ਮਨਾਵਾਂ ਵਿਖੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਉਪਰ ਤੇਜ਼ਾਬ ਸੁੱਟਿਆ

08/28/2018 6:01:33 AM

ਖੇਮਕਰਨ,  (ਗੁਰਮੇਲ, ਅਵਤਾਰ)-  ਪੁਲਸ ਥਾਣਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਮਨਾਵਾਂ ਦੇ ਗੁਰਦੁਆਰਾ ਸਾਹਿਬ ਭਾਈ ਲਖੀਆ ਜੀ ਵਿਖੇ ਇਕ ਵਿਅਕਤੀ ਵੱਲੋਂ ਤੇਜ਼ਾਬ ਸੁੱਟ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਕਾਰੀ ਹਸਪਤਾਲ ਖੇਮਕਰਨ ਵਿਖੇ ਦਾਖਲ ਪੀਡ਼ਤ ਸਿਮਰਨਜੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦਾ ਆ ਰਿਹਾ ਹੈ। ਅੱਜ ਸਵੇਰੇ ਬਲਵੀਰ ਸਿੰਘ ਬੀਰ ਪੁੱਤਰ ਬਲਕਾਰ ਸਿੰਘ ਵਾਸੀ ਕਲੰਜਰ ਗੁਰਦੁਆਰਾ ਸਾਹਿਬ ਵਿਖੇ ਆਇਆ। ਉਸ ਦੇ ਹੱਥ ਵਿਚ ਤੇਜ਼ਾਬ ਦੀ ਬੋਤਲ ਸੀ, ਜਦੋਂ ਉਹ ਬੋਤਲ ਸਮੇਤ ਗੁਰਦੁਆਰਾ ਸਾਹਿਬ ਦੀ ਚਰਨ ਗੰਗਾ ਨੇਡ਼ੇ ਪਹੁੰਚਿਆ ਤਾਂ ਮੈਨੂੰ ਸ਼ੱਕ ਹੋਇਆ ਕਿ ਉਕਤ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ  ਹੈ, ਜਿਸ ਕਰ ਕੇ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੇਰੇ ਰੋਕਣ ’ਤੇ ਉਕਤ ਵਿਅਕਤੀ ਨੇ ਹੱਥੋਪਾਈ ਹੁੰਦੇ ਹੋਏ ਤੇਜ਼ਾਬ ਦੀ ਬੋਤਲ ਮੇਰੇ ਉਪਰ ਪਾ ਦਿੱਤੀ, ਜਿਸ ਕਾਰਨ ਮੈਂ ਗੰਭੀਰ ਜ਼ਖਮੀ ਹੋ ਗਿਆ। ਮੈਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦਾ ਸੀ। ਇਸ ਮਾਮਲੇ ਸਬੰਧੀ ਵਿਚ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਵਾਸੀ ਮਨਾਵਾਂ ਦਾ ਬਲਬੀਰ ਸਿੰਘ ਵਾਸੀ ਕਲੰਜਰ ਨਾਲ ਪਹਿਲਾਂ ਵੀ ਝਗਡ਼ਾ ਹੋਇਆ ਸੀ, ਇਸੇ ਰੰਜਿਸ਼ ਤਹਿਤ ਉਸ ਨੇ ਸਿਮਰਨਜੀਤ ਸਿੰਘ ’ਤੇ ਤੇਜ਼ਾਬ ਸੁੱਟਿਆ ਹੈ। ਜੋ ਬੇਅਦਬੀ ਕਰਨ ਦੇ ਦੋਸ਼ ਸਿਮਰਨਜੀਤ ਵੱਲੋਂ ਲਾਏ ਜਾ ਰਹੇ ਹਨ ਉਹ ਬਿਲਕੁਲ ਬੇ-ਬੁਨਿਆਦ ਹਨ। ਇਸ ਸਬੰਧ ਵਿਚ ਤਫਤੀਸ਼ ਜਾਰੀ ਹੈ ਅਤੇ ਇਸ ਪੂਰੇ ਮਾਮਲੇ ਸਬੰਧੀ ਜਲਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


Related News