ਚੋਣ ਕਮਿਸ਼ਨ ਦੇ 'ਡੰਡੇ' ਨੇ ਠੰਡਾ ਕੀਤਾ ਚੋਣਾਂ ਦਾ ਮਾਹੌਲ

Tuesday, May 14, 2019 - 09:40 AM (IST)

ਚੋਣ ਕਮਿਸ਼ਨ ਦੇ 'ਡੰਡੇ' ਨੇ ਠੰਡਾ ਕੀਤਾ ਚੋਣਾਂ ਦਾ ਮਾਹੌਲ

ਗੁਰਦਾਸਪੁਰ (ਹਰਮਨਪ੍ਰੀਤ) : ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਉਮੀਦਵਾਰਾਂ ਦੇ ਖਰਚਿਆਂ ਅਤੇ ਚੋਣ ਪ੍ਰਚਾਰ ਦੇ ਤਰੀਕਿਆਂ ਸਬੰਧੀ ਕਈ ਨਿਯਮ ਬਣਾ ਕੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਵਾਏ ਜਾਣ ਕਾਰਨ ਬਹੁਤੇ ਥਾਈਂ ਚੋਣ ਪ੍ਰਚਾਰ ਦੇ ਢੰਗ ਤਰੀਕੇ ਬਦਲ ਗਏ ਹਨ। ਇਸ ਤਹਿਤ ਚੋਣ ਕਮਿਸ਼ਨ ਦੇ ਡੰਡੇ ਨੇ ਨਾ ਸਿਰਫ ਚੋਣਾਂ ਦਾ ਮਾਹੌਲ ਠੰਡਾ ਕੀਤਾ ਹੋਇਆ ਹੈ, ਸਗੋਂ ਇਸ ਨਾਲ ਪਿੰਡਾਂ ਸ਼ਹਿਰਾਂ ਵਿਚ ਲੋਕਾਂ ਨੂੰ ਉਚੀ ਆਵਾਜ ਵਾਲੇ ਸਪੀਕਰਾਂ ਅਤੇ ਹੋਰ ਰੌਲੇ ਰੱਪੇ ਤੋਂ ਵੀ ਵੱਡੀ ਰਾਹਤ ਮਿਲ ਰਹੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਦੇ ਚੋਣ ਕਮਿਸ਼ਨ ਨੇ ਹਰੇਕ ਚੋਣ ਦੌਰਾਨ ਸਬੰਧਿਤ ਉਮੀਦਵਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੀ ਇਕ ਹਦ ਨਿਰਧਾਰਿਤ ਕਰ ਦਿੱਤੀ ਹੈ। ਜਿਸ ਤਹਿਤ ਉਮੀਦਵਾਰਾਂ ਨੂੰ ਨਿਰਧਾਰਿਤ ਹੱਦ ਤੋਂ ਜ਼ਿਆਦਾ ਖਰਚਾ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਹਰੇਕ ਹਲਕੇ ਅੰਦਰ ਖਰਚਾ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਸਿੱਧੇ-ਅਸਿੱਧੇ ਤੌਰ 'ਤੇ ਵਰਤੀ ਜਾਣ ਵਾਲੀ ਹਰੇਕ ਨਿੱਕੀ ਤੋਂ ਨਿੱਕੀ ਚੀਜ਼ ਦੇ ਖਰਚੇ ਦਾ ਵੀ ਹਿਸਾਬ-ਕਿਤਾਬ ਰੱਖ ਰਹੀਆਂ ਹਨ। ਇਸ ਕਾਰਨ ਉਮੀਦਵਾਰਾਂ ਨੇ ਖੁੱਦ ਹੀ ਕਈ ਤਰ੍ਹਾਂ ਦੇ ਖਰਚੇ ਘਟਾ ਦਿੱਤੇ ਹਨ। ਜਿਨ੍ਹਾਂ ਵਿਚ ਗੱਡੀਆਂ ਦੇ ਵੱਡੇ-ਵੱਡੇ ਕਾਫਲਿਆਂ ਨੂੰ ਲੈ ਕੇ ਚੱਲਣ ਦਾ ਰੁਝਾਨ, ਹਰੇਕ ਗਲੀ ਮੁਹੱਲੇ ਅਤੇ ਬਾਜ਼ਾਰਾਂ ਵਿਚ ਸਪੀਕਰਾਂ ਵਾਲੇ ਰਿਕਸ਼ੇ ਅਤੇ ਟੈਂਪੂਆਂ ਰਾਹੀਂ ਪ੍ਰਚਾਰ ਕਰਨ ਸਮੇਤ ਕਈ ਤਰੀਕਿਆਂ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖਤੀ ਕਾਰਨ ਉਮੀਦਵਾਰਾਂ ਵੱਲੋਂ ਇਸ਼ਤਿਹਾਰ, ਬੈਨਰ, ਝੰਡੀਆ ਅਤੇ ਅਜਿਹੀ ਹੋਰ ਸਮੱਗਰੀ ਛਪਵਾ ਕੇ ਉਨ੍ਹਾਂ ਨੂੰ ਵੰਡਣ ਅਤੇ ਕੰਧਾਂ 'ਤੇ ਚਪਕਾਉਣ ਵਾਲਾ ਪੁਰਾਣਾ ਰੁਝਾਨ ਵੀ ਹੁਣ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ।

