ਹਵਾ ਅਤੇ ਮਿੱਟੀ ''ਚ ਮੌਜੂਦ ਖੁਰਾਕੀ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਂਦੇ ਨੇ ''ਜੀਵਾਣੂ''
Sunday, Dec 08, 2019 - 02:39 PM (IST)
ਗੁਰਦਾਸਪੁਰ (ਹਰਮਨਪ੍ਰੀਤ) : ਹਾੜ੍ਹੀ ਦੀਆਂ ਫਸਲਾਂ ਦੀ ਚੰਗੀ ਪੈਦਾਵਾਰ ਲੈਣ ਲਈ ਜਿਥੇ ਬੀਮਾਰੀਆਂ ਤੇ ਕੀੜਿਆਂ ਦੀ ਸਰਬਪੱਖੀ ਕੀਟ ਪ੍ਰਬੰਧ ਅਪਣਾਉਣ ਦੀ ਲੋੜ ਹੈ, ਉਥੇ ਜੀਵਾਣੂ ਖਾਦਾਂ ਦੀ ਵਰਤੋਂ ਵੀ ਬੇਹੱਦ ਲਾਹੇਵੰਦ ਸਿੱਧ ਹੋ ਸਕਦੀ ਹੈ। ਇਨ੍ਹਾਂ ਖਾਦਾਂ ਨਾਲ ਸਬੰਧਿਤ ਜੀਵਾਣੂ ਹਵਾ ਤੇ ਮਿੱਟੀ 'ਚ ਮੌਜੂਦ ਖੁਰਾਕੀ ਤੱਤਾਂ ਨੂੰ ਪੌਦਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਕੁਝ ਸਾਲ ਪਹਿਲਾਂ ਤੱਕ ਤਾਂ ਜੀਵਾਣੂ ਖਾਦਾਂ ਸਬੰਧੀ ਕਿਸਾਨਾਂ ਦੇ ਮਨਾਂ 'ਚ ਕਈ ਸ਼ੰਕੇ ਰਹਿੰਦੇ ਸਨ ਅਤੇ ਇਨ੍ਹਾਂ 'ਚ ਮਿਲਾਵਟ ਅਤੇ ਇਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਸਬੰਧੀ ਵੀ ਭੰਬਲਭੂਸਾ ਬਣਿਆ ਰਹਿੰਦਾ ਸੀ ਪਰ ਪਿਛਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਇਕਰੋਬਾਇਓਲੋਜੀ ਵਿਭਾਗ ਵੱਲੋਂ ਪਿਛਲੇ ਕਰੀਬ 25 ਸਾਲਾਂ ਦੌਰਾਨ ਕੀਤੀਆਂ ਗਈਆਂ ਕਈ ਖੋਜਾਂ ਦੇ ਆਧਾਰ 'ਤੇ ਹੁਣ ਯੂਨੀਵਰਸਿਟੀ ਵੱਲੋਂ 18 ਫਸਲਾਂ 'ਚ ਜੀਵਾਣੂ ਖਾਦਾਂ ਦੀ ਵਰਤੋਂ ਕਰਨ ਦੀ ਸ਼ਿਫਾਰਸ਼ ਕਰ ਦਿੱਤੇ ਜਾਣ ਕਾਰਣ ਕਿਸਾਨ ਵੀ ਇਨ੍ਹਾਂ ਖਾਦਾਂ ਪ੍ਰਤੀ ਰੁਚੀ ਦਿਖਾਉਣ ਲੱਗ ਪਏ ਹਨ।
ਕੀ ਹੁੰਦੀ ਐ ਜੀਵਾਣੂ ਖਾਦ?
