ਜਾਖੜ ਅਤੇ ਬਾਜਵਾ ਵਿਚਕਾਰ ਗੁਰਦਾਸਪੁਰ ਸੀਟ ’ਤੇ ਘਮਸਾਨ

Wednesday, Jan 16, 2019 - 12:21 PM (IST)

ਜਲੰਧਰ\ਗੁਰਦਾਸਪੁਰ (ਚੋਪੜਾ) : ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਗੁਰਦਾਸਪੁਰ ਸੀਟ 'ਤੇ 2 ਚੋਟੀ ਦੇ ਆਗੂਆਂ ਵਲੋਂ ਆਪਣਾ-ਆਪਣਾ ਦਾਅਵਾ ਪੇਸ਼ ਕੀਤੇ ਜਾਣ ਕਾਰਨ ਕਾਂਗਰਸ ਹਾਈਕਮਾਨ ਲਈ ਇਕ ਵਾਰ ਮੁੜ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਇਥੋਂ ਮੌਜੂਦਾ ਐੱਮ. ਪੀ. ਸੁਨੀਲ ਜਾਖੜ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਆਪਣੇ-ਆਪਣੇ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰਕੇ ਇਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਹਨ। ਇਸ ਕਾਰਨ ਇਥੋਂ ਟਿਕਟ ਨੂੰ ਲੈ ਕੇ ਘਮਾਸਾਨ ਮਚਣਾ ਯਕੀਨੀ ਮੰਨਿਆ ਜਾ ਰਿਹਾ ਹੈ। 

ਸੁਨੀਲ ਜਾਖੜ ਨੇ 2017 ਵਿਚ ਗੁਰਦਾਸਪੁਰ ਹਲਕੇ ਦੀ ਉਪ ਚੋਣ ਇਕ ਲੱਖ 90 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਪ੍ਰਤਾਪ ਬਾਜਵਾ ਨੇ 2009 ਵਿਚ ਇਥੋਂ  ਵਿਨੋਦ ਖੰਨਾ ਨੂੰ ਹਰਾਇਆ ਸੀ ਪਰ 2014 ਦੀਆਂ ਚੋਣਾਂ ਵਿਚ ਉਹ ਵਿਨੋਦ ਖੰਨਾ ਹੱਥੋਂ ਹਾਰ ਗਏ ਸਨ। ਬਾਜਵਾ ਨੇ ਇਹ ਕਹਿੰਦਿਆਂ ਟਿਕਟ 'ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿ ਗੁਰਦਾਸਪੁਰ ਮੇਰੇ ਪਰਿਵਾਰ ਦੀ ਕਰਮਭੂਮੀ ਹੈ। ਜਾਖੜ ਨੇ ਦਲੀਲ ਦਿੱਤੀ ਹੈ ਕਿ ਉਹ ਗੁਰਦਾਸਪੁਰ ਤੋਂ ਬਿਨਾਂ ਹੋਰ ਕਿਸੇ ਹਲਕੇ ਤੋਂ ਚੋਣ ਨਹੀਂ ਲੜਨਗੇ। ਫਿਰ ਵੀ ਅੰਤਿਮ ਫੈਸਲਾ ਰਾਹੁਲ ਗਾਂਧੀ ਹੀ ਕਰਨਗੇ। ਬਾਜਵਾ ਵੀ ਰਾਹੁਲ ਨਾਲ ਮੁਲਾਕਾਤ ਕਰ ਕੇ ਇਸ ਸੀਟ 'ਤੇ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਬਾਜਵਾ ਦੇ ਛੋਟੇ ਭਰਾ ਫਤਿਹ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਹਨ। 

