ਨੌਜਵਾਨਾਂ ਤੇ ਬੱਚਿਆਂ ਨੂੰ ਬਾਣੀ ਨਾਲ ਜੋੜਨ ਲਈ ਗੁਰਮਤਿ ਕੈਂਪਾਂ ਦਾ ਵੱਡਾ ਯੋਗਦਾਨ

Monday, Jul 09, 2018 - 12:43 AM (IST)

ਨੌਜਵਾਨਾਂ ਤੇ ਬੱਚਿਆਂ ਨੂੰ ਬਾਣੀ ਨਾਲ ਜੋੜਨ ਲਈ ਗੁਰਮਤਿ ਕੈਂਪਾਂ ਦਾ ਵੱਡਾ ਯੋਗਦਾਨ

ਮਾਨਸਾ/ਅੰਮ੍ਰਿਤਸਰ (ਸੰਦੀਪ ਮਿੱਤਲ, ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਨੌਜਵਾਨ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਸਦਕਾ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਪਿਛਲੇ ਇਕ ਮਹੀਨੇ ਤੋਂ ਲਾਏ ਗੁਰਮਤਿ ਦੇ ਕੈਂਪਾਂ ਦੌਰਾਨ ਹਿੱਸਾ ਲੈਣ ਵਾਲੇ ਬੱਚਿਆਂ ਦਾ ਸਨਮਾਨ ਸਮਾਗਮ ਅੱਜ ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਹੋਇਆ।ਇਸ ਮੌਕੇ ਜਿਥੇ ਗੁਰਮਤਿ ਸਬੰਧੀ ਲਿਖਤੀ ਪੇਪਰ ਵਿਚੋਂ ਅੱਵਲ ਆਏ 9 ਬੱਚਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਗੁਰਪ੍ਰੀਤ ਸਿੰਘ ਝੱਬਰ ਨੇ ਸਨਮਾਨ ਚਿੰਨ੍ਹ ਤੇ ਸਨਮਾਨ ਪੱਤਰ ਨਾਲ ਸਨਮਾਨਤ ਕੀਤਾ, ਉਥੇ ਹੀ ਕੈਂਪਾਂ ਦੌਰਾਨ ਭਾਗ ਲੈਣ ਵਾਲੇ 3 ਹਜ਼ਾਰ ਬੱਚਿਆਂ ਨੂੰ ਵੀ ਮੈਡਲ ਤੇ ਸਨਮਾਨ ਪੱਤਰ ਦਿੱਤੇ ਗਏ। ਇਸ ਤੋਂ ਪਹਿਲਾਂ ਅੱਜ ਹਲਕੇ ਦੇ ਪਿੰਡਾਂ 'ਚ ਕੈਂਪਾਂ ਦੌਰਾਨ ਚੁਣੇ ਗਏ 540 ਬੱਚਿਆਂ ਦਾ ਲਿਖਤੀ ਧਾਰਮਿਕ ਪੇਪਰ ਲਿਆ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਅਤੇ ਬੱਚਿਆਂ ਵਿਚ ਗੁਰਮਤਿ ਦਾ ਸੰਚਾਰ ਕਰਨ ਲਈ ਅਹਿਮ ਰੋਲ ਨਿਭਾਉਂਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਕਰਨਾ ਸ਼੍ਰੋਮਣੀ ਕਮੇਟੀ ਦੀ ਪਹਿਲ ਹੈ ਅਤੇ ਇਸ ਤਹਿਤ ਜਿਥੇ ਪਿੰਡ ਪੱਧਰ 'ਤੇ ਪ੍ਰਚਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ, ਉਥੇ ਹੀ ਬੱਚਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਸਮਾਗਮ ਦੌਰਾਨ ਇੰਟਰਨੈਸ਼ਨਲ ਦਸਮੇਸ਼ ਗੱਤਕਾ ਅਕੈਡਮੀ ਤਲਵੰਡੀ ਸਾਬੋ ਦੇ ਨੌਜਵਾਨਾਂ ਵੱਲੋਂ ਗੱਤਕਾ ਪ੍ਰਦਰਸ਼ਨ ਦੇ ਜੌਹਰ ਵਿਖਾਏ ਗਏ।ਇਸ ਮੌਕੇ ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਉਦੈ ਸਿੰਘ ਲੌਂਗੋਵਾਲ, ਬੀਬੀ ਸਿਮਰਨਜੀਤ ਕੌਰ ਸਿੰਮੀ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਹਾਜ਼ਰ ਸਨ।


Related News