ਜਦੋਂ ਲਾੜੀ ਵਿਆਹੁਣ ਜਾ ਰਹੇ ਲਾੜੇ ਨੂੰ ਗੁਰਦੁਆਰਾ ਸਾਹਿਬ ''ਚ ਮਿਲਿਆ ਬੂਟਿਆਂ ਦਾ ਪ੍ਰਸਾਦਿ (ਤਸਵੀਰਾਂ)

08/22/2017 7:20:42 PM

ਝਬਾਲ/ਬੀੜ ਸਾਹਿਬ (ਨਰਿੰਦਰ, ਹਰਬੰਸ ਲਾਲੂਘੁੰਮਣ) : ਹਰਿਆਵਲ ਫਾਊਡੇਂਸ਼ਨ ਵੱਲੋਂ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਝੇ ਦੇ ਪ੍ਰਸਿੱਧ ਧਾਰਮਿਕ ਸਥਾਨ ਗੁਰਦੁਆਰਾ ਬੀੜ ਸਾਹਿਬ ਜੀ ਦੇ ਬਾਹਰਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਥਾਪਨਾ ਦਿਵਸ ਮੌਕੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਗੁਰਦੁਆਰਾ ਬੀੜ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬੂਟੇ ਵੰਡੇ ਗਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਰੁੱਖ 'ਤੇ ਮਨੁੱਖ ਦਾ ਜੀਵਨ ਮੌਤ ਤੱਕ ਦਾ ਅਟੁੱਟ ਰਿਸ਼ਤਾ ਹੈ ਪ੍ਰੰਤੂ ਅੱਜ ਦੇ ਯੁੱਗ 'ਚ ਮਨੁੱਖ ਨੈਤਿਕਤਾ ਨੂੰ ਵਿਸਾਰ ਕੇ ਪ੍ਰਕਿਰਤੀ ਨਾਲ ਛੇੜ ਛਾੜ ਕਰਦਿਆਂ ਰੁੱਖਾਂ ਦੀ ਲਗਾਤਾਰ ਕੱਟਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਿੱਛਲੇ 10 ਸਾਲਾਂ ਤੋਂ ਰੁੱਖ ਲਗਾਓ, ਮਨੁੱਖ ਬਚਾਓ ਮਿਸ਼ਨ ਤਹਿਤ ਰੁੱਖ ਲਗਾਉਣ ਦੀ ਕਾਰਜ ਪ੍ਰਣਾਲੀ ਨੂੰ ਜਾਰੀ ਰੱਖ ਰਹੀ ਹੈ ਅਤੇ ਹੁਣ ਤੱਕ ਲੱਖਾਂ ਬੂਟੇ ਉਨ੍ਹਾਂ ਦੀ ਸੰਸਥਾ ਹਰਿਆਵਲ ਫਾਊਂਡੇਸ਼ਨ ਵੱਲੋਂ ਲਗਾਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦਸਿੱਆ ਕਿ ਅੱਜ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 414ਵੇਂ ਸਥਾਪਨਾ ਦਿਵਸ ਮੌਕੇ ਉਨ੍ਹਾਂ ਨੇ 'ਬੂਟਿਆਂ ਦੀ ਜੋ ਲੰਗਰ ਪ੍ਰਥਾ' ਚਲਾਈ ਹੈ, ਇਸ ਨੂੰ ਜਾਰੀ ਰੱਖਦਿਆਂ ਹਰ ਧਰਮ ਦੇ ਅਜਿਹੇ ਇਤਿਹਾਸਕ ਦਿਹਾੜਿਆਂ ਮੌਕੇ ਉਹ ਇਸ ਲੜੀ ਤਹਿਤ ਬੂਟਿਆਂ ਦਾ ਲੰਗਰ ਲਗਾਇਆ ਕਰਨਗੇ। ਇਸ ਮੌਕੇ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਰਣਜੀਤ ਸਿੰਘ ਰਾਣਾ ਗੰਡੀਵਿੰਡ, ਐੱਨ.ਆਰ.ਆਈ. ਕੰਵਲਜੀਤ ਸਿੰਘ ਗੋਗੀ, ਐੱਡਵੋਕੇਟ ਰਵੀ ਭੁੱਲਰ, ਤਰਲੋਚਨ ਸਿੰਘ ਬਘਿਆੜੀ, ਬੌਬੀ ਓਦੋਕੇ, ਸਰਬਜੀਤ ਸਿੰਘ ਠੱਠਾ, ਜੱਸ ਚੂੰਘ, ਜਗਰੂਪ ਸਿੰਘ ਮਾਡੀਮੇਘਾ, ਜਗਰੂਪ ਸਿੰਘ ਢਿੱਲੋਂ ਗੰਡੀਵਿੰਡ, ਜਗਜੀਤ ਸਿੰਘ ਢਿੱਲੋਂ ਗੰਡੀਵਿੰਡ, ਅਮਰਜੀਤ ਸਿੰਘ ਮਾਡੀਮੇਘਾ ਆਦਿ ਹਾਜ਼ਰ ਸਨ।
ਜਦੋਂ ਲਾੜੇ 'ਤੇ ਬਰਾਤੀਆਂ ਨੂੰ ਵੰਡਿਆਂ ਬੂਟਿਆਂ ਦਾ ਪ੍ਰਸਾਦਿ
