'ਆਪ' ’ਤੇ ਉਂਗਲਾਂ ਚੁੱਕਣ ਵਾਲਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਲੋੜ: ਗੁਰਮੀਤ ਖੁੱਡੀਆਂ
Monday, Jun 13, 2022 - 03:02 PM (IST)
ਭਵਾਨੀਗੜ੍ਹ (ਕਾਂਸਲ): ਲੋਕ ਸਭਾ ਹਲਕਾ ਸੰਗਰੂਰ ਦੀ ਉੱਪ ਚੋਣ ਨੂੰ ਲੈ ਕੇ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭੱਖ ਚੁਕਿਆਂ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇਸ ਚੋਣ ਨੂੰ ਜਿੱਤਣ ਲਈ ਪੂਰੀ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੀ ਸਥਾਨਕ ਇਲਾਕੇ ’ਚ ਵੱਖ-ਵੱਖ ਹਲਕਿਆਂ ਦੇ ਵੱਡੀ ਗਿਣਤੀ ’ਚ ਵਿਧਾਇਕਾਂ ਵੱਲੋਂ ਡੇਰੇ ਲਗਾਉਂਦਿਆਂ 'ਆਪ' ਉਮੀਦਵਾਰ ਗੁਰਮੇਲ ਸਿੰਘ ਸਰਪੰਚ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਏ : ਬੀਬੀ ਰਾਜੋਆਣਾ
'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਅਤੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ 'ਆਪ' ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਵਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਨਾਗਰਾ, ਅਕਬਰਪੁਰ, ਸੰਘਰੇੜੀ ਸਮੇਤ ਕਈ ਹੋਰ ਪਿੰਡਾਂ ’ਚ ਆਪ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਲੋਕਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਪਿੰਡ ਨਾਗਰਾ ਵਿਖੇ ਗੱਲਬਾਤ ਕਰਦਿਆਂ ਵਿਧਾਇਕ ਖੁੱਡੀਆਂ ਨੇ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋਣ ਦਾ ਕੂੜ ਪ੍ਰਚਾਰ ਕਰਕੇ 'ਆਪ' ਸਰਕਾਰ ਉਪਰ ਉਗਲਾਂ ਚੁੱਕਣ ਵਾਲੇ ਕਾਂਗਰਸੀ ਅਤੇ ਅਕਾਲੀਆਂ ਨੂੰ ਪਹਿਲਾਂ ਆਪਣੇ ਮੰਜੇ ਹੇਠ ਸੋਟਾ ਫੇਰਨਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ’ਚ ਲਗਾਤਾਰ 10 ਸਾਲ ਰਾਜ ਕਰਨ ਦੇ ਬਾਵਜੂਦ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਵੀ ਆਪਣੇ ਪੌਣੇ 5 ਸਾਲ ਦੇ ਰਾਜ ’ਚ ਇਕ ਵੀ ਵਾਅਦਾ ਨੂੰ ਪੂਰਾ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮੁਲਜ਼ਮਾਂ ਦੀ ਭਰਤੀ ਦੇ ਡਰਮੇ ਰੱਚ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਸੰਗਰੂਰ 'ਚ 3 ਵਿਧਾਨ ਸਭਾ ਸੀਟਾਂ 'ਤੇ ਹਲਕਾ ਇੰਚਾਰਜ ਦੀ ਗੈਰ-ਮੌਜੂਦਗੀ 'ਚ ਲੋਕ ਸਭਾ ਜ਼ਿਮਨੀ ਚੋਣ ਲੜ ਰਹੀ ਕਾਂਗਰਸ
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 'ਆਪ' ਸਰਕਾਰ ਨੂੰ ਬਣੇ ਅਜੇ 3 ਮਹੀਨੇ ਦਾ ਸਮਾ ਹੀ ਹੋਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਵਿਭਾਗਾਂ ’ਚ ਨੌਕਰੀਆਂ ਦੇਣ ਅਤੇ ਹੋਰ ਕਈ ਇਤਿਹਾਸਕ ਫ਼ੈਸਲੇ ਲੈਂਦਿਆਂ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਆਪਣੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ’ਤੇ 'ਆਪ' ਦੇ ਸੀਨੀਅਰ ਆਗੂ ਜਗਤਾਰ ਸਿੰਘ ਤਾਰੀ ਨਾਗਰਾ, ਗੁਰਤੇਜ ਸਿੰਘ ਨਾਗਰਾ, ਬੰਤ ਸਿੰਘ, ਮੇਜਰ ਸਿੰਘ, ਦਲਵਾਰਾ ਸਿੰਘ ਨਾਗਰਾ ਅਤੇ ਰਾਣਾ ਸਿੰਘ ਜਵੰਧਾ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।