ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਤੋਂ ਸੁਣੋ ਸਾਂਝੇ ਪੰਜਾਬ ਦੀ ਕਹਾਣੀ (ਵੀਡੀਓ)

11/11/2019 11:12:52 AM

ਗੁਰਦਾਸਪੁਰ (ਬਿਊਰੋ) : ਭਾਰਤ-ਪਾਕਿ ਭਾਈਚਾਰਕ ਸਾਂਝ ਦਾ ਪੁਲ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ। 1947 'ਚ ਪੰਜਾਬ ਦੇ ਸੀਨੇ 'ਤੇ ਖਿੱਚੀ ਵੰਡ ਦੀ ਲਕੀਰ ਮਿਟ ਗਈ ਤੇ ਸਾਂਝੇ ਪੰਜਾਬ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਉਹ ਯਾਦਾਂ ਜੋ ਕਿੰਨੇ ਹੀ ਬਜ਼ੁਰਗਾਂ ਦੇ ਦਿਲਾਂ 'ਚ ਅੱਜ ਵੀ ਧੜਕਣ ਬਣਕੇ ਧੜਕਦੀਆਂ ਹਨ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ 97 ਸਾਲਾ ਸਿੱਖ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਨੇ ਵੰਡ ਤੋਂ ਪਹਿਲਾਂ ਦੀਆਂ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਦਾਸਪੁਰ ਦੇ ਘੁੰਮਣ ਕਲਾਂ ਪਿੰਡ 'ਚ ਰਹਿੰਦੇ ਜਥੇਦਾਰ ਹਰਬੰਸ ਸਿੰਘ ਘੁੰਮਣ ਨੇ 1947 ਦੀ ਵੰਡ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੇਵਾ ਨਿਭਾਈ ਹੈ।  ਜਥੇਦਾਰ ਹਰਬੰਸ ਸਿੰਘ ਨੇ 1941 ਤੋਂ ਲੈ ਕੇ 1943 ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸੇਵਾ ਨਿਭਾਈ। ਇਹ ਸੇਵਾ ਮਿਲਣ ਪਿੱਛੇ ਉਨ੍ਹਾਂ ਇਕ ਦਿਲਚਸਪ ਕਿੱਸਾ ਦੱਸਿਆ ਕਿ ਕਿਵੇਂ ਪਿੰਡ ਤੋਂ 35 ਕਿਲੋਮੀਟਰ ਦਾ ਪੈਦਲ ਸਫ਼ਰ ਕਰ ਕਰਤਾਰਪੁਰ ਸਾਹਿਬ ਰੁੱਕਾ ਲੈ ਕੇ ਪਹੁੰਚਣ ਕਰਕੇ ਉਨ੍ਹਾਂ ਨੂੰ ਨੌਕਰੀ ਮਿਲੀ।
ਸਾਂਝੇ ਪੰਜਾਬ ਦੇ ਗਵਾਹ ਬਾਪੂ ਹਰਬੰਸ ਸਿੰਘ ਘੁੰਮਣ ਅੱਜ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਲਹਿਰ, ਜੈਤੋ ਦੇ ਮੋਰਚੇ ਦੀਆਂ ਗੱਲਾਂ ਸੁਣਾਉਂਦੇ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਇਕ ਅਜੀਬ ਰੁਹਾਨੀ ਖੁਸ਼ੀ ਝਲਕਾਰੇ ਮਾਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਵੀ ਧਾਰਮਿਕ ਅਹੁਦੇ 'ਤੇ ਰਹੇ।

ਕਰਤਾਰਪੁਰ ਸਾਹਿਬ ਦੀ ਰੂਹਾਨੀ ਧਰਤੀ ਨੂੰ ਯਾਦ ਕਰਦਿਆਂ ਬਾਪੂ ਹਰਬੰਸ ਸਿੰਘ ਘੁੰਮਣ ਨੇ ਦੱਸਿਆ ਕਿ 1947 'ਚ ਉਨ੍ਹਾਂ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਆਖਰੀਦਰਸ਼ਨ ਕੀਤੇ, ਜਦੋਂ ਉਹ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਸੇਵਾਦਾਰਾਂ ਨੂੰ ਸ਼ਸਤਰ ਦੇਣ ਲਈ ਗਏ ਸਨ। ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਨੇ ਹਮੇਸ਼ਾ ਪਿਆਰ ਮੁਹੱਬਤ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਪਰ 1947 ਤੱਕ ਲੋਕ ਆਪਸੀ ਭਾਈਚਾਰਾ ਭੁੱਲ ਕੇ ਨਫ਼ਰਤਾਂ 'ਚ ਪੈ ਗਏ ਤੇ ਦੇਸ਼ ਵੰਡਿਆ ਗਿਆ। ਹੁਣ ਜਦੋਂ ਲਾਂਘਾ ਖੁੱਲ੍ਹ ਗਿਆ ਹੈ ਤਾਂ ਪਹਿਲਾਂ ਵਾਲਾ ਆਪਸੀ ਭਾਈਚਾਰਾ ਹੋਰ ਵੀ ਗੂੜ੍ਹਾ ਹੋਣਾ ਚਾਹੀਦਾ ਹੈ।


cherry

Content Editor

Related News