ਗੁਰਦਾਸਪੁਰ : ਜਾਣੋ ਕਿੰਨੇ ਫੀਸਦੀ ਹੋਈ ਵੋਟਿੰਗ

Sunday, Dec 30, 2018 - 02:50 PM (IST)

ਗੁਰਦਾਸਪੁਰ : ਜਾਣੋ ਕਿੰਨੇ ਫੀਸਦੀ ਹੋਈ ਵੋਟਿੰਗ

ਗੁਰਦਾਸਪੁਰ (ਵਿਨੋਦ) : ਜ਼ਿਲਾ ਗੁਰਦਾਸਪੁਰ ਅੰਦਰ ਪੰਚਾਇਤੀ ਚੋਣਾਂ ਦਾ ਕੰਮ ਅੱਜ ਇੱਕਾ-ਦੁਕਾ ਘਟਨਾਵਾਂ ਨੂੰ ਛੱਡ ਕੇ ਅਮਨ ਸ਼ਾਂਤੀ ਨਾਲ ਸੰਪੰਨ ਹੋ ਗਿਆ ਹੈ, ਜਿਸ ਤਹਿਤ ਦੇਰ ਸ਼ਾਮ ਤੱਕ ਪੋਲਿੰਗ ਪਾਰਟੀਆਂ ਨੇ ਚੋਣ ਨਤੀਜੇ ਐਲਾਨ ਕੇ ਜੇਤੂ ਉਮੀਦਵਾਰਾਂ ਨੂੰ ਸਰਪੰਚੀ ਦਾ ਤਾਜ ਸੌਂਪ ਦਿੱਤਾ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਅੱਜ ਜ਼ਿਲੇ ਅੰਦਰ ਅੱਧੀ ਦਰਜਨ ਦੇ ਕਰੀਬ ਪਿੰਡਾਂ 'ਚ ਵੋਟਿੰਗ ਦੇ ਕੰਮ 'ਚ ਵਿਘਨ ਪਿਆ। ਪਰ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਸਾਰੀ ਸਥਿਤੀ ਨੂੰ ਕਾਬੂ 'ਚ ਕਰ ਲਿਆ। ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਨਿਰਵਿਘਨ ਰੂਪ 'ਚ ਜਾਰੀ ਰੱਖਣ ਲਈ, ਜਿਥੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਏ. ਡੀ. ਸੀ. (ਵਿਕਾਸ) ਰਣਬੀਰ ਸਿੰਘ ਮੂਧਲ ਤੋਂ ਇਲਾਵਾ ਐੱਸ. ਡੀ. ਐੱਮ. ਸਕੱਤਰ ਸਿੰਘ ਬੱਲ ਵੱਲੋਂ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ ਗਿਆ, ਉਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਵੀ ਤਕਰੀਬਨ ਸਾਰਾ ਦਿਨ ਚੈਕਿੰਗ ਜਾਰੀ ਰੱਖੀ। ਅੱਜ ਦੀ ਇਸ ਪ੍ਰਕਿਰਿਆ ਦੌਰਾਨ ਅਕਾਲੀ ਦਲ ਸਮੇਤ ਹੋਰ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਆਪਣੇ ਨਾਲ ਧੱਕੇਸ਼ਾਹੀ ਹੋਣ ਦੇ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲਾ ਗੁਰਦਾਸਪੁਰ 'ਚ ਜਿੱਤਣ ਵਾਲੇ ਸਾਰੇ ਉਮੀਦਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ, ਜਿਸ ਕਾਰਨ ਪੰਚਾਇਤੀ ਚੋਣਾਂ ਦਾ ਨਤੀਜਾ ਇਕ ਤਰਫਾ ਰਿਹਾ ਹੈ।

