ਗੁਰਦਾਸਪੁਰ 'ਚ ਇੱਕਾ-ਦੁੱਕਾ ਝੜਪਾਂ ਨੂੰ ਛੱਡ ਕੇ 69.30 ਫੀਸਦੀ ਹੋਈ ਵੋਟਿੰਗ

05/19/2019 5:46:34 PM

ਗੁਰਦਾਸਪੁਰ,(ਹਰਮਨਪ੍ਰੀਤ, ਵਿਨੋਦ) : ਦੋ ਸਰਹੱਦੀ ਜ਼ਿਲਿਆਂ ਨਾਲ ਸਬੰਧਤ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਅੱਜ ਵੋਟਾਂ ਪਵਾਉਣ ਦਾ ਕੰਮ ਕੁਝ ਨਿੱਕੀਆਂ-ਮੋਟੀਆਂ ਝੜਪਾਂ ਨੂੰ ਛੱਡ ਕੇ ਅਮਨ-ਅਮਾਨ ਨਾਲ ਸੰਪੰਨ ਹੋ ਗਿਆ ਹੈ। ਇਸ ਤਹਿਤ ਜ਼ਿਲੇ ਅੰਦਰ ਚੋਣ ਮੈਦਾਨ ਵਿਚ ਕਿਸਮਤ ਅਜ਼ਮਾ ਰਹੇ 15 ਉਮੀਦਵਾਰਾਂ ਦੀ ਕਿਸਮਤ ਵੀ. ਵੀ. ਪੈਟ 'ਚ ਬੰਦ ਹੋ ਗਈ ਹੈ। ਦੇਰ ਸ਼ਾਮ ਤੱਕ ਸਾਰੀਆਂ ਮਸ਼ੀਨਾਂ ਨੂੰ ਗਿਣਤੀ ਕੇਂਦਰਾਂ ਵਿਖੇ ਬਣਾਏ ਗਏ ਸਟਰਾਂਗ ਰੂਮਾਂ 'ਚ ਸਖਤ ਸੁਰੱਖਿਆ ਪਹਿਰੇ ਵਿਚ ਰੱਖ ਦਿੱਤਾ ਗਿਆ ਹੈ, ਜਿਥੇ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਅੱਜ ਸਵੇਰੇ 7 ਵਜੇ ਤੋਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਪੋਲਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਜਿਸ ਦੇ ਬਾਅਦ ਅਨੇਕਾਂ ਬੂਥਾਂ 'ਤੇ ਸ਼ਾਮ 6 ਵਜੇ ਤੱਕ ਵੀ ਵੋਟਰਾਂ ਦੀ ਕਾਫੀ ਭੀੜ ਰਹੀ। ਇਸ ਤਹਿਤ ਅੱਜ ਤਕਰੀਬਨ ਪੂਰੇ ਜ਼ਿਲੇ ਅੰਦਰ ਪੋਲਿੰਗ ਬੂਥਾਂ 'ਤੇ ਵਿਆਹ ਵਰਗਾ ਮਾਹੌਲ ਰਿਹਾ, ਕਿਉਂਕਿ ਚੋਣ ਕਮਿਸ਼ਨ ਵੱਲੋਂ ਅੱਜ ਦੇ ਇਸ ਦਿਨ ਨੂੰ ਇਕ ਤਿਉਹਾਰ ਵਜੋਂ ਮਨਾਇਆ ਗਿਆ ਅਤੇ ਹਰੇਕ ਪੋਲਿੰਗ ਬੂਥ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ।

ਇਸ ਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਅੱਜ 7 ਵਜੇ ਪੋਲਿੰਗ ਸ਼ੁਰੂ ਹੋਣ ਦੇ ਬਾਅਦ ਸਵੇਰੇ 9 ਵਜੇ ਤੱਕ 9.94 ਫੀਸਦੀ ਪੋਲਿੰਗ ਹੋਈ, ਜਦੋਂ ਕਿ 11 ਵਜੇ ਤੱਕ ਇਸ ਹਲਕੇ ਦੇ 26.26 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। 1 ਵਜੇ ਤੱਕ 39.75 ਫੀਸਦੀ ਵੋਟਰਾਂ ਨੇ ਉਮੀਦਵਾਰਾਂ ਦੇ ਹੱਕ 'ਚ ਫਤਵਾ ਦਿੱਤਾ, ਜਦੋਂ ਕਿ 3 ਵਜੇ ਤੱਕ ਪੋਲਿੰਗ ਫੀਸਦੀ 49.15 ਤੱਕ ਪਹੁੰਚ ਗਈ। 5 ਵਜੇ ਤੱਕ ਇਸ ਲੋਕ ਸਭਾ ਹਲਕੇ ਦੇ 61.13 ਫੀਸਦੀ ਵੋਟਰਾਂ ਨੇ ਵੋਟ ਪਾਈ, ਜਦੋਂ ਕਿ 6 ਵਜੇ ਤੱਕ ਕੁੱਲ 69.30 ਫੀਸਦੀ ਪੋਲਿੰਗ ਹੋਈ। ਜਦੋਂ ਕਿ 2017 'ਚ ਹੋਈ ਜ਼ਿਮਨੀ ਚੋਣ ਦੌਰਾਨ ਇਸ ਹਲਕੇ ਅੰਦਰ 75.85 ਫੀਸਦੀ ਪੋਲਿੰਗ ਹੋਈ ਸੀ। ਉਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 70.03 ਫੀਸਦੀ ਵੋਟਰਾਂ ਅਤੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ 71.34 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ ਸੀ।

ਕਿਸ ਵਿਧਾਨ ਸਭਾ ਹਲਕੇ 'ਚ ਹੋਈ ਕਿੰਨੇ ਫੀਸਦੀ ਪੋਲਿੰਗ
ਸੁਜਾਨਪੁਰ = 73.03
ਭੋਆ = 72.13
ਪਠਾਨਕੋਟ = 75.12
ਗੁਰਦਾਸਪੁਰ = 67.73
ਦੀਨਾਨਗਰ = 68.12
ਕਾਦੀਆਂ =65.20
ਬਟਾਲਾ = 64.18
ਫਤਿਹਗੜ੍ਹ ਚੂੜੀਆਂ = 68.79
ਡੇਰਾ ਬਾਬਾ ਨਾਨਕ = 70.61

23 ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਸਾਰੀਆਂ ਵੀ. ਵੀ. ਪੈਟ ਸਟਰਾਂਗ ਰੂਮਾਂ 'ਚ ਸੁਰੱਖਿਅਤ ਰੱਖ ਦਿੱਤੀਆਂ ਗਈਆਂ ਹਨ, ਜਿਸ ਦੇ ਬਾਅਦ ਹੁਣ 23 ਮਈ ਨੂੰ 9 ਗਿਣਤੀ ਸੈਂਟਰਾਂ 'ਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤਹਿਤ ਸੁਜਾਨਪੁਰ, ਭੋਆ ਤੇ ਪਠਾਨਕੋਟ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਪਠਾਨਕੋਟ ਵਿਖੇ ਕੀਤੀ ਜਾਵੇਗੀ, ਜਦੋਂ ਕਿ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ, ਹਰਦੋਚੰਨੀ ਰੋਡ, ਗੁਰਦਾਸਪੁਰ ਵਿਖੇ ਹੋਵੇਗੀ।


Baljeet Kaur

Content Editor

Related News