਾਸੀ ਇਕ ਕਿਸਾਨ ਨੇ ਕਿਹਾ ਕਿ“ਬੱਚੇ ਅਕਸਰ ਆਪਣੇ ਪਿੰਡ ਜਾਂ ਕਸਬੇ ਦਾ ਮਾਣ ਵਧਾਉਂਦੇ ਹਨ ਪਰ ਗੁਰਪਤਵੰਤ ਨੇ ਪਿੰਡ ਦਾ ਨਾਮ ਬਦਨਾਮ ਕੀਤਾ ਅਤੇ ਪਿੰਡ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਨੂ ਦੇ ਅੱਤਵਾਦੀ ਹੋਣ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਉਸ ਦੀ ਜਾਇਦਾਦ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਮੀਡੀਆ ਕਰਮੀ ਅਤੇ ਐਨ. ਆਈ. ਏ. ਉਨ੍ਹਾਂ ਦੇ ਪਿੰਡ ਪਹੁੰਚੇ। ਉਸ ਸਮੇਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਨੂ ਇਕ ਅੱਤਵਾਦੀ ਹੈ, ਜਿਸ ਨੂੰ ਭਾਰਤ ਸਰਕਾਰ ਵਲੋਂ ਅੱਤਵਾਦੀ ਐਲਾਨਿਆ ਗਿਆ ਹੈ।
ਪੰਨੂ ਦੀ ਜ਼ਮੀਨ 'ਤੇ ਸਰਕਾਰ ਦਾ ਹੋਵੇਗਾ ਮਾਲਿਕਾਨਾ ਹੱਕ
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖਿਲਾਫ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਐਨ. ਆਈ. ਏ. ਵਲੋਂ ਇਕ ਹੁਕਮ ਜਾਰੀ ਕੀਤਾ ਗਿਆ, ਜਿਸ 'ਚ ਗੁਰਪਤਵੰਤ ਪੰਨੂ ਦੀ ਜ਼ਮੀਨ 'ਤੇ ਮਾਲਿਕਾਨਾ ਹੱਕ ਸਰਕਾਰ ਦਾ ਹੋਵੇਗਾ। ਐਨ. ਆਈ. ਏ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਦੇ ਪਿੰਡ ਖਾਨਕੋਟ 'ਚ ਪੰਨੂ ਦੀ 46 ਕਨਾਲ ਜ਼ਮੀਨ ਹੈ। ਇਸ ਦੇ ਨਾਲ ਹੀ ਸੁਲਤਾਨਵਿੰਡ ਪਿੰਡ 'ਚ ਵੀ ਉਸ ਦੀ 11 ਕਨਾਲ ਜ਼ਮੀਨ ਦੱਸੀ ਗਈ ਹੈ। ਪੰਨੂ ਦੀ ਇਸ ਜ਼ਮੀਨ ਨੂੰ ਐਨ. ਆਈ. ਏ. ਵਲੋਂ ਐਕੁਆਇਰ ਕਰਨ ਦੀ ਗੱਲ ਆਖੀ ਗਈ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਐਨ. ਆਈ. ਏ. ਨੇ ਗੈਰਕਾਨੂੰਨੀ (ਰੋਕੂ) ਗਤੀਵਿਧੀਆਂ ਐਕਟ (ਯੂ.ਏ.ਪੀ.ਏ.), 1967 ਦੀ ਧਾਰਾ 51 ਏ ਦੇ ਤਹਿਤ ਪੰਨੂ ਦੀ ਖਾਨਕੋਟ 'ਚ 46 ਕਨਾਲ ਦੀ 13.5 ਮਰਲਾ ਜ਼ਮੀਨ ਨੂੰ ਕੁਰਕ ਕਰਨ ਦੇ ਆਦੇਸ਼ ਦਿੱਤੇ ਸਨ।