ਤੁਗਲ ਪਿੰਡ ਨੇੜਿਓਂ ਨਹਿਰ ''ਚੋਂ ਮਿਲੀ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਲਾਸ਼
Wednesday, Jun 25, 2025 - 10:43 AM (IST)

ਹਲਵਾਰਾ (ਲਾਡੀ): ਟੈਕਸੀ ਡਰਾਈਵਰ ਗੁਰਮੀਤ ਸਿੰਘ (56) ਵਾਸੀ ਬਾੜੇਵਾਲ, ਹਾਲ ਵਾਸੀ ਅਗਰ-ਨਗਰ ਲੁਧਿਆਣਾ ਕਤਲ ਕਾਂਡ ਦੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸੁਧਾਰ ਪੁਲਸ ਨੇ ਅਬੋਹਰ ਬ੍ਰਾਂਚ ਨਹਿਰ ਵਿੱਚੋਂ ਤੁਗਲ ਪਿੰਡ ਦੇ ਨੇੜਿਓਂ ਗੁਰਮੀਤ ਸਿੰਘ ਦੀ ਲਾਸ਼ ਬਰਾਮਦ ਕਰ ਲਈ ਹੈ। ਮੁਲਜ਼ਮਾਂ ਨੇ ਗੁਰਮੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਗੁਰਮੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਸੀ। ਇਨ੍ਹਾਂ ਵਿੱਚ ਦੋ ਧੀਆਂ ਅਤੇ ਇੱਕ ਬੇਟਾ ਹੈ। ਇੱਕ ਧੀ18 ਸਾਲ ਦੀ ਹੈ ਅਤੇ ਦੂਜੀ ਧੀ20 ਸਾਲ ਦੀ ਹੈ। ਮੁਲਜ਼ਮਾਂ ਖ਼ਿਲਾਫ਼ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਨਰਿੰਦਰ ਕੌਰ ਦੇ ਬਿਆਨ 'ਤੇ ਲੁੱਟ, ਕਿਡਨੈਪਿੰਗ ਅਤੇ ਕਤਲ ਦੀ ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ, ਹਰਪ੍ਰੀਤ ਸਿੰਘ ਉਰਫ਼ ਹੈਪੀ, ਪੁੱਤਰ ਬਲਜਿੰਦਰ ਸਿੰਘ, ਗੁਰਤੇਜਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਗੁਰਬੀਰ ਸਿੰਘ (ਦੋਵੇਂ ਵਾਸੀ ਮੋਹੀ) ਅਤੇ ਗੁਰਵੰਤ ਸਿੰਘ ਬੰਟੀ ਪੁੱਤਰ ਲਖਵੀਰ ਸਿੰਘ ਵਾਸੀ ਦਾਖਾ ਨੂੰ ਸੁਧਾਰ ਪੁਲਸ ਨੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ!
ਸੁਧਾਰ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਅਨੁਸਾਰ ਫ਼ਿਲੌਰ ਦੇ ਸਾਹਿਲ ਐਂਡ ਗਰੁੱਪ ਦੀ ਅਗਵਾਈ ਵਿੱਚ 7 ਗੋਤਾਖੋਰਾਂ ਦੀ ਟੀਮ ਮੰਗਲਵਾਰ ਸਵੇਰੇ 11 ਵਜੇ ਤੋਂ ਪਾਣੀ ਵਿੱਚ ਲਾਸ਼ ਦੀ ਭਾਲ ਕਰ ਰਹੇ ਸਨ। ਗੋਤਾਖੋਰਾਂ ਨੇ ਸੁਧਾਰ ਪਿੰਡ ਤੋਂ ਤੁਗਲ ਵੱਲ ਨਹਿਰ ਦੇ ਪਾਣੀ ਨੂੰ ਦੋ ਕਿਲੋਮੀਟਰ ਤੱਕ ਛਾਣ ਕੇ ਬੜੀ ਮੁਸ਼ੱਕਤ ਤੋਂ ਬਾਅਦ ਗੁਰਮੀਤ ਦੀ ਲਾਸ਼ ਬਰਾਮਦ ਕੀਤੀ ਹੈ। ਮੌਕੇ 'ਤੇ ਤਾਇਨਾਤ ਪੁਲਸ ਦੀ ਟੀਮ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਥਾਨ 'ਤੇ ਮਿਲੇ ਖੂਨ ਦੇ ਨਿਸ਼ਾਨ
