ਸੂਬਾ ਸਰਕਾਰ ਦੇ ਲੱਖ ਹੰਭਲਿਆਂ ਦੇ ਬਾਵਜੂਦ ਨਹੀਂ ਰੁਕਿਆ ਨਸ਼ਿਆਂ ਦਾ ਕਾਰੋਬਾਰ
Thursday, Feb 21, 2019 - 03:48 AM (IST)
ਗੁਰਦਾਸਪੁਰ (ਸਾਹਿਲ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਇਕ ਵੱਡਾ ਮੁੱਦਾ ਰਿਹਾ ਸੀ, ਕਾਂਗਰਸ ਪਾਰਟੀ ਨੇ ਜਿਥੇ ਇਸ ਨੂੰ ਆਪਣੀਆਂ ਰੈਲੀਆਂ ਤੇ ਨੁੱਕਡ਼ ਬੈਠਕਾਂ ’ਚ ਪੂਰੀ ਤਰ੍ਹਾਂ ਚੁੱਕਿਆ ਸੀ, ਉੱਥੇ ਹੀ ਸਰਕਾਰ ਬਣਨ ’ਤੇ ਇਸ ਦੇ ਖਾਤਮੇ ਦੇ ਦਾਅਵੇ ਕੀਤੇ ਸਨ। ਪੰਜਾਬ ’ਚ ਲੋਕ ਸਭਾ ਚੋਣਾਂ 2014 ਦੌਰਾਨ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ’ਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਹਜ਼ਾਰਾਂ ਨੌਜਵਾਨਾਂ ਨੂੰ ਜੇਲਾਂ ’ਚ ਭੇਜਿਆ ਸੀ ਅਤੇ ਹੁਣ ਕਾਂਗਰਸ ਸਰਕਾਰ ਨੇ ਵੀ ਉਸੇ ਤਰਜ਼ ’ਤੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਸ਼ਾ ਵਿਰੋਧੀ ਮੁਹਿੰਮ ਛੇਡ਼ੀ ਹੋਈ ਹੈ। ਹਜ਼ਾਰਾਂ ਦੀ ਗਿਣਤੀ ’ਚ ਨਸ਼ਾ ਕਰਨ ਵਾਲੇ ਨੌਜਵਾਨ ਜੇਲਾਂ ’ਚ ਭੇਜੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਾ ਤਾਂ ਅਕਾਲੀ ਸਰਕਾਰ ਦੌਰਾਨ ਕੋਈ ਵੱਡਾ ਸਮੱਗਲਰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ ਗਿਆ ਸੀ ਤੇ ਨਾ ਹੀ ਕਾਂਗਰਸ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਰੋਕ ਸਕੀ ਹੈ। ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੁਲਸ ਜ਼ੋਰ-ਸ਼ੋਰ ਨਾਲ ਨਸ਼ੇ ’ਤੇ ਕਾਬੂ ਪਾਉਣ ਦਾ ਢੋਲ ਵਜਾ ਰਹੀ ਹੈ, ਪਰ ਢੋਲ ਅੱਜ ਵੀ ਉਸੇ ਤਰ੍ਹਾਂ ਵੱਜ ਰਿਹਾ ਹੈ ਅਤੇ ਨਸ਼ਾ ਵੀ ਉਸੇ ਤਰ੍ਹਾਂ ਵਿਕ ਰਿਹਾ ਹੈ, ਪੁਲਸ ਦੇ ਲੱਖ ਹੰਭਲਿਆਂ ਦੇ ਬਾਵਜੂਦ ਅੱਜ ਵੀ ਨਸ਼ਾ ਸਮੱਗਲਿੰਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਕ ਪਾਸੇ ਜਿਥੇ ਬਟਾਲਾ ਸ਼ਹਿਰ ਦੇ ਨਜ਼ਦੀਕ ਬਹੁਤ ਸਾਰੇ ਅਜਿਹੇ ਪਿੰਡ ਹਨ, ਜਿਵੇਂ ਮੂਲਿਆਂਵਾਲ, ਸੁਨੱਈਆ, ਖਤੀਬ, ਸ਼ਾਮਪੁਰਾ, ਧੌਲਪੁਰ ਆਦਿ ਪਿੰਡਾਂ ’ਚ ਜੋ ਪਿਛਲੇ ਕਈ ਸਾਲਾਂ ਤੋਂ ਸਮੱਗਲਿੰਗ ਅਤੇ ਨਸ਼ਾ ਵਿਕਰੀ ਦੀ ਨਜ਼ਰ ਨਾਲ ਦੇਖੇ ਜਾਂਦੇ ਹਨ। ਪੁਲਸ ਦੀ ਸਖਤੀ ਦੇ ਬਾਵਜੂਦ ਨਸ਼ੇ ਦਾ ਮਿਲਣ ਜਿਥੇ ਪੁਲਸ ਦੇ ਕੰਮ ਤੇ ਕੁਸ਼ਲਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਰਿਹਾ ਹੈ, ਉੱਥੇ ਹੀ ਇਹ ਵਿਭਾਗ ’ਚ ਹੋ ਰਹੇ ਭ੍ਰਿਸ਼ਟਾਚਾਰ ਦੇ ਵੀ ਸੰਕੇਤ ਹਨ, ਬੇਸ਼ੱਕ ਪੁਲਸ ਨਸ਼ਾ ਰੋਕਣ ’ਚ ਅਨੇਕਾਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਵਿਭਾਗ ਦੀਆਂ ਹੀ ਕੁਝ ਕਾਲੀਆਂ ਭੇਡਾਂ ਇਸ ਮੁਹਿੰਮ ਨੂੰ ਫੇਲ ਕਰਨ ’ਚ ਲੱਗੀਆਂ ਹੋਈਆਂ ਹਨ। ਪੁਲਸ ਨਸ਼ੇ ਦੀਆਂ ਬ੍ਰਾਂਚਾਂ ਨੂੰ ਬੰਦ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਜਦੋਂ ਕਿ ਨਸ਼ਾ ਸਮੱਗਲਿੰਗ ਦੀ ਜਡ਼੍ਹ ਨੂੰ ਹੱਥ ਨਹੀਂ ਪਾਇਆ ਜਾ ਸਕਿਆ। ਸਡ਼ਕਾਂ ’ਤੇ ਡਿੱਗੇ ਮਿਲਦੇ ਹਨ ਨਸ਼ੇਡ਼ੀ ਪੰਜਾਬ ਪੁਲਸ ਵੱਲੋਂ ਛੇਡ਼ੀ ਗਈ ਨਸ਼ਾ ਵਿਰੋਧੀ ਮੁਹਿੰਮ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਟਾਲਾ ਨਜ਼ਦੀਕੀ ਬਹੁਤ ਸਾਰੇ ਪਿੰਡਾਂ ਤੇ ਕਸਬੇ ਦਿਖਾਈ ਦਿੱਤੇ, ਜਿੱਥੇ ਸਵੇਰੇ ਤੋਂ ਹੀ ਅਲਕੋਹਲ ਨਾਲ ਬਣੀ ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਦਿਖਾਈ ਦਿੰਦੀਆਂ ਹਨ ਅਤੇ ਇਸ ਦੇ ਪੀਣ ਵਾਲੇ ਅਕਸਰ ਸ਼ਾਮ ਨੂੰ ਸਡ਼ਕਾਂ ’ਤੇ ਡਿੱਗੇ ਦੇਖੇ ਜਾਂਦੇ ਹਨ। ਇਥੇ ਜ਼ਿਕਰਯੋਗ ਦੱਸਣਾ ਬਣਦਾ ਹੈ ਕਿ ਸਡ਼ਕਾਂ ’ਤੇ ਡਿੱਗੇ ਵਿਅਕਤੀ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਅਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਜ਼ਿਆਦਾ ਤਰ ਇਹ ਸ਼ਰਾਬ ਪੀਣ ਵਾਲੇ ਮਜ਼ਦੂਰ ਲੋਕ ਹੀ ਹੁੰਦੇ ਹਨ। ਉਹ ਸਸਤੀ ਸ਼ਰਾਬ ਪੀਣ ਲਈ ਪਿੰਡਾਂ ਵੱਲ ਨੂੰ ਭੱਜਦੇ ਹਨ।