ਸ਼ਿਵ ਸੈਨਾ ਆਗੂ ਨੂੰ ਗੋਲੀਆਂ ਮਾਰਨ ਵਾਲਾ ਹਮਲਾਵਰ ਕਰਨਾਲ ਤੋਂ ਗ੍ਰਿਫਤਾਰ

Wednesday, Apr 17, 2019 - 12:01 PM (IST)

ਸ਼ਿਵ ਸੈਨਾ ਆਗੂ ਨੂੰ ਗੋਲੀਆਂ ਮਾਰਨ ਵਾਲਾ ਹਮਲਾਵਰ ਕਰਨਾਲ ਤੋਂ ਗ੍ਰਿਫਤਾਰ

ਗੁਰਦਾਸਪੁਰ (ਵਿਨੋਦ) : ਕਰੀਬ 12 ਦਿਨ ਪਹਿਲਾਂ ਕਸਬਾ ਪੁਰਾਣਾ ਸ਼ਾਲਾ ਦੇ ਚੌਕ ਵਿਚ ਸ਼ਿਵ ਸੈਨਾ ਬਾਲ ਠਾਕਰੇ ਜ਼ਿਲਾ ਗੁਰਦਾਸਪੁਰ ਦੇ ਉਪ ਪ੍ਰਧਾਨ ਅਜੇ ਸਲਾਰੀਆ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਵਾਲੇ ਮੁਲਜ਼ਮਾਂ 'ਚੋਂ ਪੁਲਸ ਨੇ 4 ਗ੍ਰਿਫਤਾਰ ਕਰ ਲਏ ਹਨ ਜਦੋਂ ਕਿ ਇਕ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਇਸ ਅਹਿਮ ਮਾਮਲੇ ਸਬੰਧੀ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਕਈ ਤੱਥਾਂ ਦਾ ਖੁਲਾਸਾ ਕਰਦੇ ਹੋਏ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਪੱਸ਼ਟ ਹੋ ਗਈ ਹੈ ਅਜੇ ਨੂੰ ਹਮਲਾਲਵਰਾਂ ਨੇ ਕਿਸੇ ਨਿੱਜੀ ਰੰਜਿਸ਼ ਕਾਰਨ ਗੋਲੀਆਂ ਮਾਰੀਆਂ ਸੀ। ਇਸ 'ਚ ਸ਼ਿਵ ਸੈਨਾ ਦਾ ਆਗੂ ਹੋਣ ਜਾਂ ਨਾ ਹੋਣ ਦਾ ਕੋਈ ਸਬੰਧ ਨਹੀਂ ਹੈ।