PunjabKesari

ਵੋਟਾਂ ਪਾਉਣ ਦਾ ਕੰਮ ਸਵੇਰੇ 8  ਵਜੇ ਸ਼ੁਰੂ ਹੋਇਆ ਜੋ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਕਈ ਬੂਥਾਂ 'ਤੇ ਸਵੇਰੇ 9 ਵਜੇ ਹੀ ਲੰਮੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ ਅਤੇ ਕੁਝ ਪਿੰਡ ਅਜਿਹੇ ਸਨ ਜਿਥੇ ਵੋਟਰਾਂ ਦੀ ਗਿਣਤੀ  'ਚ ਬਾਅਦ ਦੁਪਹਿਰ ਇਕ ਦਮ ਵਾਧਾ ਹੋਇਆ। ਸਵੇਰੇ 10 ਵਜੇ ਤੱਕ ਜ਼ਿਲੇ ਅੰਦਰ ਸਿਰਫ 11  ਫੀਸਦੀ ਪੋਲਿੰਗ ਹੋ ਸਕੀ ਜਦੋਂ ਕਿ 12 ਵਜੇ ਤੱਕ 32 ਫੀਸਦੀ ਅਤੇ 2 ਵਜੇ ਤੱਕ 59 ਫੀਸਦੀ  ਵੋਟਾਂ ਪਈਆਂ। ਸ਼ਾਮ 4 ਵਜੇ ਤੱਕ ਜ਼ਿਲੇ ਅੰਦਰ  78 ਫੀਸਦੀ ਲੋਕਾਂ ਨੇ ਆਪਣੀ ਵੋਟ  ਦਾ ਇਸਤੇਮਾਲ ਕੀਤਾ।

ਜ਼ਿਲਾ ਗੁਰਦਾਸਪੁਰ ਅੰਦਰ ਕੁਲ 1280  ਪੰਚਾਇਤਾਂ ਹਨ, ਜਿਨ੍ਹਾਂ ਵਿਚੋਂ 725 ਸਰਪੰਚ ਅਤੇ 4898 ਪੰਚ ਪਹਿਲਾਂ ਹੀ ਸਰਬਸੰਮਤੀ ਨਾਲ  ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਸਨ। ਬਾਕੀ ਦੇ ਪੰਚਾਂ-ਸਰਪੰਚਾਂ ਦੀ ਚੋਣ ਲਈ ਅੱਜ 850  ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਥੇ ਸਰਪੰਚ ਲਈ 1325 ਉਮੀਦਵਾਰਾਂ ਅਤੇ ਪੰਚ ਦੇ 5001  ਉਮੀਦਵਾਰ ਨੂੰ ਕਿਸਮਤ ਕਰਨ ਲਈ ਵੋਟਰਾਂ ਨੇ ਲਾਈਨਾਂ 'ਚ ਲੱਗ ਕੇ ਵੋਟਾਂ ਪਾਈਆਂ।

PunjabKesari

ਪਿੰਡ ਡੱਡੂਆਣਾ 'ਚ ਰੁਕੀ ਚੋਣ ਪ੍ਰੀਕਿਰਿਆ : ਧਾਰੀਵਾਲ ਬਲਾਕ ਦੇ ਪਿੰਡ ਡੱਡੂਆਣਾ 'ਚ ਵੋਟਿੰਗ ਪ੍ਰੀਕਿਰਿਆ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸਰਪੰਚ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਕੁਲਦੀਪ ਸਿੰਘ ਉਮੀਦਵਾਰ ਨੂੰ ਕੈਰਮਬੋਰਡ ਨਿਸ਼ਾਨ ਅਲਾਟ ਕੀਤਾ ਗਿਆ ਸੀ ਪਰ ਉਸ ਨੂੰ ਬੈਲਿਟ ਪੇਪਰ 'ਤੇ ਮੰਜ਼ਾ ਚੋਣ ਨਿਸ਼ਾਨ ਮਿਲਿਆ, ਜਿਸ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਵੋਟਿੰਗ ਰੋਕ ਦਿੱਤੀ ਗਈ। ਇਸ ਉਪਰੰਤ ਕੁਲਦੀਪ ਸਿੰਘ ਨੇ ਚੋਣਾਂ ਦਾ ਬਾਈਕਾਟ ਕਰਕੇ ਡੀ.ਸੀ. ਨੂੰ ਮਿਲਣ ਚਲੇ ਗਏ ਤੇ ਜਦਕਿ ਵੋਟਿੰਗ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

 


author

Baljeet Kaur

Content Editor

Related News