ਗੁਰਦਾਸਪੁਰ ਲੋਕ ਸਭਾ ਉਪ ਚੋਣ : ਕਾਂਗਰਸ, ਅਕਾਲੀ-ਭਾਜਪਾ ਅਤੇ ''ਆਪ'' ਲਈ ਇੱਜ਼ਤ ਦਾ ਸਵਾਲ
Sunday, Sep 17, 2017 - 09:44 AM (IST)
ਪਠਾਨਕੋਟ (ਸ਼ਾਰਦਾ)—ਐਕਟਰ ਵਿਨੋਦ ਖੰਨਾ ਦੇ ਦਿਹਾਂਤ ਪਿੱਛੋਂ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਪ ਚੋਣ ਦਾ ਬਿਗੁਲ ਵੱਜ ਗਿਆ ਹੈ ਅਤੇ ਦੇਖਦੇ ਹੀ ਦੇਖਦੇ ਇਹ ਚੋਣ ਕਾਂਗਰਸ, ਭਾਜਪਾ ਅਤੇ ਆਪ ਲਈ ਇੱਜ਼ਤ ਦਾ ਸਵਾਲ ਬਣ ਗਈ ਹੈ ਕਿਉਂਕਿ ਇਸ ਚੋਣ ਦੇ ਨਤੀਜਿਆਂ ਤੇ ਰਾਜ ਦੇ ਨਾਲ ਹੋਰ ਰਾਜਾਂ ਦੇ ਰਾਜਨੀਤਕ ਮਾਹਿਰਾਂ ਦੀ ਵੀ ਬਾਜ਼ ਨਜ਼ਰ ਕੇਂਦਰਿਤ ਹੈ।
ਕਾਂਗਰਸ ਲਈ ਉਪ ਚੋਣ ਦਾ ਰਾਜਨੀਤਕ ਮਹੱਤਵ ਅਤੇ ਹਾਰ-ਜਿੱਤ ਦੇ ਮਾਇਨੇ
10 ਸਾਲ ਦੇ ਲੰਬੇ ਸੰਘਰਸ਼ ਪਿੱਛੋਂ ਰਾਜ 'ਚ ਸੱਤਾ 'ਚ ਆਈ ਕਾਂਗਰਸ ਪਾਰਟੀ ਲਈ ਇਹ ਉਪ ਚੋਣ ਮਹੱਤਵਪੂਰਨ ਹੈ ਕਿਉਂਕਿ 6 ਮਹੀਨੇ ਪਹਿਲਾਂ ਹੀ ਕਾਂਗਰਸ ਨੇ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗਠਜੋੜ ਨੂੰ ਧੂੜ ਚਟਾ ਦਿੱਤੀ ਸੀ ਅਤੇ 77 ਸੀਟਾਂ ਜਿੱਤ ਕੇ ਰਾਜ 'ਚ ਸੱਤਾ ਹਾਸਿਲ ਕੀਤੀ ਸੀ।
ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ 'ਚ ਇਕੋ-ਇਕ ਸ਼ਕਤੀਸ਼ਾਲੀ ਨੇਤਾ ਦੇ ਰੂਪ 'ਚ ਉੱਭਰੇ ਹਨ ਅਤੇ 6 ਮਹੀਨੇ ਦੇ ਸ਼ਾਸਨ ਪਿੱਛੋਂ ਆਉਣ ਵਾਲੀ ਇਹ ਉਪ ਚੋਣ ਕਾਂਗਰਸ ਲਈ ਸੱਪ ਦੇ ਮੂੰਹ 'ਚ ਕੋਹੜਕਿਰਲੀ ਵਾਂਗ ਹੈ। ਬੇਸ਼ੱਕ 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਇਕ ਲੱਖ 38 