5 ਮੁਲਜ਼ਮਾਂ 'ਚੋਂ 4 ਪੁਲਸ ਦੇ ਸ਼ਿਕੰਜੇ 'ਚ
ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਇਸ ਘਟਨਾ ਦੇ ਤੁਰੰਤ ਬਾਅਦ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਪਰਚੇ 'ਚ ਸ਼ਾਮਲ ਕੀਤੇ ਗਏ ਗੇਸੀ ਤੇ ਦੀਪ ਇਕੋ ਮੁਲਜ਼ਮ ਦੇ 2 ਨਾਮ ਹਨ, ਜਿਸ ਕਾਰਨ ਕੁਲ ਮੁਲਜ਼ਮਾਂ ਦੀ ਗਿਣਤੀ 4 ਰਹਿ ਗਈ ਸੀ, ਜਿਨ੍ਹਾਂ 'ਚ ਧਰਮਿੰਦਰ ਸਿੰਘ ਉਰਫ ਹਰਮੀਤ ਉਰਫ ਮੀਤਾ ਪੁੱਤਰ ਜਸਵੰਤ ਸਿੰਘ ਵਾਸੀ ਭੱਟੀਆਂ, ਰਾਕੇਸ਼ ਮਸੀਹ ਉਰਫ ਗੇਸੀ ਉਰਫ ਦੀਪ ਪੁੱਤਰ ਤਾਜਾ ਮਸੀਹ ਗੋਹਤ ਪੋਖਰ, ਸੰਦੀਪ ਕੁਮਾਰ ਉਰਫ ਪ੍ਰਿੰਸ ਪੁੱਤਰ ਪਰਮਜੀਤ ਕੁਮਾਰ ਵਾਸੀ ਸੈਦੋਵਾਲ ਖੁਰਦ, ਸੁਖਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲਖਨਪਾਲ ਅਤੇ ਸੰਨੀ ਪੁੱਤਰ ਤਾਜਾ ਮਸੀਹ ਗੋਹਤ ਪੋਖਰ ਦੇ ਨਾਮ ਸ਼ਾਮਲ ਹਨ। ਇਨ੍ਹਾਂ 'ਚੋਂ ਰਾਕੇਸ਼ ਮਸੀਹ ਗੇਸੀ ਤੇ ਸੰਨੀ ਸਕੇ ਭਰਾ ਹਨ। ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲਸ ਵਲੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਨਾਕਾਬੰਦੀ ਕਰਨ ਤੋਂ ਇਲਾਵਾ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਤਹਿਤ 12 ਅਪ੍ਰੈਲ ਨੂੰ ਧਰਮਿੰਦਰ ਸਿੰਘ ਉਰਫ ਹਰਮੀਤ ਉਰਫ ਮੀਤਾ ਅਤੇ ਸੰਦੀਪ ਕੁਮਾਰ ਉਰਫ ਪ੍ਰਿੰਸ ਨੇ ਮਾਨਯੋਗ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਸੀ। ਜਦੋਂ ਕਿ 15 ਅਪ੍ਰੈਲ ਨੂੰ ਰਾਕੇਸ਼ ਮਸੀਹ ਉਰਫ ਗੇਸੀ ਨੂੰ ਹਰਿਆਣਾ ਦੇ ਕਰਨਾਲ ਨੇੜਲੇ ਘਰਿੰਡਾ ਟੋਲ ਬੈਰੀਅਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਅਨਿਲ ਕੁਮਾਰ ਉਰਫ ਅਨੂੰ ਸਲਾਰੀਆ ਨੇ ਕਿਹਾ ਸੀ ਕਿ ਰਾਕੇਸ਼ ਗੇਸੀ ਨੇ ਹੀ ਅਜੇ ਸਲਾਰੀਆ ਦੇ ਗੋਲੀਆਂ ਮਾਰੀਆਂ ਸਨ। ਰਾਕੇਸ਼ ਗੇਸੀ ਦਾ ਭਰਾ ਸੰਨੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਹਮਲਾਵਰਾਂ ਦਾ ਮਦਦਗਾਰ ਪਹਿਲਾਂ ਹੀ ਕੀਤਾ ਗਿਆ ਸੀ ਕਾਬੂ
ਇਸ ਮਾਮਲੇ 'ਚ ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਇਹ ਪਤਾ ਲੱਗਾ ਸੀ ਕਿ ਵਾਰਦਾਤ ਦੇ ਮਗਰੋਂ ਮਨਪ੍ਰੀਤ ਸਿੰਘ ਉਰਫ ਮੰਨੀ ਪੁੱਤਰ ਸਲਿੰਦਰ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਉਕਤ ਹਮਲਾਵਰਾਂ ਦੀ ਦੌੜਨ ਵਿਚ ਮਦਦ ਕੀਤੀ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਵਾਰਦਾਤ ਦੇ ਅਗਲੇ ਦਿਨ ਹੀ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਹੁਣ ਅਦਾਲਤ ਵਲੋਂ ਜੇਲ ਭੇਜਿਆ ਜਾ ਚੁੱਕਾ ਹੈ।