ਪੁਲਸ ਟੀਮ ਨੇ ਸੋਮਵਾਰ ਰਾਤ ਮੁਲਜ਼ਮਾਂ ਨੂੰ ਰੂਪਨਗਰ ਦੇ ਨੂਰਪੁਰ ਬੇਦੀ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੁਧਾਰ ਪੁਲਸ ਸਿੱਧੇ ਉਸ ਜਗ੍ਹਾ 'ਤੇ ਲੈ ਗਈ ਜਿੱਥੇ ਉਨ੍ਹਾਂ ਨੇ ਟੈਕਸੀ ਡਰਾਈਵਰ ਗੁਰਮੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਘਟਨਾ ਸਥਾਨ 'ਤੇ ਖੂਨ ਦੇ ਨਿਸ਼ਾਨ ਮਿਲੇ ਸਨ, ਜਿਸ ਦੀ ਜਾਂਚ ਫੋਰੈਂਸਿਕ ਅਤੇ ਤਕਨੀਕੀ ਮਾਹਿਰਾਂ ਦੁਆਰਾ ਕੀਤੀ ਜਾ ਰਹੀ ਹੈ।
ਗੁਰਮੀਤ ਸਿੰਘ ਦਾ ਕਤਲ ਕਰਕੇ ਪੈਸੇ ਅਤੇ ਕਾਰ ਲੁੱਟਣ ਤੋਂ ਬਾਅਦ ਦੋਸ਼ੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਜਗ੍ਹਾ ਲੱਭ ਰਹੇ ਸਨ। ਮੁੱਲਾਂਪੁਰ ਤੋਂ ਹੁੰਦੇ ਹੋਏ ਪਿੰਡ ਸੁਧਾਰ ਪਹੁੰਚੇ। ਸੁਧਾਰ ਪਿੰਡ ਦੀ ਨਹਿਰ ਦੇ ਪੁਲ ਤੋਂ ਕੱਚੀ ਪਾਂਧੀ ਰਾਹੀਂ ਹੁੰਦੇ ਹੋਏ ਲਗਭਗ 100 ਗਜ਼ ਦੂਰ ਜਾ ਕੇ ਲਾਸ਼ ਨੂੰ ਡੂੰਘੇ ਪਾਣੀ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਫਿਰ ਕਾਰ ਲੈ ਕੇ ਮੁੱਲਾਂਪੁਰ ਵੱਲ ਜਾ ਰਹੇ ਸਨ। ਇਸ ਦੌਰਾਨ ਗੁਰਮੀਤ ਸਿੰਘ ਦੇ ਡਰਾਈਵਰ ਦੋਸਤ ਰਮਿੰਦਰ ਸਿੰਘ ਨੇ ਕਾਰ ਪਹਿਚਾਣ ਕੇ ਹੋਰ ਦੋਸਤਾਂ ਸਮੇਤ ਉਨ੍ਹਾਂ ਦਾ ਪਿੱਛਾ ਕੀਤਾ। ਮੁਲਜ਼ਮ ਖੂਨ ਨਾਲ ਲੱਥਪੱਥ ਕਾਰ ਨੂੰ ਮੋਹੀ ਪਿੰਡ ਦੇ ਹਸਪਤਾਲ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਖੜ੍ਹਾ ਕਰਕੇ ਭੱਜ ਗਏ, ਜਿਸ ਨੂੰ ਸੁਧਾਰ ਪੁਲਸ ਨੇ ਬਰਾਮਦ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਦੀ ਤਿਆਰੀ! ਸੰਜੀਵ ਅਰੋੜਾ ਤੋਂ ਇਲਾਵਾ ਹੋਰ ਵਿਧਾਇਕ ਵੀ ਬਣ ਸਕਦੇ ਹਨ ਮੰਤਰੀ
ਮੁਲਜ਼ਮਾਂ ਨੇ ਲੁੱਟ ਦੇ ਇਰਾਦੇ ਨਾਲ ਗੁਰਮੀਤ ਦਾ ਕੀਤਾ ਕਤਲ
ਮ੍ਰਿਤਕ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੇ ਮੁਛੇਰੇ ਮੁਛੇਰੇ ਭਰਾ ਸਤਵਿੰਦਰ ਸਿੰਘ ਵਾਸੀ ਜੋਧਾ ਨੇ ਦੱਸਿਆ ਕਿ ਗੁਰਮੀਤ ਨੇ ਕੁਝ ਸਮਾਂ ਪਹਿਲਾਂ ਬੇਟੇ ਸਾਹਿਲ ਸਿੰਘ ਨੂੰ ਕਰਜ਼ਾ ਲੈ ਕੇ ਨੌਕਰੀ ਲਈ ਦੁਬਈ ਭੇਜਿਆ ਸੀ। ਪਿਤਾ ਦੀ ਹੱਤਿਆ ਦੀ ਖ਼ਬਰ ਸੁਣ ਬੇਟਾ ਸਾਹਿਲ ਸਿੰਘ ਸਭ ਛੱਡ ਕੇ ਮੰਗਲਵਾਰ ਸਵੇਰੇ ਵਾਪਸ ਘਰ ਵਾਪਸ ਆ ਗਿਆ। ਗੁਰਮੀਤ ਸਿੰਘ ਦੀਆਂ ਦੋ ਧੀਆਂ ਅਤੇ ਇੱਕ ਬੇਟਾ ਤਿੰਨੋਂ ਬੱਚੇ ਅਜੇ ਵਿਆਹੇ ਨਹੀਂ ਹਨ। ਉਹ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਕੁਝ ਰੁਪਏ ਲੁੱਟਣ ਲਈ ਮੁਲਜ਼ਮਾਂ ਨੇ ਗੁਰਮੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8