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ ਪਰ 2017 ਦੀਆਂ ਹਾਲੀਆ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੇ ਗੁਰਦਾਸਪੁਰ ਸੰਸਦੀ ਹਲਕੇ ਦੀਆਂ 9 'ਚੋਂ 7 ਸੀਟਾਂ ਜਿੱਤ ਕੇ (ਜਿਨ੍ਹਾਂ 'ਚ 23 ਸੀਟਾਂ ਕਾਂਗਰਸ ਨੇ 15 ਤੋਂ 20 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀਆਂ ਸਨ) ਨਵਾਂ ਇਤਿਹਾਸ ਰਚ ਦਿੱਤਾ ਹੈ।
ਬਟਾਲਾ ਚੋਣ 'ਚ ਤਾਂ ਕਾਂਗਰਸ ਕੇਵਲ ਕੁਝ ਸੌ ਵੋਟਾਂ ਦੇ ਫਰਕ ਨਾਲ ਹੀ ਹਾਰੀ ਸੀ ਜਦਕਿ ਸੁਜਾਨਪੁਰ 'ਚ ਕਾਂਗਰਸੀ ਹਾਰ ਦਾ ਕਾਰਨ ਪਾਰਟੀ ਦੀਆਂ ਵੋਟਾਂ ਦਾ ਦੋ ਉਮੀਦਵਾਰਾਂ 'ਚ ਵੰਡਿਆ ਜਾਣਾ ਹੈ। ਇਸ ਹਾਲਤ 'ਚ ਜੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪੈਮਾਨਾ ਮੰਨਿਆ ਜਾਵੇ ਤਾਂ ਕਾਂਗਰਸ ਲਈ ਖੁਸ਼ੀ ਦਾ ਵਿਸ਼ਾ ਹੋ ਸਕਦਾ ਹੈ ਪਰ ਗੁਰਦਾਸਪੁਰ ਸੀਟ ਜਿੱਤਣ ਲਈ ਚਿਹਰੇ ਦਾ ਮਹੱਤਵ ਸਾਹਮਣੇ ਆ ਰਿਹਾ ਹੈ।
ਕਾਂਗਰਸ ਦੀ ਸੰਭਾਵੀ ਜਿੱਤ ਦੇ 5 ਮੁੱਖ ਕਾਰਨ
ਰਾਜ ਦੀ ਸੱਤਾ ਉੱਪਰ ਕਬਜ਼ਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ 'ਚ ਸਰਕਾਰ ਦੀ ਮਜ਼ਬੂਤ ਕਮਾਨ।
6 ਮਹੀਨੇ 'ਚ ਸਰਕਾਰ ਪ੍ਰਤੀ ਐਂਟੀ ਇਨਕੰਬੈਂਸੀ ਨਿਗੂਣਾ ।
ਜੀ. ਐੱਸ. ਟੀ. ਤੋਂ ਵਪਾਰੀ ਵਰਗ ਦੁਖੀ।
ਅਕਾਲੀ-ਭਾਜਪਾ ਗਠਜੋੜ 'ਚ ਵਧ ਰਹੀ ਦਰਾੜ।
ਕਾਂਗਰਸ ਦੀ ਸੰਭਾਵੀ ਹਾਰ ਦੇ 5 ਮੁੱਖ ਕਾਰਨ
ਮਜ਼ਬੂਤ ਉਮੀਦਵਾਰ ਨੂੰ ਨਾ ਲੱਭ ਸਕਣ ਦੀ ਸਥਿਤੀ ।
ਵਧ ਰਹੀ ਗੁੱਟਬੰਦੀ ਅਤੇ ਪ੍ਰਸ਼ਾਸਨ ਉੱਪਰ ਪਕੜ ਦੀ ਕਮੀ।
