ਮਰਦਾਂ ਦੀ ਬਜਾਏ ਔਰਤਾਂ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਦੀ ਸੰਭਾਲੀ ਕਮਾਨ

01/23/2019 11:43:43 AM

ਗੁਰਦਾਸਪੁਰ (ਵਿਨੋਦ) : ਜ਼ਿਲਾ ਪੁਲਸ ਗੁਰਦਾਸਪੁਰ  ਤੇ ਜ਼ਿਲਾ ਪੁਲਸ ਬਟਾਲਾ ਵਲੋਂ ਸ਼ਰਾਬ ਦਾ ਨਾਜਾਇਜ਼ ਨਿਰਮਾਣ ਅਤੇ ਵੇਚਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਰੱਖੀ ਹੈ ਅਤੇ ਪ੍ਰਤੀਦਿਨ ਵੱਡੀ ਗਿਣਤੀ 'ਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਜੇਲਾਂ 'ਚ ਭੇਜਿਆ ਜਾ ਰਿਹਾ ਹੈ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੰਜਾਬ ਦੇ ਮੰਤਰੀ, ਵਿਧਾਇਕ ਤੇ ਜ਼ਿਲਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਸ਼ੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਬਾਵਜੂਦ ਜ਼ਿਲਾ ਪੁਲਸ ਗੁਰਦਾਸਪੁਰ ਤੇ ਜ਼ਿਲਾ ਪੁਲਸ ਬਟਾਲਾ ਦੇ ਕੁਝ ਵਿਸ਼ੇਸ਼ ਪਿੰਡ ਜੋ ਸ਼ਰਾਬ ਦੇ ਕਾਰੋਬਾਰ ਲਈ ਬਦਨਾਮ ਹਨ, 'ਚ ਸ਼ਰਾਬ ਦਾ ਇਹ ਦੋ ਨੰਬਰ ਦਾ ਧੰਦਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ।

ਇਸ ਕਾਰੋਬਾਰ 'ਚ ਮਰਦਾਂ ਦੀ ਬਜਾਏ ਔਰਤਾਂ ਦੀ ਭਾਗੀਦਾਰੀ ਵਧ ਰਹੀ ਹੈ ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਬੀਤੇ ਕੁਝ ਮਹੀਨੇ ਤੋਂ ਜਿਸ ਤਰ੍ਹਾਂ ਨਾਲ ਸ਼ਰਾਬ ਦੀ ਸਮੱਗਲਿੰਗ ਤੇ ਕਾਰੋਬਾਰ ਸਬੰਧੀ ਕੁਲ ਗ੍ਰਿਫ਼ਤਾਰ ਲੋਕਾਂ 'ਚ ਔਰਤਾਂ ਦੀ ਗਿਣਤੀ ਬਹੁਤ  ਜ਼ਿਆਦਾ ਹੋਣ ਕਾਰਨ ਪੁਲਸ ਨੇ ਹੁਣ ਔਰਤਾਂ 'ਤੇ ਵਿਸ਼ੇਸ਼ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਪਰ ਫਿਰ ਵੀ  ਲਗਾਮ ਨਹੀਂ ਲੱਗ ਰਹੀ ਹੈ। ਇਸ ਮਾਮਲੇ 'ਚ ਪੁਲਸ ਡਾਲ-ਡਾਲ ਅਤੇ ਸਮੱਗਲਰ ਪੱਤਾ-ਪੱਤਾ ਦੀ ਭੂਮਿਕਾ 'ਚ ਹੈ।  ਜ਼ਿਲਾ ਪੁਲਸ ਗੁਰਦਾਸਪੁਰ, ਜ਼ਿਲਾ ਪੁਲਸ ਬਟਾਲਾ 'ਚ ਵੀ ਪੁਲਸ ਨੇ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ ਮੁਹਿੰਮ  ਅਧੀਨ ਕਈ ਵੱਡੇ ਸਮੱਗਲਰਾਂ ਨੂੰ ਗ੍ਰਿਫ਼ਤਾਰ ਤਾਂ ਕੀਤਾ, ਪਰ ਕਾਨੂੰਨ ਦੇ ਲਚੀਲੇਪਨ ਦਾ ਲਾਭ ਉਠਾ  ਕੇ ਇਹ ਸਾਰੇ ਲੋਕ ਜ਼ਮਾਨਤ 'ਤੇ ਰਿਹਾ ਹੋ ਚੁੱਕੇ ਹਨ ਅਤੇ ਫਿਰ ਇਹ ਸ਼ਰਾਬ ਆਦਿ ਦਾ ਧੰਦਾ ਕਰ ਰਹੇ ਹਨ। ਜ਼ਿਲਾ ਪੁਲਸ ਗੁਰਦਾਸਪੁਰ ਦੇ ਕਈ ਪਿੰਡਾਂ 'ਚ ਨਾਜਾਇਜ਼ ਸ਼ਰਾਬ ਬਣਦੀ ਅਤੇ ਬਾਹਰ ਤੋਂ ਸਮੱਗਲਿੰਗ ਕਰ ਲਈ ਜਾਂਦੀ ਹੈ। ਇਨ੍ਹਾਂ 'ਚ ਪਿੰਡ ਹੈਬਤਪਿੰਡੀ,  ਪਿੰਡ ਢੀਢਾ, ਬਹਿਰਾਮਪੁਰ, ਅਵਾਂਖਾ, ਮਾਨਕੌਰ ਸਿੰਘ, ਸਾਹੋਵਾਲ, ਦੋਰਾਂਗਲਾ, ਪਨਿਆੜ, ਪਿੰਡ ਬਰਿਆਰ, ਗਾਂਧੀਆਂ, ਕਾਹਨੂੰਵਾਨ ਨੂੰ ਪਿੰਡ ਮੌਜਪੁਰ ਸਮੇਤ ਧਾਰੀਵਾਲ ਦੇ ਕਈ ਪਿੰਡ ਤੇ ਕਸਬੇ ਸ਼ਰਾਬ ਦੇ ਕਾਰੋਬਾਰ ਲਈ ਪ੍ਰਸਿੱਧ ਹਨ। 

