ਮੁੜ ਬਾਦਲਾਂ ਨੂੰ ਟੱਕਰ ਦੇਣਗੇ ਗੁਰਮੀਤ ਸਿੰਘ ਖੁੱਡੀਆਂ, ਦਿਲਚਸਪ ਹੋਵੇਗਾ ਬਠਿੰਡਾ ਸੀਟ ਤੋਂ ਮੁਕਾਬਲਾ

Thursday, Mar 14, 2024 - 06:41 PM (IST)

ਮੁੜ ਬਾਦਲਾਂ ਨੂੰ ਟੱਕਰ ਦੇਣਗੇ ਗੁਰਮੀਤ ਸਿੰਘ ਖੁੱਡੀਆਂ, ਦਿਲਚਸਪ ਹੋਵੇਗਾ ਬਠਿੰਡਾ ਸੀਟ ਤੋਂ ਮੁਕਾਬਲਾ

ਬਠਿੰਡਾ (ਵੈੱਬ ਡੈੱਸਕ) : ਪੰਜਾਬ ’ਚ ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਲਈ 8 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ‘ਆਪ’ ਨੇ ਦਾਅ ਖੇਡਿਆ ਹੈ। ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਵਿਚ ਟੱਕਰ ਦੇਣ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਹੁਣ ਬਠਿੰਡਾ ਦਾ ਕਿਲਾ ਫਤਿਹ ਕਰਨ ਦੀ ਜ਼ਿੰਮੇਵਾਰੀ ਸੌਪੀ ਗਈ ਹੈ। ਖੁੱਡੀਆਂ ਇਕ ਵਾਰ ਫਿਰ ਬਾਦਲ ਪਰਿਵਾਰ ਨਾਲ ਚੋਣ ਮੈਦਾਨ ਵਿਚ ਦੋ-ਦੋ ਹੱਥ ਕਰਦੇ ਨਜ਼ਰ ਆ ਸਕਦੇ ਹਨ। ਉਂਝ ਅਕਾਲੀ ਦਲ ਵਲੋਂ ਅਜੇ ਤਕ ਬਠਿੰਡਾ ਲੋਕ ਸਭਾ ਹਲਕੇ ’ਤੇ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ। ਹਾਲਾਂਕਿ ਹਰਸਿਮਰਤ ਕੌਰ ਬਾਦਲ ਲਗਾਤਾਰ ਤਿੰਨ ਵਾਰ ਇਥੋਂ ਲੋਕ ਸਭਾ ਚੋਣ ਜਿੱਤਦੇ ਆ ਰਹੇ ਹਨ। ਇਸ ਵਾਰ ਵੀ ਉਹ ਸੰਭਾਵਿਤ ਉਮੀਦਵਾਰ ਹਨ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ‘ਆਪ’ ਵਲੋਂ 8 ਉਮੀਦਵਾਰਾਂ ਦਾ ਐਲਾਨ, 5 ਮੰਤਰੀ ਮੈਦਾਨ ’ਚ ਉਤਾਰੇ

ਗੁਰਮੀਤ ਸਿੰਘ ਖੁੱਡੀਆਂ ਬਾਰੇ ਕੁੱਝ ਗੱਲਾਂ

‘ਆਪ’ ਸਰਕਾਰ ’ਚ ਇਸ ਸਮੇਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮਰਹੂਮ ਸਾਂਸਦ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਹਨ। ‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਲੰਬੀ ਤੋਂ ਉਮੀਦਵਾਰ ਬਣਾਇਆ ਸੀ। ਗੁਰਮੀਤ ਖੁੱਡੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੰਬੀ ਹਲਕੇ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਮਾਤ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਖੁੱਡੀਆਂ ਇਥੇ ਜੇਤੂ ਰਹੇ ਸਨ। ਸਰਦਾਰ ਬਾਦਲ ਨੂੰ ਹਰਾਉਣ ਮਗਰੋਂ ਗੁਰਮੀਤ ਖੁੱਡੀਆਂ ਕਾਫੀ ਚਰਚਾ ਵਿਚ ਆਏ ਸਨ।  ਉਨ੍ਹਾਂ ਦੇ ਪਰਿਵਾਰ ਨੇ ਦਿੱਲੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸਰਗਰਮ ਭੂਮਿਕਾ ਨਿਭਾਈ ਸੀ। ਗੁਰਮੀਤ ਸਿੰਘ ਖੁਡੀਆਂ ਦੇ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਕਿਸੇ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਸਨ, ਗੁਰਮੀਤ ਸਿੰਘ ਖੁੱਡੀਆਂ ਦਾ ਸਿਆਸੀ ਸਫ਼ਰ ਵੀ ਅਕਾਲੀ ਦਲ ਨਾਲ ਸ਼ੁਰੂ ਹੋਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਂ ਉਹ ਕਾਂਗਰਸ ਨਾਲ ਵੀ ਜੁੜੇ ਰਹੇ ਸਨ। ਉਹ ਪੰਜ ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਪ੍ਰਧਾਨ ਰਹੇ। 2021 ’ਚ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। 

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News