ਗੁਰਦੁਆਰਾ ਬੇਬੇ ਨਾਨਕੀ ਜੀ ਨਾਲ ਜੁੜਿਆ ਹੈ ਵਿਲੱਖਣ ਇਤਿਹਾਸ (ਤਸਵੀਰਾਂ)

10/23/2019 10:40:30 AM

ਸੁਲਤਾਨਪੁਰ ਲੋਧੀ (ਜੋਸ਼ੀ)— ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੁਸ਼ੋਬਿਤ ਗੁਰਦੁਆਰਾ ਬੇਬੇ ਨਾਨਕੀ ਜੀ ਦਾ ਇਤਿਹਾਸ ਬਹੁਤ ਵਿਲੱਖਣ ਹੈ। ਕਿਹਾ ਜਾਂਦਾ ਹੈ ਕਿ ਜਦੋਂ ਕੁਦਰਤ ਆਪਣੀ ਕਾਇਨਾਤ 'ਚ ਕੋਈ ਪਰਿਵਰਤਨ ਚਾਹੁੰਦੀ ਹੈ ਤਾਂ ਕੁਦਰਤ ਉਸ ਸਮੇਂ ਪੀਰ-ਪੈਗੰਬਰ, ਧਰਮੀ ਪੁਰਖ ਜਾਂ ਕਿਸੇ ਉੱਦਮੀ ਸ਼ਖਸੀਅਤ ਨੂੰ ਪ੍ਰੇਰਦਿਆਂ ਉਸ ਸਥਾਨ 'ਤੇ ਲੈ ਆਉਂਦੀ ਹੈ, ਜਿੱਥੇ ਪਰਿਵਰਤਨ ਕਰਨਾ ਹੁੰਦਾ ਹੈ। ਸ਼ਾਇਦ ਕੁਝ ਅਜਿਹੀ ਹਾਲਾਤ 'ਚ ਸੇਵਾ ਦੀ ਅਣਥੱਕ ਮੂਰਤ ਅਤੇ ਮਨੁੱਖਤਾ ਦੀ ਹਮਦਰਦ ਸਤਿਕਾਰਯੋਗ ਬੀਬੀ ਬਲਵੰਤ ਕੌਰ ਜੀ ਦਾ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਣਾ ਹੋਇਆ। ਬੀਬੀ ਜੀ ਦਾ ਜਨਮ ਤਾਂ ਪਿੰਡ ਸੂਸਾਂ ਜ਼ਿਲਾ ਜਲੰਧਰ ਦਾ ਹੈ ਪਰ ਫਿਰ ਇੰਗਲੈਂਡ ਜਾ ਕੇ ਉਨ੍ਹਾਂ ਬਰਮਿੰਘਮ ਵਿਖੇ ਨਿਵਾਸ ਕੀਤਾ। ਉਹ ਅਕਸਰ ਘਰਾਂ ਅਤੇ ਗੁਰਦੁਆਰਿਆਂ 'ਚ ਕੀਰਤਨ ਕਰਿਆ ਕਰਦੇ ਸਨ ਅਤੇ ਇਸ ਨਾਲ ਜੋ ਮਾਇਆ ਆਉਂਦੀ, ਉਹ ਇਕ ਫੰਡ ਵਜੋਂ ਸੰਭਾਲ ਕੇ ਰੱਖਦੇ। ਸ੍ਰੀ ਗੁਰੂ ਨਾਨਕ ਦੇਵ ਜੀ 14 ਸਾਲ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਰਹੇ। ਉਨ੍ਹਾਂ ਦੇ ਆਉਣ ਦਾ ਕਾਰਨ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸਨ, ਜੋ ਸੁਲਤਾਨਪੁਰ ਲੋਧੀ ਵਿਖੇ ਭਾਈਆ ਜੈਰਾਮ ਜੀ ਦੇ ਘਰ ਵਿਆਹੇ ਹੋਏ ਸਨ। ਬੇਬੇ ਨਾਨਕੀ ਜੀ ਦੀ ਇਲਾਹੀ ਨਜ਼ਰ ਨੇ ਹੀ ਉਸ ਨਿਰੰਕਾਰੀ ਜੋਤ ਦੀ ਪਛਾਣ ਕਰਕੇ ਬੁਲੰਦ ਆਵਾਜ਼ 'ਚ ਹੋਕਾ ਦਿੱਤਾ ਸੀ ਕਿ ਉਹ ਕੋਈ ਸਾਧਾਰਨ ਮਨੁੱਖ ਨਹੀਂ, ਨਿਰੰਕਾਰ ਦਾ ਰੂਪ ਹੈ।

