ਕੋਰੋਨਾ ਕਾਲ ''ਚ ''ਗੁਰਦੁਆਰਾ ਰਾੜ੍ਹਾ ਸਾਹਿਬ'' ਦੀ ਵੱਡੀ ਸੇਵਾ, 50 ਬੈੱਡਾਂ ਦਾ ਹਸਪਤਾਲ ਕੀਤਾ ਸ਼ੁਰੂ (ਤਸਵੀਰਾਂ)

Monday, May 24, 2021 - 01:56 PM (IST)

ਖੰਨਾ (ਵਿਪਨ) : ਸੂਬੇ 'ਚ ਕੋਰੋਨਾ ਕਾਲ ਦੌਰਾਨ ਜਿੱਥੇ ਨਿੱਜੀ ਹਸਪਤਾਲਾਂ 'ਚ ਲੋਕਾਂ ਦੀ ਲੁੱਟ ਹੋ ਰਹੀ ਹੈ, ਉੱਥੇ ਹੀ ਸੰਤ ਈਸ਼ਰ ਸਿੰਘ ਕਰਮਸਰ ਰਾੜ੍ਹਾ ਸਾਹਿਬ ਸੰਪਰਦਾ ਵੱਲੋਂ ਕੋਰੋਨਾ ਦੇ ਮਰੀਜ਼ਾਂ ਲਈ 50 ਬੈੱਡਾਂ ਦਾ ਹਸਪਤਾਲ ਸ਼ੁਰੂ ਕੀਤਾ ਗਿਆ ਹੈ। ਇਸ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦਾ ਬਿਲਕੁੱਲ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ, ਉਹ ਟਰੱਸਟ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : 'ਕੋਰੋਨਾ ਮਰੀਜ਼ਾਂ' ਦੇ ਕਰੀਬ ਰਹਿਣ ਵਾਲੇ ਨਰਸਿੰਗ ਸਟਾਫ਼ ਦਾ ਦਰਦ ਸੁਣ ਪਸੀਜ ਜਾਵੇਗਾ ਹਰ ਕਿਸੇ ਦਾ ਦਿਲ

PunjabKesari

ਇਸ ਸਮੇਂ ਸੰਤ ਬਾਬਾ ਬਲਜਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਬਚੋ ਅਤੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਓ ਤਾਂ ਜੋ ਇਸ ਬੀਮਾਰੀ ਤੋਂ ਬਚਿਆ ਜਾ ਸਕੇ। ਕੋਰੋਨਾ ਕਾਲ 'ਚ ਲੋੜ ਹੈ ਕਿ ਇਸ ਟਰੱਸਟ ਤੋਂ ਨਸੀਹਤ ਲੈ ਕੇ ਹੋਰ ਵੀ ਸੰਸਥਾਵਾ ਅੱਗੇ ਆਉਣ ਅਤੇ ਇਹੋ ਜਿਹੇ ਉਪਰਾਲੇ ਕਰਨ ਤਾਂ ਜੋ ਲੋਕਾਂ ਦੀਆਂ ਜਾਨਾਂ ਬਚਾਈਆ ਜਾ ਸਕਣ। ਇਸ ਸਬੰਧ 'ਚ ਸੰਸਥਾ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਹੁਣੇ ਹੀ ਇਹ ਹਸਪਤਾਲ ਬਣਾਇਆ ਹੈ ਤਾਂ ਜੋ ਲੋਕਾਂ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਕੋਰੋਨਾ ਦੀ ਔਖੀ ਘੜੀ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਲਈ ਕੀਤੀ ਗਈ ਵੱਡੀ ਸਿਫਾਰਿਸ਼

PunjabKesari

ਉਨ੍ਹਾਂ ਕਿਹਾ ਕਿ ਸਾਡੇ ਖ਼ਿਆਲ 'ਚ ਆਇਆ ਹੈ ਕਿ ਕੋਰੋਨਾ ਕਾਲ 'ਚ ਇਸ ਪੇਂਡੂ ਹਲਕੇ 'ਚ ਕੋਰੋਨਾ ਦੇ ਮਰੀਜ਼ਾਂ ਲਈ ਕੋਈ ਹਸਪਤਾਲ ਨਹੀਂ ਹੈ। ਲੋਕਾਂ ਨੂੰ ਮਹਿੰਗੇ ਹਸਪਤਾਲਾਂ 'ਚ ਇਲਾਜ ਕਰਵਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਇੱਥੇ ਕੋਰੋਨਾ ਦੇ ਇਲਾਜ ਲਈ ਸਰਕਾਰ ਨਾਲ ਮਿਲ ਕੇ ਇਹ ਹਸਪਤਾਲ ਸ਼ੁਰੂ ਕਰਵਾਇਆ, ਜਿੱਥੇ ਕਿ ਬਿਲਕੁੱਲ ਮੁਫ਼ਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆ ਬਚਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡੀ. ਸੀ. ਸਾਹਿਬ ਨੇ ਸਾਨੂੰ ਸਰਕਾਰੀ ਡਾਕਟਰਾਂ ਦੀ ਟੀਮ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਟਰੱਸਟ ਪਿਛਲੇ ਸਾਲ ਜਦ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਗਰੀਬ ਲੋਕਾਂ ਲਈ ਲੰਗਰ ਭੇਜ ਰਿਹਾ ਹੈ। ਉਨ੍ਹਾਂ ਸੰਤ ਸਮਾਜ ਨੂੰ ਅਪੀਲ ਕੀਤੀ ਹੈ ਕਿ ਇਸ ਮਹਾਮਾਰੀ ਦੌਰਾਨ ਅੱਗੇ ਆ ਕੇ ਲੋਕਾਂ ਦੀ ਮੱਦਦ ਕੀਤੀ ਜਾਵੇ, ਜਿਸ ਨਾਲ ਲੋਕਾਂ ਦੀਆਂ ਜਾਨਾਂ ਬਚਾਈਆ ਜਾ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News