ਮੈਰਿਟ ''ਚ ਆਏ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ‘ਇਕ ਦਿਨ ਡੀ.ਸੀ./ਐੱਸ.ਐੱਸ.ਪੀ. ਦੇ ਸੰਗ’ ਗੁਜ਼ਾਰਿਆ
Thursday, May 29, 2025 - 06:46 PM (IST)

ਗੁਰਦਾਸਪੁਰ(ਹਰਮਨ, ਵਿਨੋਦ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਸ਼ੁਰੂ ਕੀਤੀ ਇਕ ਵਿਸ਼ੇਸ਼ ਪਹਿਲ ‘ਇਕ ਦਿਨ ਡੀ.ਸੀ./ਐੱਸ.ਐੱਸ.ਪੀ. ਦੇ ਸੰਗ’ ਤਹਿਤ ਅੱਜ ਦਸਵੀਂ ਤੇ ਬਾਰ੍ਹਵੀਂ ਕਲਾਸ ਦੇ ਜ਼ਿਲ੍ਹੇ ਵਿਚੋਂ ਟੌਪਰ ਵਿਦਿਆਰਥਣਾਂ ਅਤੇ ਵਿਦਿਆਰਥੀ ਨੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਆਈ.ਏ.ਐੱਸ. ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਆਦਿਤਿਆ, ਆਈ.ਪੀ.ਐੱਸ. ਨਾਲ ਆਪਣਾ ਪ੍ਰੇਰਣਾਦਾਇਕ ਸਮਾਂ ਬਿਤਾਇਆ। ਪੰਜਾਬ ਸਰਕਾਰ ਦੀ ਇਸ ਅਨੂਠੀ ਪਹਿਲਕਦਮੀ ਦਾ ਉਦੇਸ਼ ਨਾ ਕੇਵਲ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨਾ ਸੀ, ਸਗੋਂ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਨੁਭਵ, ਲੀਡਰਸ਼ਿਪ ਅਤੇ ਜਨਤਕ ਸੇਵਾ ਦੀਆਂ ਜ਼ਮੀਨੀ ਹਕੀਕਤਾਂ ਤੋਂ ਜਾਣੂ ਕਰਵਾਉਣਾ ਵੀ ਸੀ।
ਸਰਕਾਰੀ ਸਕੂਲਾਂ ਦੀਆਂ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਗੁਰਨਿਮਰਤ ਕੌਰ ਨੇ ਬਾਰ੍ਹਵੀਂ ਦੇ ਸਾਇੰਸ ਗਰੁੱਪ ਵਿਚ 98.20 ਫ਼ੀਸਦੀ, ਪਲਵਿੰਦਰ ਕੌਰ ਨੇ ਕਾਮਰਸ ਗਰੁੱਪ ਵਿੱਚੋਂ 97.40 ਅਤੇ ਗੁਰਅੰਜ਼ਨ ਸਿੰਘ ਨੇ ਸਾਇੰਸ ਗਰੁੱਪ ਵਿਚੋਂ 97.40 ਫ਼ੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਦਸਵੀਂ ਦੇ ਬੋਰਡ ਦੇ ਇਮਤਿਹਾਨ ਵਿੱਚੋਂ ਗੁਰਸ਼ਰਨਜੀਤ ਕੌਰ ਨੇ 97.08 ਫ਼ੀਸਦੀ ਅਤੇ ਕਾਜਲਦੀਪ ਕੌਰ ਨੇ 96.62 ਫ਼ੀਸਦੀ ਅੰਕ ਹਾਸਲ ਕਰਕੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਤੂਫ਼ਾਨ ਤੇ ਮੀਂਹ ਨੂੰ ਲੈ ਕੇ ਅਲਰਟ, ਫੋਨ 'ਤੇ ਵੱਜਣ ਲੱਗੀਆਂ ਘੰਟੀਆਂ
