ਕਾਲੇ ਕਾਨੂੰਨ ਰੱਦ ਨਾ ਹੋਣ ਕਾਰਣ ਨੌਜਵਾਨਾਂ ਸਮੇਤ ਲੋਕਾਂ 'ਚ ਲਗਾਤਾਰ ਵਧ ਰਹੀ ਹੈ ਗੁੱਸੇ ਦੀ ਲਹਿਰ
Monday, Dec 07, 2020 - 10:30 AM (IST)
ਗੁਰਦਾਸਪੁਰ (ਹਰਮਨ): ਕਿਸਾਨਾਂ ਵਲੋਂ ਦਿੱਲੀ ਵਿਖੇ ਲਾਏ ਗਏ ਮੋਰਚੇ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕਾਲੇ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਰੋਸ ਵਜੋਂ ਜਿਥੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ 'ਚ ਰੋਸ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ। ਉਸਦੇ ਨਾਲ ਹੀ ਨੌਜਵਾਨ ਵਰਗ ਵੀ ਸਾਰੇ ਕੰਮ ਕਾਜ ਛੱਡ ਕੇ ਕੇਂਦਰ ਸਰਕਾਰ ਵਿਰੁੱਧ ਸ਼ੁਰੂ ਹੋਏ ਇਸ ਸੰਘਰਸ਼ 'ਚ ਕੁੱਦ ਰਿਹਾ ਹੈ। ਇਸ ਦੇ ਚੱਲਦਿਆਂ ਗੁਰਦਾਸਪੁਰ ਦੇ ਪ੍ਰੇਮ ਨਗਰ ਤੋਂ ਨੌਜਵਾਨਾਂ ਦਾ ਇਕ ਹੋਰ ਵੱਡਾ ਜਥਾ ਰਾਸ਼ਨ ਪਾਣੀ ਅਤੇ ਜ਼ਰੂਰੀ ਸਾਮਾਨ ਲੈ ਕੇ ਇੰਦਰਪਾਲ ਸਿੰਘ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋ ਗਿਆ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਇਸ ਮੌਕੇ ਇੰਦਰਪਾਲ ਸਿੰਘ ਅਤੇ ਹੋਰ ਨੌਜਵਾਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਦੇ 2 ਵੱਡੇ ਜਥੇ ਦਿੱਲੀ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਕਾਲੇ ਕਾਨੂੰਨ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰੇਕ ਵਰਗ ਮੋਦੀ ਸਰਕਾਰ ਨੂੰ ਕੋਸ ਰਿਹਾ ਹੈ ਅਤੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਇਸ ਅੰਦੋਲਨ ਨੂੰ ਹਰ ਵਿਅਕਤੀ ਭਰਪੂਰ ਸਮਰਥਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਰਵਾਨੇ ਹੋਏ ਜਥੇ ਨੇ ਵੱਡੇ ਪੱਧਰ 'ਤੇ ਰਾਸ਼ਨ ਸਮੱਗਰੀ ਵੀ ਇਕੱਤਰ ਕੀਤੀ ਹੈ ਤਾਂ ਜੋ ਦਿੱਲੀ ਵਿਖੇ ਲੰਮਾ ਸਮਾਂ ਰਹਿ ਕੇ ਮੋਰਚਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : ਸੁਖਬੀਰ ਵਲੋਂ ਅਕਾਲੀਆਂ ਤੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕਰਨ ਦੀ ਅਪੀਲ
ਉਨ੍ਹਾਂ ਕਿਹਾ ਕਿ ਪਿੰਡਾਂ ਵਿਚੋਂ ਰਾਸ਼ਨ ਇਕੱਠਾ ਕਰਨ ਮੌਕੇ ਵੀ ਲੋਕਾਂ ਨੇ ਕਿਸਾਨਾਂ ਦੇ ਹੱਕ ਵਿਚ ਪਿਆਰ ਦਾ ਸਬੂਤ ਦਿੰਦੇ ਹੋਏ ਦਿਲ ਖੋਲ੍ਹ ਕੇ ਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਥੇ ਵਿਚ ਉਹ ਸੰਗਤ ਦੇ ਦਿੱਲੀ ਰੁਕਣ ਲਈ ਟੈਂਟ, ਮੈਟ, ਕੰਬਲ, ਗੱਦੇ ਸਮੇਤ ਹੋਰ ਜ਼ਰੂਰੀ ਸਾਮਾਨ ਵੀ ਲੈ ਕੇ ਜਾ ਰਹੇ ਹਨ। ਇਸ ਮੌਕੇ ਸੁਬੇਗ ਸਿੰਘ ਸੋਹਲ, ਮਲਕੀਤ ਸਿੰਘ ਬੁੱਢਾਕੋਟ, ਮਨਦੀਪ ਨਰਪੁਰ, ਰਣਯੋਧ ਸਿੰਘ ਹਯਾਤਨਗਰ, ਹਰਪਾਲ ਸਿੰਘ ਭਿਖਾਰੀਵਾਲ, ਜੈਮਲ ਸਿੰਘ ਗਜਨੀਪੁਰ, ਜਗਪ੍ਰੀਤ ਸਿੰਘ ਤੁੰਗ, ਗੁਰਇੰਦਰ ਸਿੰਘ ਗਜਨੀਪੁਰ ਆਦਿ ਨੌਜਵਾਨ ਮੌਜੂਦ ਸਨ।