ਖੇਤੀ ਮਾਹਿਰਾਂ ਅਨੁਸਾਰ ਜੀਵਾਣੂ ਖਾਦ 'ਚ ਮੌਜੂਦ ਲਾਭਦਾਇਕ ਸੂਖਮ ਜੀਵ ਹਵਾ ਵਿਚਲੀ ਨਾਈਟ੍ਰੋਜਨ ਨੂੰ ਜਮ੍ਹਾ ਕਰਦੇ ਹਨ ਅਤੇ ਮਿੱਟੀ ਵਿਚਲੀ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾ ਕੇ ਪੌਦਿਆਂ ਨੂੰ ਉਪਲਬਧ ਕਰਵਾਉਣ 'ਚ ਮਦਦ ਕਰਦੇ ਹਨ। ਮਿੱਟੀ 'ਚ ਮੌਜੂਦ ਇਨ੍ਹਾਂ ਸੂਖਮ ਜੀਵਾਂ ਦੀਆਂ ਕਿਰਿਆਵਾਂ ਨਾਲ ਬਣਨ ਵਾਲੇ ਹਾਰਮੋਨ ਵੀ ਪੌਦਿਆਂ ਦੇ ਵਿਕਾਸ 'ਚ ਸਹਾਈ ਸਿੱਧ ਹੁੰਦੇ ਹਨ। ਜੀਵਾਣੂ ਖਾਦਾਂ ਰਵਾਇਤੀ ਖਾਦਾਂ ਦਾ ਵਧੀਆ ਬਦਲ ਹਨ, ਜੋ ਫਸਲ ਨੂੰ ਵਾਧੇ ਲਈ ਲੋੜੀਂਦੇ ਤੱਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਿੱਟੀ ਦੀ ਸਿਹਤ 'ਚ ਵੀ ਸੁਧਾਰ ਕਰਦੀਆਂ ਹਨ।
ਹਵਾ 'ਚੋਂ ਕਿਵੇਂ ਲਈ ਜਾ ਸਕਦੀ ਹੈ ਨਾਈਟ੍ਰੋਜਨ?
ਤਕਰੀਬਨ ਹਰੇਕ ਫਸਲ ਦੇ ਵਾਧੇ ਲਈ ਨਾਈਟ੍ਰੋਜਨ ਜ਼ਰੂਰੀ ਤੱਤ ਹੈ। ਖੇਤੀ ਮਾਹਿਰਾਂ ਅਨੁਸਾਰ ਵਾਯੂਮੰਡਲ 'ਚ 78 ਫੀਸਦੀ ਨਾਈਟ੍ਰੋਜਨ ਹੈ ਪਰ ਪੌਦੇ ਹਵਾ ਵਿਚਲੀ ਇਸ ਨਾਈਟ੍ਰੋਜਨ ਨੂੰ ਖੁਦ ਵਰਤਣ 'ਚ ਅਸਮਰੱਥ ਹੁੰਦੇ ਹਨ, ਜਿਸ ਕਾਰਣ ਇਸ ਨਾਈਟ੍ਰੋਜਨ ਨੂੰ ਪੌਦਿਆਂ ਤੱਕ ਪਹੁੰਚਾਉਣ ਲਈ ਅਜੋਟੋਬੈਕਟਰ ਅਤੇ ਰਾਈਜੋਬੀਅਮ ਵਰਗੇ ਜੀਵਾਣੂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿਚੋਂ ਅਜੋਟੋਬੈਕਟਰ ਅਜਿਹਾ ਜੀਵਾਣੂ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦੇ ਦੇ ਸਹਿਯੋਗ ਦੇ ਬਗੈਰ ਹੀ ਜਮ੍ਹਾ ਕਰ ਕੇ ਪੌਦੇ ਤੱਕ ਪਹੁੰਚਾਉਂਦਾ ਹੈ। ਜਦੋਂ ਕਿ ਰਾਈਜ਼ੋਬੀਅਮ ਜੀਵਾਣੂ ਦਾਲਾਂ ਤੇ ਹੋਰ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿਚ ਗੰਢਾਂ ਬਣਾ ਕੇ ਪੌਦਿਆਂ ਲਈ ਨਾਈਟ੍ਰੋਜਨ ਮੁਹੱਈਆ ਕਰਵਾਉਂਦਾ ਹੈ। ਇਸ ਤੋਂ ਇਲਾਵਾ ਐਜ਼ੋਸਪਾਇਰੀਲਮ ਵਰਗੇ ਸੂਖਮ ਜੀਵ ਵੀ ਪੌਦੇ ਦੀਆਂ ਜੜ੍ਹਾਂ ਨਾਲ ਸਹਿਯੋਗ ਬਣਾ ਕੇ ਨਾਈਟ੍ਰੋਜਨ ਜਮਾ ਕਰਦੇ ਹਨ।
ਜੀਵਾਣੂ ਖਾਦ ਨਾਲ ਫਾਸਫੋਰਸ ਦੀ ਪੂਰਤੀ?