ਗੁਰਦਾਸਪੁਰ ਇਕ ਹਿੰਦੂ ਸੀਟ ਹੈ ਪਰ ਇਥੇ ਵੱਡੀ ਗਿਣਤੀ 'ਚ ਜੱਟ ਸਿੱਖ ਵੋਟਰ ਵੀ ਹਨ। ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤਾਪ ਸਿੰਘ ਬਾਜਵਾ ਨਾਲ ਛੱਤੀ ਦਾ ਅੰਕੜਾ ਰਿਹਾ ਹੈ। ਬਾਜਵਾ ਤੇ ਜਾਖੜ ਦੀ ਸਿਆਸੀ ਦੁਸ਼ਮਣੀ ਉਸ ਸਮੇਂ ਦੀ ਹੈ, ਜਦੋਂ ਬਾਜਵਾ ਸੂਬਾਈ ਕਾਂਗਰਸ ਦੇ ਪ੍ਰਧਾਨ ਸਨ। ਕੈਪਟਨ ਨੇ ਬਾਜਵਾ ਨੂੰ ਹਟਾਉਣ ਲਈ ਸੂਬੇ ਵਿਚ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੀ ਜਾਖੜ ਨੇ ਡਟ ਕੇ ਹਮਾਇਤ ਕੀਤੀ ਸੀ। ਨਵੰਬਰ 2015 ਵਿਚ ਬਾਜਵਾ ਤੇ ਜਾਖੜ ਦੋਵਾਂ ਨੂੰ ਹਾਈਕਮਾਨ ਨੇ ਅਹੁਦੇ ਛੱਡਣ ਲਈ ਕਿਹਾ ਸੀ। ਬਾਜਵਾ ਨੂੰ 2016 ਵਿਚ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਅਸੈਂਬਲੀ ਚੋਣਾਂ ਦੌਰਾਨ ਜਾਖੜ ਅਬੋਹਰ ਤੋਂ ਹਾਰ ਗਏ। ਉਸ ਪਿੱਛੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਬਾਜਵਾ ਨੇ ਗੁਰਦਾਸਪੁਰ ਉਪ ਚੋਣ ਦੌਰਾਨ ਜਾਖੜ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਸੀ ਪਰ ਬਾਅਦ ਵਿਚ ਹਾਈਕਮਾਨ ਦੇ ਕਹਿਣ 'ਤੇ ਅੰਤਿਮ ਪਲਾਂ ਵਿਚ ਜਾਖੜ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਸ਼ਾਮਲ ਹੋਏ ਸਨ।

ਜਾਖੜ ਦਾ ਦਾਅਵਾ ਹੈ ਕਿ ਇਕ ਪਰਿਵਾਰ ਇਕ ਟਿਕਟ ਦਾ ਨਿਯਮ ਲੋਕ ਸਭਾ ਦੀਆਂ ਚੋਣਾਂ ਵਿਚ ਲਾਗੂ ਹੋਵੇਗਾ ਪਰ ਹਿਮਾਚਲ ਵਿਚ ਵੀਰਭੱਦਰ ਅਤੇ ਉਨ੍ਹਾਂ ਦੇ ਪੁੱਤਰ ਵਿਕਰਮਾਦਿਤਿਆ ਨੂੰ ਟਿਕਟ ਦਿੱਤੀ ਗਈ। ਮੱਧ ਪ੍ਰਦੇਸ਼ ਵਿਚ ਦਿਗਵਿਜੇ ਦੇ ਭਰਾ ਲਕਸ਼ਮਣ ਸਿੰਘ ਦੇ ਨਾਲ ਹੀ ਪੁੱਤਰ ਜੈਵਰਧਨ ਨੂੰ ਵੀ ਟਿਕਟ ਦਿੱਤੀ ਗਈ। ਸਿਆਸੀ ਟੱਬਰਵਾਦ ਨੂੰ ਲਾਂਭੇ ਕਰ ਕੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਹੁਣ 'ਵਨ ਐੱਮ. ਪੀ.-ਵਨ ਐੱਮ. ਐੱਲ. ਏ.' ਦਾ ਨਿਯਮ ਅਪਣਾਏਗੀ ਤਾਂ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਜਾ ਸਕੇ। ਬਾਜਵਾ ਜਾਖੜ ਦੀ ਗੱਲ ਨੂੰ ਹਵਾ ਵਿਚ ਉਡਾਉਂਦੇ ਹੋਏ ਇਸ ਆਧਾਰ 'ਤੇ ਆਪਣਾ ਦਾਅਵਾ ਪੇਸ਼ ਕਰ ਰਹੇ ਹਨ ਕਿ 2 ਭਰਾਵਾਂ ਦੇ 2 ਵੱਖ-ਵੱਖ ਪਰਿਵਾਰ ਹਨ। ਅਜਿਹੀ ਹਾਲਤ 'ਚ ਗੁਰਦਾਸਪੁਰ ਤੋਂ 2 ਚੋਟੀ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਦਾਅਵੇਦਾਰੀ ਕੀ ਰੰਗ ਵਿਖਾਉਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇੰਨਾ ਤੈਅ ਹੈ ਕਿ ਜਾਖੜ ਲਈ ਟਿਕਟ ਹਾਸਲ ਕਰਨੀ ਕੋਈ ਸੌਖਾ ਕੰਮ ਨਹੀਂ।

 


Baljeet Kaur

Content Editor

Related News