ਮੋਦੀ ਦੀ ਲਹਿਰ ਦਾ ਬਰਕਰਾਰ ਰਹਿਣਾ।
ਵਿਰੋਧੀਆਂ ਵਲੋਂ ਚੋਣ ਵਾਅਦੇ ਪੂਰੇ ਨਾ ਕਰਨ ਦਾ ਮਾਮਲਾ ਅਸਰਦਾਰ ਢੰਗ ਨਾਲ ਉਠਾਉਣਾ।
ਗਠਜੋੜ 'ਚ ਰਾਜਨੀਤਕ ਦਰਾੜ ਨੂੰ ਕੈਸ਼ ਨਾ ਕਰ ਸਕਣਾ।
ਆਪਣਿਆਂ ਤੋਂ ਕੀ ਹੈ ਖਤਰਾ
ਬਾਜਵਾ ਅਤੇ ਕੈਪਟਨ ਗੁੱਟ 'ਚ ਆਪਸੀ ਦਰਾੜ ਵਧਣਾ।
ਵਿਧਾਇਕਾਂ ਦੇ ਵਿਰੋਧੀਆਂ ਨੂੰ ਉਤਸ਼ਾਹਿਤ ਕਰਨਾ।
ਵਿਧਾਇਕਾਂ ਦੇ ਵਿਰੋਧੀਆਂ ਦੀਆਂ ਸਰਗਰਮੀਆਂ 'ਤੇ ਰੋਕ ਨਾ ਲਗਾ ਸਕਣਾ।
ਜ਼ਿਲਾ ਅਤੇ ਬਲਾਕ ਪ੍ਰਧਾਨਾਂ ਦੀ ਕੋਈ ਸੁਣਵਾਈ ਨਾ ਹੋਣਾ।
6 ਮਹੀਨੇ ਦੇ ਸ਼ਾਸਨ ਪਿੱਛੋਂ ਵਰਕਰਾਂ 'ਚ ਪੈਦਾ ਹੋਈ ਨਿਰਾਸ਼ਾ ਦੂਰ ਨਾ ਕਰ ਸਕਣਾ।
ਭਾਜਪਾ-ਅਕਾਲੀ ਦਲ ਦੇ ਉਪ ਚੋਣ ਦਾ ਮਹੱਤਵ ਅਤੇ ਹਾਰ-ਜਿੱਤ ਦੇ ਮਾਇਨੇ
ਭਾਜਪਾ ਅਤੇ ਅਕਾਲੀ ਦਲ ਲਈ ਉਪ ਚੋਣ ਅਤਿਅੰਤ ਮਹੱਤਵਪੂਰਨ ਹੈ ਕਿਉਂਕਿ ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰ ਜਾਣ ਅਤੇ ਨਤੀਜਿਆਂ 'ਚ ਤੀਜੇ ਨੰਬਰ ਦੀ ਪਾਰਟੀ ਵਜੋਂ ਸਿਮਟ ਜਾਣ ਪਿੱਛੋਂ ਗਠਜੋੜ ਲਈ ਇਹ ਉਪ ਚੋਣ ਇੱਜ਼ਤ ਦਾ ਸਵਾਲ ਹੈ। ਵਿਧਾਨ ਸਭਾ ਚੋਣਾਂ 'ਚ ਸ਼ਰਮਨਾਕ ਹਾਰ ਪਿੱਛੋਂ ਅਕਾਲੀ-ਭਾਜਪਾ ਗਠਜੋੜ ਚਾਹੁੰਦਾ ਸੀ ਕਿ ਉਸ ਨੂੰ ਰਾਜ 'ਚ ਦੁਬਾਰਾ ਰਾਜਨੀਤਕ ਜ਼ਮੀਨ ਹਾਸਿਲ ਕਰਨ ਲਈ ਕੁਝ ਸਮਾਂ ਮਿਲ ਜਾਵੇ ਤਾਂ ਕਿ 2019 ਦੀਆਂ ਲੋਕ ਸਭਾ ਚੋਣਾਂ ਤਕ ਸਥਿਤੀ ਮਜ਼ਬੂਤ ਹੋ ਸਕੇ ਪਰ ਇਸ ਉਪ ਚੋਣ 'ਚ ਗਠਜੋੜ ਨੂੰ ਇਕ ਵਾਰ ਫਿਰ ਰਾਜਨੀਤਕ ਨੂਰਾ ਕੁਸ਼ਤੀ ਕਰਨੀ ਪੈ ਰਹੀ ਹੈ ਜਿਹੜੀ ਨਤੀਜਾ ਆਪਣੇ ਪੱਖ 'ਚ ਨਾ ਆਉਣ 'ਤੇ ਘਾਤਕ ਸਿੱਧ ਹੋ ਸਕਦੀ ਹੈ।