ਨਾਈਟ੍ਰੋਜਨ ਤੱਤ ਫਸਲ ਦੇ ਵਾਧੇ 'ਚ ਸਹਿਯੋਗ ਕਰਦਾ ਹੈ, ਜਦੋਂ ਫਾਸਫੋਰਸ ਤੱਤ ਫਸਲਾਂ ਦੇ ਝਾੜ 'ਚ ਵਾਧਾ ਕਰਨ 'ਚ ਸਹਾਈ ਹੁੰਦਾ ਹੈ। ਖੇਤੀ ਮਾਹਿਰਾਂ ਅਨੁਸਾਰ ਜਦੋਂ ਫਾਸਫੋਰਸ ਦੀ ਪੂਰਤੀ ਲਈ ਡੀ. ਏ. ਪੀ. ਜਾਂ ਸਿੰਗਲ ਸੁਪਰ ਫਾਸਫੇਟ ਵਰਗੀਆਂ ਰਸਾਇਣਕ ਖਾਦਾਂ ਪਾਈਆਂ ਜਾਂਦੀਆਂ ਹਨ ਤਾਂ ਰਸਾਇਣਕ ਖਾਦ ਦੇ ਰੂਪ 'ਚ ਪਾਈ ਗਈ ਫਾਸਫੋਰਸ ਦਾ ਕੁਝ ਹਿੱਸਾ ਹੀ ਫਸਲ ਨੂੰ ਮਿਲਦਾ ਹੈ ਜਦੋਂ ਕਿ ਬਾਕੀ ਦਾ ਵੱਡਾ ਹਿੱਸਾ ਅਘੁਲਣਸ਼ੀਲ ਰਹਿਣ ਕਾਰਣ ਜ਼ਮੀਨ ਵਿਚ ਹੀ ਪਿਆ ਰਹਿ ਜਾਂਦਾ ਹੈ। ਇਸ ਅਣਘੁਲੀ ਫਾਸਫੋਰਸ ਨੂੰ ਘੋਲ ਕੇ ਪੌਦਿਆਂ ਨੂੰ ਉਪਲਬਧ ਕਰਵਾਉਣ ਲਈ ਬੈਸੀਲਸ ਅਤੇ ਸੂਡੋਮੋਨਾਸ ਨਾਂ ਦੇ ਜੀਵਾਣੂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਪੀ. ਜੀ. ਪੀ. ਆਰ. ਜੀਵਾਣੂੰ, ਪੌਦੇ ਦੇ ਵਿਕਾਸ 'ਚ ਸਹਾਇਤਾ ਕਰਨ ਵਾਲੇ ਹੋਰਮੋਨ ਇੰਡੋਲ ਐਸਟਿਕ ਐਸਿਡ, ਜ਼ੀਬਰੈਲਿਕ ਐਸਿਡ ਆਦਿ ਬਣਾ ਕੇ ਫਸਲ ਦੇ ਝਾੜ ਵਿਚ ਵਾਧਾ ਕਰਦੇ ਹਨ।
ਕੰਸੋਰਸ਼ੀਅਮ ਜੀਵਾਣੂ ਖਾਦ
ਵੱਖ-ਵੱਖ ਲਾਭਦਾਇਕ ਜੀਵਾਣੂਆਂ ਨੂੰ ਮਿਲਾ ਕੇ ਬਣਾਈ ਗਈ ਜੀਵਾਣੂ ਖਾਦ ਨੂੰ ਕੰਸੋਰਸ਼ੀਅਮ ਜੀਵਾਣੂ ਖਾਦ ਦੇ ਨਾਂ ਨਾਲ ਜਾਣੀ ਜਾਂਦੀ ਹੈ, ਜਿਸ ਵਿਚ ਮੌਜੂਦ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਪੌਦੇ ਲਈ ਜਮ੍ਹਾ ਕਰ ਕੇ ਉਪਲਬਧ ਕਰਵਾਉਂਦੇ ਹਨ ਅਤੇ ਅਣਘੁਲੀ ਫਾਸਫੋਰਸ ਨੂੰ ਘੋਲ ਕੇ ਪੌਦਿਆਂ ਦਾ ਵਿਕਾਸ ਵਧਾਉਣ ਵਿਚ ਮਦਦ ਕਰਦੇ ਹਨ। ਇਸ ਖਾਦ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ, ਮੱਕੀ, ਗੰਨਾ, ਪਿਆਜ਼ ਅਤੇ ਆਲੂ ਦੀਆਂ ਫਸਲਾਂ ਲਈ ਇਸ ਖਾਦ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਪੂਰੇ ਲਾਭ ਲਈ ਵਰਤਣ ਦਾ ਸਹੀ ਢੰਗ