PunjabKesari

ਇੰਝ ਲਿਆ ਬੇਬੇ ਨਾਨਕੀ ਜੀ ਦੀ ਯਾਦਗਾਰ ਬਣਾਉਣ ਦਾ ਦ੍ਰਿੜ ਸੰਕਲਪ
ਬੀਬੀ ਬਲਵੰਤ ਕੌਰ ਨੇ ਮਹਿਸੂਸ ਕੀਤਾ ਕਿ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਬਹੁਤ ਸਾਰੇ ਇਤਿਹਾਸਕ ਧਰਾਮਕ ਸਥਾਨ ਬਣ ਚੁੱਕੇ ਹਨ ਪਰ ਬੇਬੇ ਨਾਨਕੀ ਜੀ ਦੀ ਯਾਦ ਨੂੰ ਤਾਜ਼ਾ ਕਰਨ ਲਈ ਕੋਈ ਵੀ ਸਥਾਨ ਨਹੀਂ ਬਣਿਆ। ਆਪਣੇ ਦਿਲ 'ਚ ਬੀਬੀ ਜੀ ਬੇਬੇ ਨਾਨਕੀ ਜੀ ਦੀ ਯਾਦਗਾਰ ਬਣਾਉਣ ਦਾ ਦ੍ਰਿੜ੍ਹ ਸੰਕਲਪ ਲੈ ਕੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਏ। ਉਸ ਸਮੇਂ ਉਨ੍ਹਾਂ ਦਾ ਮੇਲ ਉਸ ਸਮੇਂ ਦੀ ਮਹਾਨ ਸ਼ਖਸੀਅਤ, ਸੇਵਾ ਸਿਮਰਨ ਦੇ ਪੁੰਜ, ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨਾਲ ਹੋਇਆ, ਜੋ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਦੀ ਸੇਵਾ ਕਰਵਾਉਂਦੇ ਸਨ।

PunjabKesari
ਬੀਬੀ ਬਲਵੰਤ ਕੌਰ ਜੀ ਅਤੇ ਸੰਤ ਕਰਤਾਰ ਸਿੰਘ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੇਬੇ ਨਾਨਕੀ ਜੀ ਅਸਥਾਨ ਦੀ ਉਸਾਰੀ ਸੰਨ 13 ਨਵੰਬਰ 1970 ਨੂੰ ਸ਼ੁਰੂ ਕਰਵਾ ਦਿੱਤੀ। ਉਸ ਸਮੇਂ ਬੀਬੀ ਜੀ ਨੂੰ ਬਹੁਤ ਕਠਿਨਾਈਆਂ ਭਰੇ ਮਾਹੌਲ 'ਚੋਂ ਗੁਜ਼ਰਨਾ ਪਿਆ ਪਰ ਉਸ ਸਮੇਂ ਅਕਾਲ ਪੁਰਖ ਜੀ ਨੇ ਆਪ ਸਹਾਈ ਹੋ ਕੇ ਮਹਾਪੁਰਖਾਂ ਵੱਲੋਂ ਆਰੰਭ ਕੀਤੇ ਕਾਰਜਾਂ ਨੂੰ ਨੇਪਰੇ ਚੜ੍ਹਾਇਆ। ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ 'ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।'
ਇਸ ਤਰ੍ਹਾਂ ਅਕਾਲ ਪੁਰਖ ਜੀ ਦੀ ਕ੍ਰਿਪਾ ਸਦਕਾ ਇਮਾਰਤ ਹੋਂਦ 'ਚ ਆਈ, ਜੋ ਕਿ ਸੁਲਤਾਨਪੁਰ ਲੋਧੀ ਤੋਂ ਲੋਹੀਆਂ ਜਾਣ ਵਾਲੀ ਸੜਕ 'ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਸਥਿਤ ਹੈ। ਅੱਜ ਇਸ ਗੁਰਦੁਆਰੇ 'ਚ ਸੌ ਕਮਰੇ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਦੋ ਵੱਡੇ ਹਾਲ ਹਨ, ਜਿਨ੍ਹਾਂ 'ਚ 500 ਸ਼ਰਧਾਲੂ ਠਹਿਰ ਸਕਦੇ ਹਨ।

