ਬਡਬਰ ਦੇ ਗੁਰਦੁਆਰਾ ਸਾਹਿਬ ’ਚ ਵੱਡੀ ਵਾਰਦਾਤ, ਗੋਲਕ ਤੇ ਐੱਲ. ਸੀ. ਡੀ. ਚੋਰੀ

Wednesday, Nov 29, 2023 - 01:45 PM (IST)

ਬਡਬਰ ਦੇ ਗੁਰਦੁਆਰਾ ਸਾਹਿਬ ’ਚ ਵੱਡੀ ਵਾਰਦਾਤ, ਗੋਲਕ ਤੇ ਐੱਲ. ਸੀ. ਡੀ. ਚੋਰੀ

ਧਨੌਲਾ (ਰਾਈਆਂ) : ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਵੱਡੇ ਗੁਰੂ ਘਰ ਸੰਤ ਹਰਚੰਦ ਸਿੰਘ ਲੌਂਗੋਵਾਲ ਰੋਡ ਬਡਬਰ ’ਚ ਦੇਰ ਰਾਤ ਚੋਰਾਂ ਵੱਲੋਂ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੁਰੂ ਘਰ ਦੀ ਗੋਲਕ ਚੋਰੀ ਕਰ ਲਈ ਗਈ ਅਤੇ ਗੁਰੂ ਘਰ ਦੇ ਅੰਦਰ ਲੱਗੀ ਹੋਈ ਰੋਜ਼ਾਨਾ ਮੁੱਖਵਾਕ ਦਰਸਾਉਂਦੀ ਐੱਲ. ਸੀ. ਡੀ. ਵੀ ਚੋਰ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਜਦੋਂ ਗ੍ਰੰਥੀ ਸਿੰਘ ਨੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਆਏ ਤਾਂ ਦਰਬਾਰ ਸਾਹਿਬ ਦੇ ਲੱਗੇ ਗੇਟ ਦਾ ਜਿੰਦਾ ਟੁੱਟਿਆ ਹੋਇਆ ਸੀ। ਜਦੋਂ ਉਸਨੇ ਅੰਦਰ ਜਾ ਕੇ ਦੇਖਿਆ ਤਾਂ ਉਥੋਂ ਗੁਰੂ ਘਰ ਦੀ ਗੋਲਕ ਗਾਇਬ ਸੀ। ਉਸਨੇ ਇਹ ਜਾਣਕਾਰੀ ਗੁਰੂ ਘਰ ਦੇ ਪ੍ਰਧਾਨ ਅਤੇ ਪ੍ਰਬੰਧਕ ਕਮੇਟੀ ਨੂੰ ਦਿੱਤੀ। ਪ੍ਰਧਾਨ ਮਲਕੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਦੋ ਤਿੰਨ ਦਿਨ ਪਹਿਲਾਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਅਤੇ ਇਕ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ ਅਤੇ ਨਗਰ ਕੀਰਤਨ ਵੀ ਸਜਾਏ ਗਏ ਸਨ। ਜਿਸ ਕਾਰਨ ਗੋਲਕ ’ਚ ਘੱਟੋ-ਘੱਟ 35 ਤੋਂ 40 ਹਜ਼ਾਰ ਰੁਪਏ ਦੇ ਕਰੀਬ ਹੋਣ ਦਾ ਅੰਦਾਜ਼ਾ ਹੈ।ਉਨ੍ਹਾਂ ਦੱਸਿਆ ਕਿ ਜਿਹੜੀ ਗੁਰੂ ਘਰ ਦੀ ਗੋਲਕ ਚੋਰੀ ਹੋਈ ਹੈ ਉਸਦਾ ਵਜ਼ਨ ਤਕਰੀਬਨ ਇਕ ਕੁਇੰਟਲ 20 ਕਿਲੋ ਦੇ ਕਰੀਬ ਸੀ ਜਿਸਨੂੰ ਚੋਰਾਂ ਨੇ ਦਰਬਾਰ ਸਾਹਿਬ ਦਾ ਜਿੰਦਾ ਤੋੜ ਕੇ ਪਿਛਲੇ ਪਾਸਿਓਂ ਕੰਧ ਟੱਪ ਕੇ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ। ਗੁਰੂ ਘਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਚੋਰ ਗੁਰੂ ਘਰ ਦੀ ਚੋਰੀ ਕੀਤੀ ਗਈ ਗੋਲਕ ਨੂੰ ਪੈਸੇ ਚੋਰੀ ਕਰਨ ਉਪਰੰਤ ਖਾਲੀ ਕਰ ਕੇ ਪਿੰਡ ਭੂਰੇ ਦੇ ਕੋਲ ਨਹਿਰੀ ਕੱਸੀ ਦੇ ਲਾਗੇ ਸੁੱਟ ਗਏ ਅਤੇ ਨਾਲ ਹੀ ਟੁੱਟੀ ਹੋਈ ਹਾਲਤ ’ਚ ਐੱਲ.ਸੀ.ਡੀ. ਵੀ ਥਾਣਾ ਧਨੌਲਾ ਦੀ ਪੁਲਸ ਵੱਲੋਂ ਬਰਾਮਦ ਕੀਤੀ ਗਈ। ਮੌਕੇ ’ਤੇ ਤਫਤੀਸ਼ ਕਰਨ ਗਏ ਥਾਣਾ ਧਨੌਲ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਦੇ ਖਿਲਾਫ ਪਰਚਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਦੇ ਪ੍ਰਧਾਨ ਮਲਕੀਤ ਸਿੰਘ, ਦਲੇਰ ਸਿੰਘ, ਮੈਂਬਰ ਕਲਗਾ ਸਿੰਘ ਮੈਂਬਰ, ਮਨਜੀਤ ਸਿੰਘ ਮੱਲੀ ਮੈਂਬਰ, ਸੁਖਦੇਵ ਸਿੰਘ ਸੈਕਟਰੀ, ਬਾਬਾ ਗੁਰਚਰਨ ਸਿੰਘ ਹੈੱਡ ਗ੍ਰੰਥੀ, ਸ਼ਿੰਦਰ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।


author

Gurminder Singh

Content Editor

Related News