ਗਠਬੰਧਨ ਰੈਲੀ 'ਚ ਕਾਲੀਆਂ ਝੰਡੀਆਂ ਲੈ ਕੇ ਪਹੁੰਚੀਆਂ ਔਰਤਾਂ
Wednesday, Oct 04, 2017 - 02:08 PM (IST)
ਗੁਰਦਾਸਪੁਰ (ਬਿਊਰੋ) - ਗੁਰਦਾਸਪੁਰ ਜ਼ਿਮਨੀ ਚੋਣ ਤੋਂ ਪਹਿਲਾਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ 'ਤੇ ਬਲਤਕਾਰ ਦਾ ਮਾਮਲਾ ਦਰਜ ਹੋਣ ਨਾਲ ਅਕਾਲੀ ਭਾਜਪਾ ਗਠਬੰਧਨ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ। ਗਠਬੰਧਨ ਲਈ ਸਭ ਤੋਂ ਵੱਡੀ ਮੁਸ਼ਕਲ ਉਸ ਸਮੇਂ ਖੜੀ ਹੋ ਗਈ ਜਦੋਂ ਗੁਰਦਾਸਪੁਰ ਦੇ ਹਨੂੰਮਾਨ ਚੌਂਕ 'ਚ ਚੋਣ ਰੈਲੀ ਕਰਨ ਪਹੁੰਚੇ। ਇਸ ਦੌਰਾਨ ਦੋ ਦਰਜਨ ਦੇ ਕਰੀਬ ਔਰਤਾਂ ਦਾ ਜੱਥਾਂ ਲੰਗਾਹ ਖਿਲਾਫ ਕਾਲੀਆਂ ਝੰਡੀਆਂ ਸਾਹਿਤ ਰੈਲੀ ਤੱਕ ਪਹੁੰਚ ਗਿਆ ਤੇ ਉਨ੍ਹਾਂ ਨੇ ਨਾਕੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਮੌਕੇ 'ਤੇ ਤਾਇਨਾਤ ਪੁਲਸ ਵੱਲੋਂ ਸਥਿਤੀ 'ਤੇ ਜਲਦ ਕਾਬੂ ਪਾ ਲਿਆ ਗਿਆ। ਇਸ ਦੌਰਾਨ ਦੋਹਾਂ ਪੱਖਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਮੰਗਲਵਾਰ ਅਕਾਲੀ ਭਾਜਪਾ ਗਠਬੰਧਨ ਵੱਲੋਂ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ 'ਚ ਹਨੂੰਮਾਨ ਚੌਂਕ ਗੁਰਦਾਸਪੁਰ 'ਚ ਚੋਣਾਂ ਸਬੰਧੀ ਰੈਲੀ ਰੱਖੀ ਗਈ ਸੀ। ਜਿਸ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚੇ ਸਨ ਪਰ ਬਾਦਲ ਦੇ ਪਹੁੰਚਣ ਤੋਂ ਪਹਿਲਾਂ ਹੀ ਕਰੀਬ ਦੋ ਦਰਜਨ ਔਰਤਾਂ ਦਾ ਜੱਥਾ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਹਨੂੰਮਾਨ ਚੌਂਕ 'ਚ ਪਹੁੰਚ ਗਿਆ ਅਤੇ ਰੈਲੀ ਲਈ ਲਗਾਏ ਗਏ ਮੰਚ ਦੇ ਸਾਹਮਣੇ ਜਾ ਕੇ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੰਚ 'ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਿਨੀ ਸ਼ਰਮਾ ਅਤੇ ਹੋਰ ਕਈ ਨੇਤਾਂ ਮੌਜੂਦ ਸਨ। ਔਰਤਾਂ ਵੱਲੋਂ ਅਕਾਲੀ ਦਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੇਖਦੇ ਹੀ ਦੇਖਦੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ। ਹਾਲਾਂਕਿ ਬਾਅਦ 'ਚ ਮੌਕੇ 'ਤੇ ਤਾਇਨਾਤ ਪੁਲਸ ਵੱਲੋਂ ਔਰਤਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ।