ਭਾਜਪਾ ਲਈ ਇਹ ਉਪ ਚੋਣ ਇਸ ਲਈ ਵੀ ਮਹੱਤਵਪੂਰਨ ਹੈ ਕਿ ਇਸ ਜ਼ਿਲੇ ਦੇ ਚੋਣ ਨਤੀਜਿਆਂ ਦਾ ਅਸਰ ਨਾਲ ਲੱਗਦੇ ਰਾਜ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਉੱਪਰ ਵੀ ਪੈਂਦਾ ਹੈ ਜੋ ਕਿ ਇਸ ਸਾਲ ਉਪ ਚੋਣ ਤੋਂ ਕੁਝ ਮਹੀਨੇ ਬਾਅਦ ਹੀ ਹੋਣ ਵਾਲੀਆਂ ਹਨ। ਅਜਿਹੇ 'ਚ ਉਲਟ ਨਤੀਜੇ ਆਉਣ 'ਤੇ ਭਾਜਪਾ-ਅਕਾਲੀ ਦਲ ਦੇ ਗਠਜੋੜ ਉੱਪਰ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ ਅਤੇ 2019 ਦੀਆਂ ਚੋਣਾਂ 'ਚ ਜਿਥੇ ਆਪਣੀ ਡਫਲੀ ਆਪਣਾ ਰਾਗ ਅਲਾਪਣ ਦੀ ਸਥਿਤੀ ਬਣ ਜਾਵੇਗੀ ਉਥੇ ਜਿੱਤ ਦੀ ਸਥਿਤੀ 'ਚ ਦੋਵੇਂ ਇਕਜੁਟ ਰਹਿਣਗੇ।
ਭਾਜਪਾ ਦੀ ਸੰਭਾਵੀ ਜਿੱਤ ਦੇ 5 ਮੁੱਖ ਕਾਰਨ
ਮੋਦੀ ਦੀ ਵਧਦੀ ਲਹਿਰ ਅਤੇ ਚੰਗੇ ਚਿਹਰੇ ਲਿਆਉਣਾ।
ਅਕਾਲੀ-ਭਾਜਪਾ ਗਠਜੋੜ ਦੀ ਮਜ਼ਬੂਤੀ।
ਸੰਗਠਨ ਦੀ ਵਰਕਰਾਂ ਉੱਪਰ ਮਜ਼ਬੂਤ ਪਕੜ।
ਚੋਣ ਪ੍ਰਬੰਧਨ ਕੇਂਦਰੀ ਲੀਡਰਸ਼ਿਪ ਦੇ ਹੱਥ 'ਚ।
ਕਾਂਗਰਸ ਦੀ ਆਪਸੀ ਫੁੱਟ ਦੀ ਸਿਆਸੀ ਵਰਤੋਂ।
ਭਾਜਪਾ ਦੀ ਸੰਭਾਵੀ ਹਾਰ ਦੇ ਮੁੱਖ ਕਾਰਨ
ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਅਸਰ
ਰਵਾਇਤੀ ਵੋਟ ਬੈਂਕ ਵਪਾਰੀਆਂ ਤੋਂ ਪਾਰਟੀ ਦੀ ਵਧਦੀ ਦੂਰੀ।
ਆਰ. ਐੱਸ. ਐੱਸ. ਦੇ ਹਿਸਾਬ ਨਾਲ ਚੰਗਾ ਚਿਹਰਾ ਨਾ ਦੇ ਸਕਣਾ।
ਹਾਰੇ ਹੋਏ ਵਿਧਾਇਕਾਂ ਨੂੰ ਅੱਗੇ ਕਰ ਕੇ ਵਰਕਰਾਂ ਨੂੰ ਤਾੜਨਾ।
ਸਹਿਯੋਗੀ ਅਕਾਲੀ ਦਲ ਦੀ ਚੋਣ ਵਰਤੋਂ ਸਹੀ ਢੰਗ ਨਾਲ ਨਾ ਕਰ ਸਕਣਾ।
ਆਪਣਿਆਂ ਤੋਂ ਕੀ ਹੈ ਖਤਰਾ
ਹਾਰੇ ਹੋਏ ਵਿਧਾਇਕਾਂ ਵਲੋਂ ਮਿਹਨਤੀ ਵਰਕਰਾਂ ਨੂੰ ਅਣਡਿੱਠ ਕਰਨਾ।