ਪੁਲਿਸ ਨੂੰ ਚੈਲੰਜ ਕਰਦਾ ਸੀ ਇਕ ਦੋਸ਼ੀ
ਐੱਸ.ਐੱਸ.ਪੀ ਨੇ ਦੱਸਿਆ ਕਿ ਇਨਾਂ ਦੋਸ਼ੀਆਂ 'ਚੋਂ ਰਾਕੇਸ਼ ਕੁਮਾਰ ਗੇਸੀ ਅਕਸਰ ਆਪਣੇ ਦੋਸਤਾਂ ਮਿਤਰਾਂ ਦੇ ਹੋਰ ਲੋਕਾਂ ਸਾਹਮਣੇ ਇਹ ਚੈਲੰਜ ਕਰਦਾ ਸੀ ਕਿ ਪੁਲਸ ਕਦੇ ਵੀ ਉਸ ਨੂੰ ਨਾਂ ਤਾਂ ਲੱਭ ਸਕਦੀ ਹੈ ਅਤੇ ਨਾ ਹੀ ਕਾਬੂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਪਹਿਲਾਂ ਵੀ ਕਰੀਬ 4 ਮਾਮਲਿਆਂ 'ਚ ਵੱਖ-ਵੱਖ ਥਾਣਿਆਂ ਦੀ ਪੁਲਿਸ ਨੂੰ ਲੋੜੀਂਦਾ ਸੀ। ਅਜਿਹੇ ਵਿਗੜੇ ਹੋਏ ਦੋਸ਼ੀਆਂ ਨੂੰ ਕਾਬੂ ਕਰਨਾ ਪੁਲਿਸ ਦੀ ਵੱਡੀ ਜਿੰਮੇਵਾਰੀ ਅਤੇ ਚੁਣੌਤੀ ਸੀ ਜਿਸ ਕਾਰਨ ਉਨ੍ਹਾਂ ਐਸ.ਪੀ ਹਰਵਿੰਦਰ ਸਿੰਘ ਸੰਧੂ, ਡੀ.ਐੱਸ.ਪੀ ਵਵਿੰਦਰ ਮਹਾਜਨ ਅਤੇ ਡੀ.ਐਸ.ਪੀ ਪਰਮਿੰਦਰ ਸਿੰਘ ਮੰਡ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਸ ਦੀਆਂ ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਟੀਮਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਇਨਾਂ ਦੋਸ਼ੀਆਂ ਦੇ ਸੰਭਾਵੀ ਠਿਕਾਣਿਆਂ 'ਤੇ ਛਾਪੇਮਾਰੀ ਕਰਨ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਅਤੇ ਦਿੱਲੀ ਵਿਚ ਵੀ ਛਾਪੇਮਾਰੀ ਕੀਤੀ। ਇਥੋਂ ਤੱਕ ਕਿ ਇਨਾਂ ਦੋਸਤਾਂ ਮਿਤਰਾਂ, ਰਿਸ਼ਤੇਦਾਰਾਂ ਅਤੇ ਹੋਰ ਕਰੀਬੀਆਂ ਦੇ ਘਰਾਂ 'ਤੇ ਵੀ ਪੁਲਿਸ ਨੇ ਪੂਰੀ ਅੱਖ ਰੱਖੀ ਹੋਈ ਸੀ ਜਿਸ ਕਾਰਨ ਪੁਲਿਸ ਦੀ ਸਖਤੀ ਦੇਖ ਕੇ ਦੋ ਦੋਸ਼ੀਆਂ ਨੇ ਮਜ਼ਬੂਰੀ ਵੱਸ ਆਤਮ ਸਮਰਪਣ ਕਰ ਦਿੱਤਾ। ਜਦੋਂ ਕਿ ਪੁਲਿਸ ਨੂੰ ਚੈਲੰਜ ਕਰਨ ਵਾਲਾ ਰਾਕੇਸ਼ ਕੁਮਾਰ ਗੇਸੀ ਨੂੰ ਪੁਲਿਸ ਨੇ ਖੁਦ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੇਸੀ ਪਹਿਲਾਂ ਧਰਮਸ਼ਾਲਾ ਵੀ ਗਿਆ ਸੀ ਜਿਥੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਨਿਕਲ ਗਿਆ। ਪਰ ਪੁਲਿਸ ਨੂੰ ਇਸ ਦੇ ਹਰਿਆਣਾ 'ਚ ਹੋਣ ਦੇ ਬਹੁਤ ਪੁਖਤਾ ਸਬੂਤ ਮਿਲੇ ਸਨ ਜਿਸ ਕਾਰਨ ਪੁਲਿਸ ਨੇ ਪਾਨੀਪਤ ਤੀ ਪੁਲਿਸ ਦੇ ਸਹਿਯੋਗ ਨਾਲ ਇਸ ਘਰਿੰਡਾ ਟੋਲ ਬੈਰੀਅਰ ਤੋਂ ਕਾਬੂ ਕਰ ਲਿਆ।