ਜੀਵਾਣੂ ਖਾਦਾਂ ਦਾ ਪੂਰਾ ਲਾਭ ਲੈਣ ਲਈ ਇਨ੍ਹਾਂ ਦੀ ਖਰੀਦ ਕਿਸੇ ਮਨਜ਼ੂਰ-ਸ਼ੁਦਾ ਅਦਾਰੇ ਤੋਂ ਹੀ ਕਰਨੀ ਚਾਹੀਦੀ ਹੈ, ਤਾਂ ਜੋ ਸਹੀ ਗੁਣਵੱਤਾ ਵਾਲੀ ਖਾਦ ਹੀ ਮਿਲ ਸਕੇ। ਉਨ੍ਹਾਂ ਖਾਦਾਂ ਦੀ ਵਰਤੋਂ ਦਾ ਸਹੀ ਢੰਗ ਪਤਾ ਹੋਣਾ ਵੀ ਬੇਹੱਦ ਜ਼ਰੂਰੀ ਹੈ। ਫਸਲ ਦੇ ਬੀਜ ਨੂੰ ਜੀਵਾਣੂ ਖਾਦ ਲਾ ਕੇ ਇਸ ਦਾ ਚੰਗਾ ਲਾਭ ਲਿਆ ਜਾ ਸਕਦਾ ਹੈ। ਇਸ ਮੰਤਲ ਲਈ ਜੀਵਾਣੂੰ ਖਾਦ ਦੇ ਪੈਕੇਟ ਨੂੰ ਅੱਧਾ ਲਿਟਰ ਪਾਣੀ ਵਿਚ ਚੰਗੀ ਤਰਾਂ ਮਿਲਾ ਕੇ ਤਿਆਰ ਕੀਤੇ ਘੋਲ ਨੂੰ ਕਣਕ ਦੇ ਇਕ ਏਕੜ ਬੀਜ ਨੂੰ ਲਾਇਆ ਜਾ ਸਕਦਾ ਹੈ। ਜਿਸ ਉਪਰੰਤ ਬੀਜ ਨੂੰ ਛਾਂ 'ਚ ਸੁਕਾ ਕੇ ਜਲਦੀ ਬੀਜ ਦੇਣਾ ਚਾਹੀਦਾ ਹੈ। ਗੰਨੇ, ਪਿਆਜ਼ ਅਤੇ ਆਲੂ ਦੇ ਖੇਤਾਂ 'ਚ ਜੀਵਾਣੂ ਖਾਦ ਨੂੰ ਦੇਸੀ ਰੂੜੀ ਵਿਚ ਮਿਲਾ ਕੇ ਖੇਤ ਵਿਚ ਖਿਲਾਰਿਆ ਜਾ ਸਕਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੀਵਾਣੂ ਖਾਦ ਵਾਲੇ ਲਿਫਾਫੇ ਨੂੰ ਜ਼ਿਆਦਾ ਗਰਮੀ, ਠੰਡੀ ਛਾਂ ਅਤੇ ਧੁੱਪ 'ਚ ਨਹੀਂ ਰੱਖਣਾ ਚਾਹੀਦਾ ਹੈ। ਇਸ ਦਾ ਲਿਫਾਫਾ ਉਦੋਂ ਹੀ ਖੋਲ੍ਹਣਾ ਚਾਹੀਦਾ ਹੈ ਜਦੋਂ ਇਸ ਦੀ ਵਰਤੋਂ ਕਰਨੀ ਹੋਵੇ ਅਤੇ ਇਨ੍ਹਾਂ ਦੀ ਵਰਤੋਂ ਮਿਆਦ ਪੁੱਗਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਖਾਦ ਪਾਉਣ ਤੋਂ ਬਾਅਦ ਫਸਲ ਦੀ ਬੀਜਾਈ ਜਲਦੀ ਕਰ ਦੇਣੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਜੀਵਾਣੂੰ ਖਾਦਾਂ ਨੂੰ ਬੀਜ ਸੋਧਣ ਲਈ ਵਰਤੀਆਂ ਜਾਣ ਵਾਲੀਆਂ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਵਾਈਆਂ ਨਾਲ ਲਾਉਣਾ ਹੋਵੇ ਤਾਂ ਪਹਿਲਾਂ ਕੀਟਨਾਸ਼ਕ ਦਵਾਈ ਲਾਉਣੀ ਚਾਹੀਦੀ ਹੈ ਜਿਸ ਦੇ ਬਾਅਦ ਉੱਲੀਨਾਸ਼ਕ ਲਾ ਕੇ ਅਖੀਰ ਵਿਚ ਜੀਵਾਣੂ ਖਾਦ ਲਾਉਣੀ ਚਾਹੀਦੀ ਹੈ।