ਗੁੱਟਬੰਦੀ 'ਤੇ ਰੋਕ ਨਾ ਲੱਗਣਾ।
ਕਾਂਗਰਸ ਵਲੋਂ ਲਾਈ ਜਾ ਰਹੀ ਸੰਨ੍ਹ ਨੂੰ ਨਾ ਰੋਕ ਸਕਣਾ।
ਕੌਂਸਲਰਾਂ ਅਤੇ ਨੇਤਾਵਾਂ ਦੀ ਐਂਟੀ ਇਨਕੰਬੈਂਸੀ ਖਤਮ ਨਾ ਕਰ ਸਕਣਾ।
ਚਾਪਲੂਸ ਅਤੇ ਧਨਾਢਾਂ ਨੂੰ ਅੱਗੇ ਰੱਖਣ ਨਾਲ ਸਿਪਾਹਸਲਾਰਾਂ 'ਚ ਨਿਰਾਸ਼ਾ।
'ਆਪ' ਲਈ ਉਪ ਚੋਣਾਂ ਦੇ ਮਾਇਨੇ ਅਤੇ ਮਹੱਤਵ
ਇਹ ਹਕੀਕਤ ਹੈ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਤੋਂ ਦੁਖੀ ਰਾਜ ਦੀ ਜਨਤਾ ਤੀਜੇ ਬਦਲ ਲਈ ਤਿਆਰ-ਬਰ-ਤਿਆਰ ਬੈਠੀ ਸੀ ਅਤੇ ਨਿਰਾਸ਼ ਹੋ ਕੇ ਤਬਦੀਲੀ ਦੇ ਮੂਡ 'ਚ ਸੀ। ਇਸੇ ਦਾ ਨਤੀਜਾ ਸੀ ਕਿ 2014 ਦੀਆਂ ਚੋਣਾਂ 'ਚ ਬਿਨਾਂ ਕਿਸੇ ਪਾਰਟੀ ਢਾਂਚੇ ਅਤੇ ਕੇਡਰ ਦੇ ਮੋਦੀ ਲਹਿਰ ਦੌਰਾਨ ਸੂਬੇ ਦੀਆਂ 4 ਸੀਟਾਂ 'ਚ 'ਆਪ' ਦੇ ਉਮੀਦਵਾਰ ਜੇਤੂ ਰਹੇ ਜਦਕਿ ਸਮੁੱਚੇ ਦੇਸ਼ 'ਚ ਇਕ ਵੀ ਹੋਰ ਸੀਟ ਇਹ ਪਾਰਟੀ ਨਹੀਂ ਜਿੱਤ ਸਕੀ ਪਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਗੱਲ ਦੇ ਪ੍ਰਤੀਕ ਹਨ ਕਿ ਇਕ ਸਿਖਾਂਦਰੂ ਪਾਰਟੀ ਨੇ ਸਥਾਨਕ ਨੇਤਾਵਾਂ ਨੂੰ ਅਣਡਿੱਠ ਕਰ ਕੇ ਪੰਜਾਬੀਆਂ ਦੀ ਤਬਦੀਲੀ ਦੀ ਸੋਚ ਨੂੰ ਹਾਸ਼ੀਏ ਉੱਪਰ ਪਾ ਦਿੱਤਾ ਅਤੇ ਆਪਣੇ ਹਿਸਾਬ ਨਾਲ ਰਾਜਨੀਤਕ ਲਾਭ ਲੈਣ ਦਾ ਯਤਨ ਕੀਤਾ ਜਿਸ ਕਾਰਨ ਪਾਰਟੀ ਦੀ ਹਾਰ ਹੋਈ ਅਤੇ 'ਆਪ' ਕੇਵਲ 100 ਸੀਟਾਂ ਤੋਂ 20-22 ਸੀਟਾਂ ਉੱਪਰ ਸਿਮਟ ਗਈ।