ਇਸ ਵਾਰ ਚੋਣਾਂ ਦੌਰਾਨ ਕਿਸੇ ਵਿਰਲੇ ਥਾਂ ਹੀ ਕਿਸੇ ਉਮੀਦਵਾਰ ਦਾ ਕੋਈ ਬੈਨਰ ਜਾਂ ਇਸ਼ਤਿਹਾਰ ਦਿਖਾਈ ਦਿੰਦਾ ਹੈ। ਇੱਥੇ ਹੀ ਬੱਸ ਨਹੀਂ ਪਹਿਲਾਂ ਪਿੰਡਾਂ ਅੰਦਰ ਵੱਖ-ਵੱਖ ਪਾਰਟੀਆਂ ਦੇ ਸਮਰਥਕ ਲੋਕ ਜਨਤਕ ਥਾਵਾਂ ਅਤੇ ਗਲੀਆਂ ਵਿਚ ਝੰਡੀਆਂ ਲਗਾਉਣ ਤੋਂ ਆਪਸ ਵਿਚ ਖਹਿ ਪੈਂਦੇ ਸਨ। ਪਰ ਇਸ ਮਾਮਲੇ ਵਿਚ ਚੋਣ ਕਮਿਸ਼ਨ ਵੱਲੋਂ ਸਖਤੀ ਕਾਰਨ ਇਹ ਰੁਝਾਨ ਵੀ ਖਤਮ ਹੋ ਚੁੱਕਾ ਹੈ। ਇਸ ਵਾਰ ਸਿਰਫ ਉਮੀਦਵਾਰ ਵੱਲੋਂ ਕੀਤੀ ਜਾਣ ਵਾਲੀ ਛੋਟੀ-ਵੱਡੀ ਮੀਟਿੰਗ/ਰੈਲੀ ਵਾਲੇ ਥਾਂ 'ਤੇ ਹੀ ਜ਼ਿਆਦਾਤਰ ਬੈਨਰ ਅਤੇ ਝੰਡੇ ਦਿਖਾਈ ਦਿੰਦੇ ਹਨ। ਕੁਝ ਸਮਾਂ ਪਹਿਲਾਂ ਤੱਕ ਪਾਰਟੀਆਂ ਦੇ ਵਰਕਰ ਤੇ ਆਗੂ ਉਮੀਦਵਾਰਾਂ ਨੂੰ ਸਿਕਿਆਂ ਅਤੇ ਲੱਡੂਆਂ ਨਾਲ ਤੋਲ ਕੇ ਆਪਣਾ ਸਮਰਥਨ ਦਿੰਦੇ ਰਹੇ ਸਨ, ਪਰ ਇਹ ਰੁਝਾਨ ਵੀ ਹੁਣ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ।

ਰਵਾਇਤੀ ਤਰੀਕਿਆਂ 'ਤੇ ਹਾਵੀ ਹੋਣ ਲੱਗਾ ਸ਼ੋਸ਼ਲ ਮੀਡੀਆ
ਦੂਜੇ ਪਾਸੇ ਸਮੇਂ ਦੇ ਬਦਲਾਅ ਨਾਲ ਹੁਣ ਸੋਸ਼ਲ ਮੀਡੀਆ ਚੋਣ ਪ੍ਰਚਾਰ ਦੇ ਪੁਰਾਣੇ ਤਰੀਕਿਆਂ 'ਤੇ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ। ਬਹੁਤੇ ਉਮੀਦਵਾਰ ਪੁਰਾਣੇ ਤਰੀਕੇ ਅਪਣਾਉਣ ਦੀ ਬਜਾਏ ਹੁਣ ਸ਼ੋਸ਼ਲ ਮੀਡੀਆ ਨੂੰ ਵੀ ਹਥਿਆਰ ਬਣਾ ਕੇ ਪੂਰੀ ਤਰ੍ਹਾਂ ਇਸ ਦਾ ਲਾਭ ਲੈ ਰਹੇ ਹਨ। ਭਾਵੇਂ ਇਲੈਕਸ਼ਨ ਕਮਿਸ਼ਨ ਨੇ ਸੋਸ਼ਲ ਮੀਡੀਏ 'ਤੇ ਹੋਣ ਵਾਲੇ ਪ੍ਰਚਾਰ ਸਬੰਧੀ ਹੋਣ ਵਾਲੇ ਚੋਣ ਖਰਚੇ ਤੇ ਹੋਰ ਤੱਥਾਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਪਰ ਫਿਰ ਵੀ ਨਿਯਮਾਂ ਨੂੰ ਅਪਣਾ ਕੇ ਉਮਦੀਵਾਰਾਂ ਵੱਲੋਂ ਇਸ ਮਾਧਿਅਮ ਨੂੰ ਆਪਣੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ।


author

cherry

Content Editor

Related News