ਇਸ ਮੌਕੇ ਪਿੰਡ ਮਾਣੋਚਾਹਲ ਤੋਂ ਬਾਰਾਤ ਲੈ ਕੇ ਧੱਤਲ ਪਿੰਡ ਦੀ ਲਾੜੀ ਨੂੰ ਵਿਆਹੁਣ ਜਾ ਰਹੇ ਲਾੜਾ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਬਰਾਤੀਆਂ ਨੂੰ ਵੀ ਬੂਟਿਆਂ ਦਾ ਪ੍ਰਸਾਦਿ ਵੰਡਿਆ ਗਿਆ। ਇਸ ਮੌਕੇ ਹਰਿਆਵਲ ਫਾਊਂਡੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਲਾੜੇ ਸੰਦੀਪ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਸਦੀ ਸ਼ੁਰੂ ਹੋਣ ਜਾ ਰਹੀ ਗ੍ਰਸਿਤੀ ਜ਼ਿੰਦਗੀ 'ਚ ਹਮੇਸ਼ਾ ਖੁਸ਼ੀਆਂ ਖੇੜਿਆਂ ਦੀ ਹਰਿਆਲੀ ਰਹੇ।
ਗੁਰਦੁਆਰਾ ਪ੍ਰਬੰਧਕਾਂ ਨੇ ਹਦੂਦ ਅੰਦਰ ਬੂਟੇ ਵੰਡਣ ਤੋਂ ਰੋਕਿਆ- ਢਿੱਲੋਂ
ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਗੁਰਦੁਆਰਾ ਬੀੜ ਸਾਹਿਬ ਵਿਖੇ ਬੂਟੇ ਵੰਡਣ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਇਸ ਲਈ ਬੀਤੇ ਕੱਲ ਬਕਾਇਦਾ ਫੋਨ ਉਪਰ ਗੁਰਦੁਆਰਾ ਪ੍ਰਬੰਧਕਾਂ ਨਾਲ ਰਾਬਤਾ ਵੀ ਕੀਤਾ ਗਿਆ ਸੀ ਅਤੇ ਪ੍ਰਬੰਧਕਾਂ ਵੱਲੋਂ ਪਹਿਲਾਂ ਤਾਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੂਟੇ ਵੰਡਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਪਰ ਦੇਰ ਸ਼ਾਮ ਪ੍ਰਬੰਧਕਾਂ ਵੱਲੋਂ ਉਸਨੂੰ ਫੋਨ ਕਰਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੂਟੇ ਵੰਡਣ ਤੋਂ ਰੋਕ ਦਿੱਤਾ ਗਿਆ।  
ਕੀ ਕਹਿਣੈ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਦਾ
ਗੁਰਦੁਆਰਾ ਬੀੜ ਸਾਹਿਬ ਦੇ ਮੈਨੇਜਰ ਭਾਈ ਜਸਪਾਲ ਸਿੰਘ ਢੱਡੇ ਨਾਲ ਜਦੋਂ ਗੁਰਦੁਆਰਾ ਸਾਹਿਬ ਵਿਖੇ ਬੂਟੇ ਵੰਡਣ ਤੋਂ ਰੋਕੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਸੰਸਥਾ ਦੇ ਲੋਕ ਧਾਰਮਿਕ ਅਸਥਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਆਪਣੀ ਸੰਸਥਾ ਦੀ ਮਸ਼ਹੂਰੀ ਕਰਨਾ ਚਾਹੁੰਦੇ ਸਨ ਜਿਸ ਉਪਰ ਉਨ੍ਹਾਂ ਵੱਲੋਂ ਇਤਰਾਜ਼ ਜਤਾਇਆ ਗਿਆ ਪ੍ਰੰਤੂ ਉਨ੍ਹਾਂ ਨੇ ਕਿਸੇ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੂਟੇ ਵੰਡਣ ਤੋਂ ਨਹੀਂ ਰੋਕਿਆ ਹੈ। ਉਨ•ਾਂ ਇਹ ਵੀ ਕਿਹਾ ਕਿ ਉਕਤ ਸੰਸਥਾ ਦੇ ਚੇਅਰਮੈਨ ਵੱਲੋਂ ਦੋ ਵਾਰ ਪਹਿਲਾਂ ਵੀ ਗੁ. ਸਾਹਿਬ ਅੰਦਰ ਬੂਟੇ ਲਗਾਏ ਹਨ ਜਿਸ ਲਈ ਐੱਸ.ਜੀ.ਪੀ.ਸੀ. ਵੱਲੋਂ ਪੂਰਾ ਸਾਥ ਦਿੱਤਾ ਗਿਆ ਹੈ।


Related News