ਗੁਰਦਾਸਪੁਰ : ਪੁਲਸ ਨੇ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ 'ਚ ਕੀਤਾ ਪੇਸ਼

Monday, Mar 12, 2018 - 05:57 PM (IST)

ਗੁਰਦਾਸਪੁਰ : ਪੁਲਸ ਨੇ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ 'ਚ ਕੀਤਾ ਪੇਸ਼

ਗੁਰਦਾਸਪੁਰ (ਵਿਨੋਦ) - ਪੰਜਾਬ ਦੀ ਰਾਜਨੀਤੀ ਵਿਚ ਧਮਾਕਾ ਕਰਨ ਵਾਲੀ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਰਾਜਨੀਤਿਕ ਜੀਵਨ ਦਾ ਸਤਿਆਨਾਸ਼ ਕਰਨ ਵਾਲੀ ਮਹਿਲਾ ਦੇ 28 ਫਰਵਰੀ ਨੂੰ ਆਪਣੇ ਬਿਆਨਾਂ ਤੋਂ ਮੁਕਰਨ ਦੇ ਬਾਅਦ ਸੋਮਵਾਰ ਨੂੰ ਪੁਲਸ ਨੇ ਫਿਰ ਸੁੱਚਾ ਸਿੰਘ ਲੰਗਾਹ ਨੂੰ ਜਬਰ-ਜ਼ਨਾਹ ਕੇਸ ਸੰਬੰਧੀ ਤਿੰਨ ਗਵਾਹਾਂ ਸਮੇਤ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਨੂੰ ਸਿਟੀ ਪੁਲਸ ਨੇ ਲੰਗਾਹ ਦੇ ਵਿਰੁੱਧ ਬਣਾਏ ਕੇਸ ਵਿਚ ਦਰਜ ਕਰਕੇ ਰੱਖਿਆ ਸੀ।
ਵਧੀਕ ਜ਼ਿਲਾ ਤੇ ਸ਼ੈਸਨ ਜੱਜ ਗੁਰਦਾਸਪੁਰ ਪ੍ਰੇਮ ਕੁਮਾਰ ਦੀ ਅਦਾਲਤ ਵਿਚ ਅੱਜ ਪੁਲਸ ਨੇ ਜੋ ਤਿੰਨ ਗਵਾਹਾਂ ਦੇ ਬਿਆਨ ਦਰਜ ਕਰਵਾਏ, ਉਨ੍ਹਾਂ ਵਿਚ ਇਕ ਸਹਾਇਕ ਪੁਲਸ ਇੰਸਪੈਕਟਰ ਜਸਵਿੰਦਰ ਸਿੰਘ, ਸਿਵਲ ਹਸਪਤਾਲ ਦੀ ਮਹਿਲਾ ਡਾ. ਚੇਤਨਾ ਅਤੇ ਪਿੰਡ ਲੰਗਾਹ ਜੱਟਾਂ ਦੇ ਸਹਿਕਾਰੀ ਬੈਂਕ ਦੇ ਮੈਨੇਜਰ ਅਜੇ ਕੁਮਾਰ ਸ਼ਾਮਲ ਸਨ।  ਅੱਜ ਵੀ ਇਨ੍ਹਾਂ ਤਿੰਨਾਂ ਗਵਾਹਾਂ ਦੇ ਬਿਆਨ ਬੰਦ ਅਦਾਲਤ ਵਿਚ ਹੋਏ ਅਤੇ ਕਿਸੇ ਨੂੰ ਅਦਾਲਤ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਗਿਆ। ਲੰਗਾਹ ਨੂੰ ਪੁਲਸ ਪਟਿਆਲਾ ਜੇਲ ਤੋਂ ਲਗਭਗ 1 ਵਜੇ ਲੈ ਕੇ ਗੁਰਦਾਸਪੁਰ ਪਹੁੰਚੀ ਅਤੇ ਉਨ੍ਹਾਂ ਦੇ ਅਦਾਲਤ ਵਿਚ ਪਹੁੰਚਣ 'ਤੇ ਗਵਾਹਾਂ ਦੇ ਬਿਆਨ ਸਰਕਾਰੀ ਵਕੀਲ ਨੇ ਕਰਵਾਏ। ਪਹਿਲੀ ਗਵਾਹੀ ਸਹਾਇਕ ਸਬ. ਇੰਸਪੈਕਟਰ ਜਸਵਿੰਦਰ ਸਿੰਘ ਦੀ ਹੋਈ ਜੋ ਡੀ. ਐੱਸ. ਪੀ ਸਪੈਸ਼ਲ ਬ੍ਰਾਂਚ ਦੇ ਰੀਡਰ ਹਨ। ਉਨ੍ਹਾਂ ਨੇ ਆਪਣੀ ਗਵਾਹੀ ਵਿਚ ਉਹੀ ਬਿਆਨ ਦਰਜ ਕਰਵਾਇਆ ਜੋ ਇਸ ਕੇਸ ਨਾਲ ਸਬੰਧਿਤ ਮਿਸਲ ਵਿਚ ਲਿਖਿਆ ਸੀ। ਉਸ ਦੇ ਬਾਅਦ ਅਦਾਲਤ ਵਿਚ ਪੁਲਸ ਨੇ ਪਿੰਡ ਲੰਗਾਹ ਜੱਟਾਂ ਦੇ ਸਹਿਕਾਰੀ ਬੈਂਕ ਮੈਨੇਜਰ ਅਜੇ ਕੁਮਾਰ ਦਾ ਬਿਆਨ ਦਰਜ ਕਰਵਾਇਆ, ਜਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿਸ ਔਰਤ ਦੇ ਬਿਆਨ ਦੇ ਆਧਾਰ ਤੇ ਪੁਲਸ ਨੇ ਕੇਸ ਦਰਜ ਕੀਤਾ ਸੀ, ਉਸ ਨੇ ਬੈਂਕ ਵਿਚ ਖਾਤਾ ਖੁਲਵਾਇਆ ਸੀ। 
ਆਖਰੀ ਗਵਾਹੀ ਤੋਂ ਮੁਕਰਨ ਵਾਲੀ ਮਹਿਲਾ ਹਰਿੰਦਰ ਕੌਰ ਨਿਵਾਸੀ ਸੋਹਲ ਦਾ ਮੈਡੀਕਲ ਕਰਨ ਵਾਲੀ ਡਾ. ਚੇਤਨਾ ਦਾ ਸੀ। ਉਸ ਨੇ ਆਪਣੇ ਬਿਆਨ ਵਿਚ ਮਹਿਲਾ ਦਾ ਮੈਡੀਕਲ ਕਰਨ ਦੀ ਪੁਸ਼ਟੀ ਕੀਤੀ ਅਤੇ ਮੈਡੀਕਲ ਸੰਬੰਧੀ ਸਿਵਲ ਹਸਪਤਾਲ ਦਾ ਰਿਕਾਰਡ ਵੀ ਅਦਾਲਤ ਵਿਚ ਪੇਸ਼ ਕੀਤਾ, ਜਦ ਇਹ ਗਵਾਹ ਬਿਆਨ ਅਦਾਲਤ ਵਿਚ ਕਮਲਬੱਧ ਕਰਵਾ ਰਹੇ ਸੀ ਤਾਂ ਉਦੋਂ ਸੁੱਚਾ ਸਿੰਘ ਲੰਗਾਹ ਵੀ ਅਦਾਲਤ ਵਿਚ ਹਾਜ਼ਰ ਸੀ। ਪੁਲਸ ਨੇ ਅਦਾਲਤ ਵਿਚ ਸਖਤ ਸੁਰੱਖਿਆ ਪ੍ਰਬੰਧ ਕਰਵਾ ਰੱਖੇ ਸੀ।  
ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਤਇਨਾਤ ਵਿਧਵਾਂ ਮਹਿਲਾ ਹਰਿੰਦਰ ਕੌਰ ਨਿਵਾਸੀ ਪਿੰਡ ਸੋਹਲ 28 ਸਤੰਬਰ 2017 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਸਾਬਕਾ ਮੰਤਰੀ ਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਦੇ ਉਹ ਸੰਪਰਕ 'ਚ ਉਸ ਸਮੇਂ ਸਾਲ 