ਗੁਰਦੁਆਰਾ ਬਾਬਾ ਚਰਨਦਾਸ ’ਤੇ ਅੱਧੀ ਰਾਤ ਨੂੰ ਹਥਿਆਰਾਂ ਦੀ ਨੋਕ ’ਤੇ ਹੋਇਆ ਕਬਜ਼ਾ (ਵੀਡੀਓ)
Saturday, Jan 01, 2022 - 12:43 PM (IST)
ਪੱਟੀ (ਪਾਠਕ, ਸੌਰਵ): ਸਥਾਨਕ ਸਹਿਰ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਚੂਸਲੇਵੜ ਮੋੜ ’ਤੇ ਸਥਿਤ ਗੁਰਦੁਆਰਾ ਬਾਬਾ ਚਰਨਦਾਸ ਜੀ ’ਤੇ ਅੱਧੀ ਰਾਤ ਦੇ ਕਰੀਬ ਗੁਰਦੁਆਰਾ ਝਾੜ ਸਾਹਿਬ (ਗਜ਼ਲ) ਦੇ ਮੁਖੀ ਬਾਬਾ ਤਾਰਾ ਸਿੰਘ ਵੱਲੋਂ ਆਪਣੇ 200 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਕਬਜ਼ਾ ਕਰ ਲਿਆ ਗਿਆ। ਬਾਬਾ ਤਾਰਾ ਸਿੰਘ ਅਤੇ ਸਾਥੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਤੇ ਉਸ ਦੇ ਪਰਿਵਾਰ ਨੂੰ ਕਿਸੇ ਅਣਦੱਸੀ ਜਗ੍ਹਾ ’ਤੇ ਲੈ ਗਏ ਤੇ ਬਾਬਾ ਧਰਮ ਸਿੰਘ ਦੇ ਬਜ਼ੁਰਗ ਭਰਾ ਸਰਵਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਵਲਟੋਹਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ, ਜਿਸ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੇ ਹਸਪਤਾਲ ਤੋਂ ਲਿਆ ਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ।ਦੇਰ ਸ਼ਾਮ ਤੱਕ ਜਿੱਥੇ ਕਬਜ਼ਾਧਾਰੀਆਂ ਨੂੰ ਪੁਲਸ ਕੱਢਣ ਲਈ ਜੱਦੋ-ਜਹਿਦ ਕਰ ਰਹੀ ਸੀ, ਉਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਚੌਂਕ ’ਚ ਧਰਨਾ ਲਾ ਕੇ ਸਰਕਾਰ ਤੇ ਧਰਨਾਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰ ਰਹੀਆਂ ਸਨ।
ਇਹ ਵੀ ਪੜ੍ਹੋ : ਪੰਜਾਬੀ ਮਾਂ ਬੋਲੀ 'ਤੇ ਇਕ ਹੋਰ ਹਮਲਾ, ਹੁਣ ਆਰਮੀ ਪਬਲਿਕ ਸਕੂਲਾਂ ’ਚ ਮਾਂ ਬੋਲੀ ਦੀ ‘ਬਲੀ’
ਇਸ ਮੌਕੇ ਧਰਨੇ ’ਤੇ ਬੈਠੇ ਪਿੰਡ ਚੂਸਲੇਵੜ ਦੇ ਸਰਪੰਚ ਨਰਿੰਦਰ ਸਿੰਘ, ਬੋਪਾਰਾਏ ਦੇ ਸਰਪੰਚ ਹਰਜਿੰਦਰ ਸਿੰਘ, ਚੀਮਾ ਪਿੰਡ ਦੇ ਮੋਹਤਬਰ ਨਿਰਭੈ ਸਿੰਘ, ਠੱਕਰਪੁਰਾ ਦੇ ਸਰਪੰਚ ਸਤਬੀਰ ਸਿੰਘ ਰੰਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਗੁਰਦੁਆਰਾ ਬਾਬਾ ਚਰਨਦਾਸ ਜੀ ਦੀ ਸੇਵਾ ਲੰਮੇ ਸਮੇ ਤੋਂ ਬਾਬਾ ਤਾਰਾ ਸਿੰਘ ਕਰ ਰਹੇ ਸਨ।ਕਰੀਬ ਇਕ ਸਾਲ ਪਹਿਲਾਂ ਬਾਬਾ ਤਾਰਾ ਸਿੰਘ ਸੱਚਖੰਡ ਪਿਆਨਾ ਕਰ ਗਏ। ਉਪਰੰਤ ਉਨ੍ਹਾਂ ਦੇ ਪੁੱਤਰ ਬਾਬਾ ਲੱਖਾ ਸਿੰਘ ਨੂੰ ਇਲਾਕੇ ਦੀਆਂ ਪੰਚਾਇਤਾਂ ਨੇ ਸੇਵਾ ਸੌਂਪ ਦਿੱਤੀ ਤੇ 2 ਕੁ ਮਹੀਨੇ ਪਹਿਲਾ ਬਾਬਾ ਲੱਖਾ ਸਿੰਘ ਵੀ ਅਕਾਲ ਚਲਾਣਾ ਕਰ ਗਏ ਤੇ ਫਿਰ ਪਿੰਡਾਂ ਦੀਆਂ ਪੰਚਾਇਤਾਂ ਤੇ ਇਲਾਕੇ ਦੀ ਸੰਗਤ ਦੀ ਸਹਿਮਤੀ ਨਾਲ ਬਾਬਾ ਲੱਖਾ ਸਿੰਘ ਦੇ ਭਰਾ ਬਾਬਾ ਧਰਮ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਸੌਂਪ ਦਿੱਤੀ। ਦੂਸਰੇ ਪਾਸੇ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲਿਆਂ ਨੇ ਵੀ ਇਸ ਗੁਰਦੁਆਰਾ ਸਾਹਿਬ ’ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰਦਿਆਂ ਸਮੇਂ-ਸਮੇ ’ਤੇ ਗੁਰਦਆਰਾ ਸਾਹਿਬ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਤੇ 30-31 ਦਸਬੰਰ ਦੀ ਰਾਤ ਕਰੀਬ 3 ਵਜੇ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲਿਆਂ ਨੇ ਆਪਣੇ 200 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕੀਤਾ। ਇਸ ਦੌਰਾਨ ਰਾਤ ਨੂੰ ਅੰਧਾ ਧੁੰਦ ਗੋਲੀਬਾਰੀ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰਾਂ ਦੀ ਕੁੱਟਮਾਰ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੀ ਵੀ ਨਿਰਾਦਰੀ ਕੀਤੀ। ਇਸ ਸਬੰਧੀ ਡੀ. ਐੱਸ. ਪੀ. ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ ਤੇ ਹੁਣ ਵੀ ਮਾਮਲੇ ਨੂੰ ਸ਼ਾਂਤ ਕਰ ਲਿਆ ਜਾਵੇਗਾ। ਕਬਜ਼ੇ ਦੌਰਾਨ ਚੱਲੀ ਗੋਲੀ ’ਤੇ ਸੇਵਾਦਾਰਾਂ ਦੀ ਕੁੱਟਮਾਰ ਤੇ ਅਣਦੱਸੀ ਜਗ੍ਹਾ ’ਤੇ ਲੈ ਜਾਣ ਬਾਰੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