ਅੱਜ ਇਹ ਮੈਰੀਟੋਰੀਅਸ ਵਿਦਿਆਰਥਣਾਂ ਗੁਰਨਿਮਰਤ ਕੌਰ, ਪਲਵਿੰਦਰ ਕੌਰ, ਗੁਰਸ਼ਰਨਜੀਤ ਕੌਰ, ਕਾਜਲਦੀਪ ਕੌਰ ਅਤੇ ਵਿਦਿਆਰਥੀ ਗੁਰਅੰਜ਼ਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਰਿਹਾਇਸ਼ ਕੈਂਪ ਦਫ਼ਤਰ ਪਹੁੰਚੇ ਜਿੱਥੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੈਰੀਟੋਰੀਅਸ ਵਿਦਿਆਰਥੀਆਂ ਨਾਲ ਸਵੇਰ ਦਾ ਨਾਸ਼ਤਾ ਕੀਤਾ ਗਿਆ ਅਤੇ ਬੜੇ ਹੀ ਉਸਾਰੂ ਮਾਹੌਲ ਵਿੱਚ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਇਹ ਸਾਰੀਆਂ ਵਿਦਿਆਰਥਣਾਂ ਤੇ ਵਿਦਿਆਰਥੀ ਡਿਪਟੀ ਕਮਿਸ਼ਨਰ ਦੇ ਨਾਲ ਉਨ੍ਹਾਂ ਦੇ ਦਫ਼ਤਰ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੰਮ-ਕਾਜ ਨੂੰ ਨੇੜੇ ਤੋਂ ਦੇਖਿਆ। ਵਿਦਿਆਰਥਣਾਂ ਤੇ ਵਿਦਿਆਰਥੀ ਵੱਲੋਂ ਸੇਵਾ ਕੇਂਦਰ, ਫ਼ਰਦ ਕੇਂਦਰ, ਰਜਿਸਟਰਾਰ ਦਫ਼ਤਰ ਅਤੇ ਐੱਸ.ਡੀ.ਐੱਮ ਦਫ਼ਤਰ, ਰੁਜ਼ਗਾਰ ਦਫ਼ਤਰ ਦਾ ਦੌਰਾ ਕਰਕੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਪਬਲਿਕ ਡੀਲਿੰਗ ਅਤੇ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗ ਨੂੰ ਵੀ ਵਿਦਿਆਰਥਣਾਂ ਤੇ ਵਿਦਿਆਰਥੀ ਵੱਲੋਂ ਬੜੀ ਗਹੁ ਨਾਲ ਦੇਖਿਆ ਗਿਆ। ਇਸ ਉਪਰੰਤ ਇਹ ਐੱਸ.ਡੀ.ਐੱਮ. ਦਫ਼ਤਰ ਦੀਨਾਨਗਰ ਵਿਖੇ ਪਹੁੰਚੇ ਜਿੱਥੇ ਐੱਸ.ਡੀ.ਐੱਮ. ਜਸਪਿੰਦਰ ਸਿੰਘ, ਆਈ.ਏ.ਐੱਸ. ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਫਲਤਾ ਦੇ ਗੁਰ ਦੱਸੇ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਲਈ ਵੱਡਾ ਤੋਹਫ਼ਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਇਸ ਤੋਂ ਬਾਅਦ ਇਹ ਸਾਰੇ ਮੈਰੀਟੋਰੀਅਸ ਵਿਦਿਆਰਥੀ ਐੱਸ.ਐੱਸ.ਪੀ. ਦਫ਼ਤਰ ਗੁਰਦਾਸਪੁਰ ਪਹੁੰਚੇ ਜਿੱਥੇ ਐੱਸ.ਐੱਸ.ਪੀ. ਸ੍ਰੀ ਆਦਿੱਤਯ ਅਤੇ ਐੱਸ.ਪੀ. ਸ੍ਰੀ ਜੁਗਰਾਜ ਸਿੰਘ ਵੱਲੋਂ ਮੈਰੀਟੋਰੀਅਸ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐੱਸ.ਐੱਸ.ਪੀ. ਸ੍ਰੀ ਆਦਿੱਤਯ ਨੇ ਉਨ੍ਹਾਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਸਫ਼ਲਤਾ ਦਾ ਇੱਕੋ-ਇੱਕ ਰਾਹ ਸਖ਼ਤ ਮਿਹਨਤ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦਾ ਟੀਚਾ ਮਿੱਥ ਕੇ ਉਸਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਐੱਸ.ਐੱਸ.ਪੀ. ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ਅਤੇ ਸਾਂਝ ਕੇਂਦਰ ਦਾ ਦੌਰਾ ਕਰਕੇ ਜ਼ਿਲ੍ਹਾ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਇਹ ਸਾਰੇ ਵਿਦਿਆਰਥੀ ਬੀ.ਐੱਸ.ਐੱਫ. ਦੇ ਹੈੱਡਕੁਆਟਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀ.ਐੱਸ.ਐੱਫ. ਦੀ ਕਾਰਗੁਜ਼ਾਰੀ ਬਾਰੇ ਜਾਣਿਆ।