'ਆਪ' ਦੇ ਸੂਬਾ ਕਨਵੀਨਰ ਰਹੇ ਸੁੱਚਾ ਸਿੰਘ ਛੋਟੇਪੁਰ ਇਕ ਹੰਢੇ ਹੋਏ ਸਿਆਸੀ ਚਿਹਰਾ ਸਨ। ਫਿਰ ਵੀ ਉਹ ਚੋਣਾਂ 'ਚ ਇਕ ਲੱਖ 75 ਹਜ਼ਾਰ ਵੋਟਾਂ ਹੀ ਲਿਜਾ ਸਕੇ ਅਤੇ ਕੁਝ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਉਮੀਦ ਤੋਂ ਬਹੁਤ ਹੇਠਾਂ ਸੀ। ਵਿਧਾਨ ਸਭਾ ਚੋਣਾਂ 'ਚ 'ਆਪ' ਮੁੱਧੇ-ਮੂੰਹ ਡਿੱਗ ਪਈ। ਜੇ 'ਆਪ' ਇਸ ਉਪ ਚੋਣ ਨੂੰ ਤਿਕੋਣਾ ਮੁਕਾਬਲੇ ਬਣਾਉਣ 'ਚ ਸਫਲ ਹੋ ਗਈ ਤਾਂ ਇਸ ਦੀਆਂ ਰਾਜਨੀਤਕ ਸਰਗਰਮੀਆਂ 2019 ਦੀਆਂ ਲੋਕ ਸਭਾ ਚੋਣਾਂ ਤਕ ਜਾਰੀ ਰਹਿਣਗੀਆਂ ਪਰ ਮਾਹਿਰ ਅਜੇ ਤਕ ਪਾਰਟੀ ਨੂੰ ਮੌਜੂਦਾ ਸਰਗਰਮੀਆਂ ਤੋਂ ਚੰਗੇ ਰਾਜਨੀਤਕ ਨਤੀਜੇ ਆਉਣ ਦੀ ਉਮੀਦ ਨਹੀਂ ਕਰ ਰਹੇ।
'ਆਪ' ਦੀ ਸੰਭਾਵੀ ਜਿੱਤ ਦੇ 5 ਮੁੱਖ ਕਾਰਨ
ਚਮਤਕਾਰੀ ਸ਼ਖਸੀਅਤ ਵਾਲਾ ਉਮੀਦਵਾਰ ਉਤਾਰਨਾ।
ਰੁੱਸੇ ਹੋਏ ਅਤੇ ਨਿਰਾਸ਼ ਵਰਕਰਾਂ ਨੂੰ ਪਾਰਟੀ ਕੇਡਰ ਨਾਲ ਫਿਰ ਜੋੜਨਾ।
ਐੱਨ. ਆਰ. ਆਈਜ਼. ਨੂੰ ਚੋਣਾਂ 'ਚ ਸ਼ਾਮਿਲ ਕਰ ਸਕਣਾ।
ਗਠਜੋੜ ਅਤੇ ਕਾਂਗਰਸ ਦੀਆਂ ਨੀਤੀਆਂ ਨੂੰ ਜਨਤਾ ਅੱਗੇ ਬੇਨਕਾਬ ਕਰ ਸਕਣਾ।
ਤੀਜੇ ਬਦਲ ਦਾ ਲਾਭ ਜਨਤਾ ਅੱਗੇ ਰੱਖ ਸਕਣਾ।
'ਆਪ' ਦੀ ਸੰਭਾਵੀ ਹਾਰ ਦੇ 5 ਮੁੱਖ ਕਾਰਨ
ਗੁੱਟਬੰਦੀ ਦਾ ਜਿਉਂ ਦਾ ਤਿਉਂ ਰਹਿਣਾ।
ਵਰਕਰਾਂ 'ਚ ਨਿਰਾਸ਼ਾ।
ਐੱਨ. ਆਰ. ਆਈਜ਼. ਦਾ ਮੋਹ ਭੰਗ ਹੋਣਾ।
ਪੈਸੇ ਵਾਲੇ ਲੋਕਾਂ ਨੂੰ ਟਿਕਟ ਅਤੇ ਲੀਡਰਸ਼ਿਪ ਦੇਣ ਦਾ ਲੱਗਾ ਦਾਗ ਨਾ ਧੋ ਸਕਣਾ।
ਕੇਡਰ ਆਧਾਰਿਤ ਢਾਂਚੇ ਨੂੰ ਮਜ਼ਬੂਤ ਨਾ ਕਰ ਸਕਣਾ।
ਆਪਣਿਆਂ ਤੋਂ ਕੀ ਹੈ ਖਤਰਾ
ਟਿਕਟ ਦੇ ਚਾਹਵਾਨਾਂ 'ਚ ਆਪਸੀ ਲੜਾਈ ਫਿਰ ਉੱਭਰਨਾ।
ਚਾਪਲੂਸਾਂ ਦਾ ਬੋਲਬਾਲਾ।
ਪਾਰਟੀ ਢਾਂਚਾ ਨਾ ਹੋਣ ਦੇ ਕਾਰਨ ਆਪਣੀ ਡਫਲੀ ਆਪਣਾ ਰਾਗ।