ਪਿਸਤੌਲ ਅਤੇ ਵਾਹਨ ਵੀ ਕੀਤੇ ਬਰਾਮਦ
ਐੱਸ.ਐੱਸ.ਪੀ ਨੇ ਦੱਸਿਆ ਕਿ ਅਦਾਲਤ 'ਚ ਆਤਮ ਸਮਰਪਣ ਕਰਨ ਵਾਲੇ ਧਰਮਿੰਦਰ ਉਰਫ ਮੀਤਾ ਅਤੇ ਸੰਦੀਪ ਉਰਫ ਪ੍ਰਿੰਸ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਦਾਤਰ ਬਰਾਮਦ ਕਰਨ ਤੋਂ ਇਲਾਵਾ ਇਕ ਦੇਸੀ ਪਿਸਤੌਲ ਅਤੇ 4 ਕਾਰਤੂਸ (ਰੌਂਦ) ਵੀ ਬਰਾਮਦ ਕੀਤੇ ਗਏ ਹਨ। ਇਸ ਤਰ੍ਹਾਂ ਕਰਨਾਲ ਤੋਂ ਕਾਬੂ ਕੀਤੇ ਗਏ ਰਾਕੇਸ਼ ਗੇਸੀ ਤੋਂ ਪਿਸਤੌਲ ਅਤੇ ਇਕ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਪੁੱਛਗਿਛ ਦੌਰਾਨ ਪੁਲਸ ਨੇ ਕੁਝ ਕਾਰਾਂ ਵੀ ਬਰਾਮਦ ਕੀਤੀਆਂ ਹਨ, ਜਿਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਦੋਸ਼ੀਆਂ ਖਿਲਾਫ ਪਹਿਲਾਂ ਵੀ ਦਰਜ ਹਨ ਮਾਮਲੇ
ਪੁਲਿਸ ਮੁਖੀ ਨੇ ਦੱਸਿਆ ਕਿ ਸੰਨੀ ਮਸੀਹ ਅਤੇ ਰਾਕੇਸ਼ ਮਸੀਹ ਖਿਲਾਫ ਪਹਿਲਾਂ ਵੀ ਅੰਮ੍ਰਿਤਸਰ ਦੇ ਐੱਸ.ਐੱਸ.ਓ. ਸੀ ਥਾਣੇ 'ਚ ਅਸਲਾ ਐਕਟ ਤਹਿਤ ਮਾਮਲਾ ਦਰਜ ਹੈ, ਜਿਸ ਤਹਿਤ ਸੰਨੀ ਮਸੀਹ ਪਿਛਲੇ ਸਾਲ 8 ਅਗਸਤ ਨੂੰ ਪੁਲਿਸ ਦੇ ਕਾਬੂ ਆ ਗਿਆ ਸੀ ਜਿਸ ਕੋਲੋਂ ਇਟਲੀ ਦਾ ਬਣਾ 32 ਬੋਰ ਦਾ ਪਿਸਟਲ ਬਰਾਮਦ ਹੋਇਆ ਸੀ। ਪਰ ਉਸ ਦਾ ਭਰਾ ਰਾਕੇਸ਼ ਗੇਸੀ ਇਸ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ। ਇਸ ਤੋਂ ਇਲਾਵਾ ਰਾਕੇਸ਼ ਗੇਸੀ ਖਿਲਾਫ ਤਿੱਬੜ, ਸਦਰ ਥਾਣਾ ਗੁਰਦਾਸਪੁਰ ਅਤੇ ਪਠਾਨਕੋਟ ਜਿਲੇ ਦੇ ਥਾਣਾ ਕਾਨਵਾਂ ਵਿਚ ਮਾਮਲੇ ਦਰਜ ਹਨ ਜਿਨ੍ਹਾਂ 'ਚ ਇਹ ਭਗੌੜਾ ਹੈ।


author

Baljeet Kaur

Content Editor

Related News