PunjabKesari

ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ 
ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਇਕ, ਦੋ, ਤਿੰਨ ਅਤੇ ਚਾਰ ਅਪ੍ਰੈਲ ਨੂੰ ਬੇਬੇ ਨਾਨਕੀ ਜੀ ਦਾ ਜਨਮ ਉਤਸਵ ਦੇਸ਼-ਵਿਦੇਸ਼ ਵਿਚੋਂ ਆਈਆਂ ਸੰਗਤਾਂ ਵੱਲੋਂ ਬਹੁਤ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ। ਜਿਸ ਵਿਚ ਅੱਖਾਂ ਅਤੇ ਪੋਲੀਓ ਦੇ ਆਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ ਅਤੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਵੀ ਕਰਵਾਏ ਜਾਂਦੇ ਹਨ। ਹੋਮਿਓਪੈਥਿਕ ਡਿਸਪੈਂਸਰੀ, ਧਾਰਮਿਕ ਅਤੇ ਸਾਹਿਤਕ ਲਾਇਬ੍ਰੇਰੀ, ਗੁਰਮਤਿ ਵਿਦਿਆਲਾ ਅਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਆਦਿ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਚਲਾਏ ਜਾਂਦੇ ਹਨ। ਟਰੱਸਟ ਵੱਲੋਂ ਨਾਮਾਤਰ ਦੀ ਕੀਮਤ 'ਤੇ ਧਾਰਮਿਕ ਲਿਟਰੇਚਰ ਹਾਊਸ ਵੀ ਖੋਲ੍ਹਿਆ ਗਿਆ ਹੈ। ਇਹ ਸਭ ਟਰੱਸਟ ਦੇ ਮੈਂਬਰਾਂ ਅਤੇ ਬੀਬੀ ਬਲਵੰਤ ਕੌਰ ਜੀ ਦੀ ਸੇਵਾ ਭਾਵਨਾ ਦੀ ਮੂੰਹ ਬੋਲਦੀ ਤਸਵੀਰ ਹੈ। ਸੰਗਤਾਂ ਵਾਸਤੇ ਹਰ ਸਮੇਂ ਗੁਰੂ ਕਾ ਲੰਗਰ ਖੁੱਲ੍ਹਾ ਰਹਿੰਦਾ ਹੈ।
ਇਸ ਮੌਕੇ ਸਰਦਾਰ ਜੈਪਾਲ ਸਿੰਘ ਇੰਗਲੈਂਡ ਵਾਲੇ ਚੇਅਰਮੈਨ, ਉਪ ਚੇਅਰਮੈਨ ਸਰਦਾਰ ਤਰਲੋਚਨ ਸਿੰਘ, ਸੈਕਟਰੀ ਐਡਵੋਕੇਟ ਗੁਰਮੀਤ ਸਿੰਘ ਅਤੇ ਮੈਨੇਜਰ ਸਰਦਾਰ ਗੁਰਦਿਆਲ ਸਿੰਘ ਬਾਖੂਬੀ ਸੇਵਾ ਨਿਭਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਗਲਿਆਰੇ ਵਿਚ ਲੱਗੀ ਸੁਚਿੱਤਰ ਅਰਦਾਸ ਅਤੇ ਹੋਰ ਧਾਰਮਿਕ ਤਸਵੀਰਾਂ ਦੇ ਜਦੋਂ ਸੰਗਤਾਂ ਦਰਸ਼ਨ ਕਰਦੀਆਂ ਹਨ ਤਾਂ ਆਪਣੇ ਧਾਰਮਿਕ ਵਿਰਸੇ ਪ੍ਰਤੀ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਧਰਮ ਪ੍ਰਚਾਰ, ਸੇਵਾ ਸਿਮਰਨ ਅਤੇ ਸਮਾਜ ਭਲਾਈ ਨੂੰ ਮੁੱਖ ਰੱਖ ਕੇ ਸਮੇਂ-ਸਮੇਂ 'ਤੇ ਹੋਰ ਵੀ ਅਨੇਕਾਂ ਸਮਾਗਮ ਚੱਲਦੇ ਰਹਿੰਦੇ ਹਨ।


shivani attri

Edited By shivani attri