ਦਰਜ਼ਨਾਂ ਕੇਸ ਦਰਜ ਹੋਣ ਕਾਰਨ ਲੋਕ ਕਾਰੋਬਾਰ ਤਿਆਗਣ ਲਈ ਤਿਆਰ ਨਹੀਂ
ਪੁਲਸ ਰਿਕਾਰਡ ਅਨੁਸਾਰ ਕੁਝ ਔਰਤਾਂ ਤੇ ਪੁਰਸ਼ਾਂ 'ਤੇ ਸ਼ਰਾਬ ਸਬੰਧੀ ਸਮੱਗਲਿੰਗ ਦੇ ਕਈ-ਕਈ ਕੇਸ ਅਦਾਲਤਾਂ 'ਚ ਚਲ ਰਹੇ ਹਨ, ਪਰ ਉਸ ਦੇ ਬਾਵਜੂਦ ਇਹ ਲੋਕ ਇਹ ਦੋ ਨੰਬਰ ਦਾ ਕਾਰੋਬਾਰ ਤਿਆਗਣ ਨੂੰ ਤਿਆਰ ਨਹੀਂ ਹਨ। ਕੁਝ ਵਿਸ਼ੇਸ਼ ਜਾਤੀ  ਦੇ ਲੋਕ ਤਾਂ ਸ਼ਰਾਬ ਦੇ ਕਾਰੋਬਾਰ ਦੇ ਇਲਾਵਾ ਹੋਰ ਕੋਈ ਕਾਰੋਬਾਰ ਕਰਨ  ਬਾਰੇ 'ਚ ਸੋਚਦੇ ਵੀ ਨਹੀਂ ਹਨ। ਉਹ ਆਪਣੀਆਂ ਔਰਤਾਂ, ਬੇਟੀਆਂ ਤੇ ਛੋਟੀਆਂ  ਬੱਚੀਆਂ ਤੱਕ ਨੂੰ ਇਸ ਧੰਦੇ 'ਚ ਸ਼ਾਮਲ ਕਰਦੇ ਹਨ।

ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਜ਼ਿਲੇ ਦੇ ਪੁਲਸ ਅਧਿਕਾਰੀ ਨੇ ਨਾਮ ਨਾ ਛਪਣ ਦੀ ਸ਼ਰਤ 'ਤੇ ਸਵੀਕਾਰ ਕੀਤਾ ਕਿ ਕੁਝ ਪਿੰਡਾਂ ਦੇ ਲੋਕ ਸ਼ਰਾਬ ਦੇ ਕਾਰੋਬਾਰ ਲਈ ਮਸ਼ਹੂਰ ਹਨ ਅਤੇ ਪੁਲਸ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਇਹ ਕਾਰੋਬਾਰ ਨਹੀਂ ਛੱਡ ਰਹੇ ਹਨ, ਪਰ ਸਾਡੀ ਕੋਸ਼ਿਸ਼ ਲਗਾਤਾਰ ਜਾਰੀ ਰਹੇਗੀ ਅਤੇ ਨਸ਼ੇ ਪ੍ਰਤੀ ਨੌਜਵਾਨ ਵਰਗ ਦਾ ਰੁਝਾਨ ਘੱਟ ਹੋਵੇ, ਇਸ ਦੇ ਲਈ ਜਨ ਸਹਿਯੋਗ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।


Baljeet Kaur

Content Editor

Related News