2009 ਵਿਚ ਆਈ ਸੀ, ਜਦ ਉਸ ਦੇ ਪਤੀ ਜੋ ਪੁਲਸ ਕਰਮਚਾਰੀ ਸੀ ਦੀ ਮੌਤ ਹੋ ਗਈ ਸੀ। ਉਦੋਂ ਲੰਗਾਹ ਨੇ ਆਪਣੀ ਰਾਜਨੀਤਿਕ ਪਹੁੰਚ ਨਾਲ ਉਕਤ ਔਰਤ ਨੂੰ ਨੌਕਰੀ ਦਿਵਾਈ ਸੀ। ਉਦੋਂ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨਾਲ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦਾ ਰਿਹਾ ਅਤੇ ਇਹ ਕੰਮ ਮਈ 2017 ਤੱਕ ਜਾਰੀ ਰਿਹਾ। ਸ਼ਿਕਾਇਤ 'ਚ ਇਹ ਵੀ ਲਿਖਿਆ ਸੀ ਕਿ ਹੁਣ ਪਾਣੀ ਸਿਰ ਤੋਂ ਉਪਰ ਤੋਂ ਨਿਕਲਣ ਲੱਗਾ ਸੀ ਅਤੇ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੰਦਾ ਸੀ ਅਤੇ ਹੁਣ ਵੀ ਲੰਗਾਹ ਉਸ ਨੂੰ ਧਮਕੀਆਂ ਦੇ ਕੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦਾ ਹੈ। ਉਦੋਂ ਬਿਆਨ ਵਿਚ ਔਰਤ ਨੇ ਕਿਹਾ ਸੀ ਕਿ ਇਸੇ ਕਾਰਨ ਉਸ ਨੇ ਇਸ ਸੰਬੰਧੀ ਇਕ ਵੀਡੀਓ ਵੀ ਤਿਆਰ ਕੀਤੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾਂ ਔਰਤ ਨੇ ਉਦੋਂ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨੂੰ ਕਦੀ ਕਦੀ ਚੰਡੀਗੜ੍ਹ ਵੀ ਲੈ ਜਾਂਦਾ ਸੀ ਅਤੇ ਜ਼ਿਲਾ ਗੁਰਦਾਸਪੁਰ ਵਿਚ ਵੀ ਬੁਲਾਉਦਾ ਰਹਿੰਦਾ ਸੀ, ਜਿਸ ਕਾਰਨ ਉਹ ਲੰਗਾਹ ਤੋਂ ਛੁਟਕਾਰਾ ਪਾਉਣ ਵਿਚ ਅਸਫਲ ਸੀ ਅਤੇ ਉਸ ਨੂੰ ਖਤਰਾ ਬਣਾ ਗਿਆ ਸੀ ਕਿ ਜਦ ਉਸ ਨੇ ਲੰਗਾਹ ਦਾ ਕਹਿਣਾ ਨਾ ਮੰਨਿਆ ਤਾਂ ਉਹ ਉਸ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਮਰਵਾ ਦੇਵੇਗਾ। ਜਿਸ ਕਾਰਨ ਸ਼ਿਕਾਇਤ ਪੱਤਰ ਦੇਣਾ ਜ਼ਰੂਰੀ ਹੋ ਗਿਆ। ਉਦੋਂ ਜ਼ਿਲਾ ਪੁਲਸ ਮੁਖੀ ਨੇ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ ਮਾਮਲੇ ਦੀ ਜਾਂਚ ਦਾ ਕੰਮ ਡੀ. ਐੱਸ. ਪੀ ਆਜ਼ਾਦ ਦਵਿੰਦਰ ਸਿੰਘ ਅਤੇ ਇੰਸਪੈਕਟਰ ਸੀਮਾ ਦੇਵੀ ਨੂੰ ਸੌਂਪੀ ਗਈ ਅਤੇ ਇਨ੍ਹਾਂ ਦੋਵਾਂ ਦੀ ਜਾਂਚ ਰਿਪੋਰਟ ਮਿਲਣ ਦੇ ਬਾਅਦ ਕਾਨੂੰਨੀ ਰਾਏ ਲੈਣ ਦੇ ਵਿਰੁੱਧ ਲੰਗਾਹ ਦੇ ਵਿਰੁੱਧ ਧਾਰਾ 376, 384, 420 ਤੇ  506 ਅਧੀਨ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਐੱਫ. ਆਈ. ਆਰ ਨੰਬਰ 168 ਮਿਤੀ 29-9-17 ਦਰਜ ਕੀਤੀ ਗਈ ਸੀ। ਉਦੋਂ ਸ਼ਿਕਾਇਤਕਰਤਾਂ ਮਹਿਲਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਸੀ ਅਤੇ ਸ਼ਿਕਾਇਤਕਰਤਾਂ ਦੀ ਮੰਗ ਤੇ ਉਸ ਨੂੰ ਸੁਰੱਖਿਆ ਮੁਹੱਈਆਂ ਕਰਵਾਈ ਗਈ ਸੀ ਪਰ 28 ਫਰਵਰੀ ਨੂੰ ਉਕਤ ਹਰਿੰਦਰ ਕੌਰ ਦੀ ਗਵਾਹੀ ਅਦਾਲਤ ਵਿਚ ਹੋਈ ਸੀ ਅਤੇ ਹਰਿੰਦਰ ਕੌਰ ਨੇ ਉਦੋਂ ਅਦਾਲਤ ਵਿਚ ਲੰਗਾਹ ਨੂੰ ਪਹਿਚਾਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਉਲਟਾ ਪੁਲਸ 'ਤੇ ਹੀ ਦੋਸ਼ ਲਗਾ ਦਿੱਤੇ ਸੀ ਕਿ 29 ਸਤੰਬਰ 2017 ਨੂੰ ਜੋ ਕੇਸ ਲੰਗਾਹ ਦੇ ਵਿਰੁੱਧ ਦਰਜ ਕੀਤਾ ਗਿਆ ਹੈ ਉਸ ਸੰਬੰਧੀ ਪੁਲਸ ਨੇ ਉਸ ਤੋਂ ਕੋਰੇ ਕਾਗਜ਼ਾਂ 'ਤੇ ਜਬਰਦਸਤੀ ਦਸਤਖਤ ਕਰਵਾਏ ਸੀ ਅਤੇ ਜੋ ਵੀ ਬਿਆਨ ਦਰਜ ਕੀਤੇ ਗਏ ਸੀ ਉਹ ਜਬਰਦਸਤੀ ਲਏ ਗਏ ਸਨ। ਇਸ ਤਰ੍ਹਾਂ ਜੋ ਵੀਡੀਓ ਬਲਾਤਕਾਰ ਸੰਬੰਧੀ ਵਾਇਰਲ ਹੋਈ ਹੈ ਅਤੇ ਪੁਲਸ ਨੇ ਜੋ ਕੇਸ ਵਿਚ ਸ਼ਾਮਲ ਕੀਤੀ ਹੈ, ਉਸ ਵਿਚ ਉਹ ਨਹੀਂ ਹੈ ਅਤੇ ਬਣੀ ਵੀਡੀਓ ਸਬੰਧੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਲੰਗਾਹ ਨੇ ਉਸ ਨਾਲ ਕਿਸੇ ਤਰ੍ਹਾਂ ਦੀ ਜਬਰਦਸਤੀ ਨਹੀਂ ਕੀਤੀ।


Related News