ਦਿਨ ਦੇ ਅੰਤ ਵਿਚ ਮੈਰੀਟੋਰੀਅਸ ਵਿਦਿਆਰਥੀਆਂ ਅਤੇ ਡਿਪਟੀ ਕਮਿਸ਼ਨਰ ਵਿਚਕਾਰ ਇਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿਚ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ ਅਤੇ ਸਿਰਫ਼ ਮਿਹਨਤ ਹੀ ਉਨ੍ਹਾਂ ਨੂੰ ਉੱਚੇ ਮੁਕਾਮ 'ਤੇ ਪਹੁੰਚਾ ਸਕਦੀ ਹੈ। ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਵਿਦਿਆਰਥਣਾਂ ਅਤੇ ਵਿਦਿਆਰਥੀ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ- ਜਲੰਧਰ 'ਚ ਵਕੀਲ ਦਾ ਗੋਲੀਆਂ ਮਾਰ ਕੇ ਕਤਲ
ਮੀਡੀਆ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਨਾ ਕੇਵਲ ਸਰਕਾਰੀ ਪ੍ਰਸ਼ਾਸਨ ਦੇ ਕੰਮਕਾਜ ਤੋਂ ਜਾਣੂ ਕਰਵਾਇਆ ਸਗੋਂ ਉਨ੍ਹਾਂ ਵਿੱਚ ਲੀਡਰਸ਼ਿਪ, ਅਨੁਸ਼ਾਸਨ ਅਤੇ ਲੋਕ ਸੇਵਾ ਦੀ ਭਾਵਨਾ ਵੀ ਭਰੀ ਹੈ। ਉਨ੍ਹਾਂ ਕਿਹਾ ਕਿ ‘ਇਕ ਦਿਨ ਡੀ.ਸੀ ਦੇ ਨਾਲ’ ਵਰਗੇ ਉਪਰਾਲੇ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਇਕ ਮੀਲ ਪੱਥਰ ਸਾਬਤ ਹੋ ਸਕਦੇ ਹਨ। ਓਧਰ ਮੈਰੀਟੋਰੀਅਸ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਉਪਰਾਲੇ ‘ਇਕ ਦਿਨ ਡੀ.ਸੀ./ਐੱਸ.ਐੱਸ.ਪੀ. ਦੇ ਸੰਗ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਸਾਹਿਬ ਵੱਲੋਂ ਮਿਲੀ ਪ੍ਰੇਰਣਾ ਸਦਕਾ ਉਨ੍ਹਾਂ ਦਾ ਇਰਾਦਾ ਹੋਰ ਵੀ ਦ੍ਰਿੜ੍ਹ ਹੋਇਆ ਹੈ ਕਿ ਉਹ ਵੀ ਮਿਹਨਤ ਕਰਕੇ ਅਜਿਹੇ ਵੱਡੇ ਅਹੁਦਿਆਂ ਤੱਕ ਪਹੁੰਚ ਸਕਦੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਰੁਪਿੰਦਰਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਾਜੇਸ਼ ਸ਼ਰਮਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਕਿਰਤਮੀਤ ਕੌਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ-ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8