ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ ’ਤੇ 4 ਨੌਜਵਾਨਾਂ ਵੱਲੋਂ ਭੰਨਤੋੜ

Tuesday, Feb 15, 2022 - 10:59 AM (IST)

ਗੁਰਨਾਮ ਸਿੰਘ ਚੜੂਨੀ ਦੇ ਦਫ਼ਤਰ ’ਤੇ 4 ਨੌਜਵਾਨਾਂ ਵੱਲੋਂ ਭੰਨਤੋੜ

ਮੋਹਾਲੀ (ਸੰਦੀਪ) : ਕਿਸਾਨ ਸੰਯੁਕਤ ਮੋਰਚਾ ਪਾਰਟੀ ਨੂੰ ਸਮਰਥਨ ਦੇ ਰਹੇ ਗੁਰਨਾਮ ਸਿੰਘ ਚੜੂਨੀ ਦੇ ਸੈਕਟਰ-97 ਸਥਿਤ ਚੋਣ ਦਫ਼ਤਰ ’ਤੇ 3-4 ਨੌਜਵਾਨਾਂ ਨੇ ਹਮਲਾ ਕਰ ਕੇ ਸ਼ੀਸ਼ੇ ਅਤੇ ਦਰਵਾਜ਼ੇ ਤੋੜ ਦਿੱਤੇ। ਦਫ਼ਤਰ ’ਚ ਮੌਜੂਦ ਗੌਰਵ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੌਰਵ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਹਮਲਾਵਰਾਂ ਨੇ ਪਿਸਤੌਲ ਦੇ ਬਟ ਨਾਲ ਸਿਰ ’ਤੇ ਹਮਲਾ ਕੀਤਾ ਤੇ ਉਸ ਦੇ ਇਕ ਹੋਰ ਸਾਥੀ ਦੀ ਵੀ ਕੁੱਟਮਾਰ ਕੀਤੀ। ਦੋਵਾਂ ਨੇ ਕਿਸੇ ਤਰ੍ਹਾਂ ਭਜ ਕੇ ਆਪਣੀ ਜਾਨ ਬਚਾਈ। ਹਮਲਾਵਰ ਗੁਰਨਾਮ ਸਿੰਘ ਚੜੂਨੀ ’ਤੇ ਹਮਲਾ ਕਰਨ ਆਏ ਸੀ ਪਰ ਖੁਸ਼ਕਿਸਮਤੀ ਨਾਲ ਰਾਤ ਉਹ ਇੱਥੇ ਨਹੀਂ ਪਹੁੰਚੇ। ਹਾਲਾਂਕਿ ਮਾਮਲੇ ’ਚ ਗੁਰਨਾਮ ਸਿੰਘ ਚੜੂਨੀ ਦੇ ਬੇਟੇ ਨੇ ਪੁਲਸ ਅਤੇ ਚੋਣ ਕਮਿਸ਼ਨ ਨੂੰ ਇਸ ਮਾਮਲੇ ’ਚ ਇਸ ਦੀ ਸ਼ਿਕਾਇਤ ਦਿੱਤੀ ਹੈ।

ਡੀ. ਐੱਸ. ਪੀ. ਸੁਖਜੀਤ ਸਿੰਘ ਵਿਕਰ ਮੌਕੇ ’ਤੇ ਪਹੁੰਚੇ ਤੇ ਜਾਂਚ ਦੇ ਹੁਕਮ ਦਿੱਤੇ। ਜ਼ਖਮੀ ਗੌਰਵ ਨੇ ਪੁਲਸ ਜਾਂਚ ਦੌਰਾਨ ਦੱਸਿਆ ਕਿ ਉਹ ਆਪਣੇ ਇਕ ਸਾਥੀ ਨਾਲ ਘਰ ਦੇ ਡਰਾਇੰਗ ਰੂਮ ’ਚ ਸੌਂ ਰਹੇ ਸੀ। ਰਾਤ ਅਚਾਨਕ 3-4 ਨੌਜਵਾਨ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ ਅਤੇ ਧਮਕੀਆਂ ਦੇਣ ਲੱਗੇ। ਦਰਵਾਜ਼ਾ ਖੋਲ੍ਹ ਕੇ ਜਿਵੇਂ ਹੀ ਗੌਰਵ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੌਣ ਹਨ ਤਾਂ ਉਸੇ ਸਮੇਂ ਉਸ ਨੇ ਪਿਸਤੌਲ ਦੇ ਬਟ ਨਾਲ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। ਜਦੋਂ ਗੌਰਵ ਦੇ ਸਿਰ ’ਚੋਂ ਖੂਨ ਨਿਕਲਣ ਲੱਗਾ ਤਾਂ ਉਨ੍ਹਾਂ ਉਸ ਨੂੰ ਫੜ੍ਹ ਕੇ ਦਰਵਾਜ਼ੇ ’ਚ ਮਾਰਿਆ। ਅੰਦਰ ਜਾ ਕੇ ਹਮਲਾਵਰ ਕਹਿਣ ਲੱਗੇ ਕਿ ਚੜੂਨੀ ਤੇ ਉਸ ਦਾ ਬੇਟਾ ਕਿੱਥੇ ਹਨ, ਉਨ੍ਹਾਂ ਨੂੰ ਸਿਆਸਤ ਸਿਖਾਉਣੀ ਹੈ।

ਗੌਰਵ ਨੇ ਕਿਸੇ ਤਰ੍ਹਾਂ ਹਮਲਾਵਰਾਂ ਤੋਂ ਖ਼ੁਦ ਨੂੰ ਛੁਡਾਇਆ ਅਤੇ ਕੋਠੀ ਤੋਂ ਬਾਹਰ ਭੱਜ ਗਿਆ ਤੇ ਸਕਿਓਰਿਟੀ ਗਾਰਡ ਕੋਲ ਪਹੁੰਚ ਗਿਆ। ਜਦੋਂ ਗੌਰਵ ਸੁਰੱਖਿਆ ਗਾਰਡ ਨਾਲ ਵਾਪਸ ਆਇਆ। ਕੁੱਝ ਦੇਰ ਬਾਅਦ ਉਹ ਉਥੋਂ ਭੱਜ ਗਏ। ਚੜੂਨੀ ਦੇ ਪੁੱਤਰ ਅਰਸ਼ਦੀਪ ਅਨੁਸਾਰ ਪਿਤਾ ਕਿਸਾਨ ਸੰਯੁਕਤ ਮੋਰਚਾ ਪਾਰਟੀ ਲਈ ਪੰਜਾਬ ਦੌਰੇ ’ਤੇ ਹਨ। ਉਹ ਵੀ ਆਪਣੇ ਪਿਤਾ ਦ ਨਾਲ ਸੀ। ਉਨ੍ਹਾਂ ਰਾਤ ਮੋਹਾਲੀ ਕੋਠੀ ਵਿਖੇ ਰਾਤ ਰੁਕਣਾ ਸੀ ਪਰ ਲੇਟ ਹੋਣ ਕਾਰਨ ਉਹ ਕਰਤਾਰਪੁਰ ਹੋਟਲ ’ਚ ਰੁਕੇ। ਦੇਰ ਰਾਤ ਗੌਰਵ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਕੁੱਝ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰਕੇ ਘਰ ਦੀ ਭੰਨ-ਤੋੜ ਕੀਤੀ ਹੈ। ਵਾਪਸ ਆ ਕੇ ਉਨ੍ਹਾਂ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਥਾਣਾ ਸਦਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News